ਬੁੱਧਵਾਰ ਨੂੰ ਉਮੀਦਵਾਰਾਂ ਦੀ ਕਿਸਮਤ ਹੋਵੇਗੀ ਡੱਬਿਆ ''ਚ ਬੰਦ

09/18/2018 11:43:43 AM

ਜਲਾਲਾਬਾਦ, (ਸੇਤੀਆ)—ਜਲਾਲਾਬਾਦ ਅੰਦਰ ਭਾਵੇਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਦੇ ਦਿਨਾਂ ਵਿੱਚ ਅੱਡੀ-ਚੋਟੀ ਦਾ ਜੋਰ ਲਗਾ ਕੇ ਆਮ ਲੋਕਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਲਈ ਜੇਕਰ ਸਭ ਤੋਂ ਵੱਡੀ ਸਮੱਸਿਆ ਹੈ ਤਾਂ ਉਹ ਉਨ੍ਹਾਂ ਦੀ ਆਪਸੀ ਗੁੱਟਬਾਜੀ ਹੀ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਇਸ ਗੱਲ ਦਾ ਭਰੋਸਾ ਹੀ ਨਹੀਂ ਹੈ ਕਿ ਦੂਜਾ ਲੀਡਰ ਉਸ ਦੀ ਦਿਲੋਂ ਮਦਦ ਕਰੇਗਾ ਵੀ ਜਾਂ ਨਹੀਂ। ਫਿਲਹਾਲ ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰ ਵੀ ਚੋਣ ਮੈਦਾਨ 'ਚ ਹਨ ਅਤੇ ਉਹ ਪਿਛਲੇ 10 ਸਾਲਾਂ ਦੌਰਾਨ ਪਾਰਟੀ ਪ੍ਰਧਾਨ ਅਤੇ ਹਲਕਾ ਵਿਧਾਇਕ ਸੁਖਬੀਰ ਸਿੰਘ ਬਾਦਲ ਦੀ ਅਗੁਵਾਈ ਹੇਠ ਹੋਏ ਵਿਕਾਸ ਕਾਰਜਾਂ ਦੀ ਦੁਹਾਈ ਦੇ ਕੇ ਆਮ ਲੋਕਾਂ ਨੂੰ ਅਕਾਲੀ ਦਲ ਦੇ ਹੱਕ 'ਚ ਫਤਵਾ ਦੇਣ ਦੀ ਅਪੀਲ ਕਰ ਰਹੇ ਹਨ। ਪਰ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ 19 ਸਤੰਬਰ ਨੂੰ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਪੈਣ ਜਾ ਰਹੀਆਂ ਹਨ ਅਤੇ ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਸੂਬਾ ਸਪੋਕਸਮੈਨ ਰਾਜ ਬਖਸ਼ ਕੰਬੋਜ ਦੀ ਧਰਮਪਤਨੀ ਅਨੂਰਾਧਾ ਅਤੇ ਦੂਜੇ ਪਾਸੇ ਸਾਬਕਾ ਚੇਅਰਮੈਨ ਦਵਿੰਦਰ ਸਿੰਘ ਬੱਬਲ ਦੀ ਨੂੰਹ ਜੋ ਕਿ ਜ਼ਿਲਾ ਪ੍ਰੀਸ਼ਦ ਦੀ ਚੇਅਰਪਰਸਨ ਰਹੀ ਹੈ ਦੇ ਵਿਚਾਲੇ ਕਾਂਟੇ ਦੀ ਟੱਕਰ ਮੰਨੀ ਜਾ ਰਹੀ ਹੈ। ਇਹ ਹੀ ਨਹੀਂ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਦਾ ਪੁੱਤਰ ਹਰਪ੍ਰੀਤ ਸਿੰਘ ਰੋਜੀ ਬਲਾਕ ਸੰਮਤੀ ਚੋਣਾਂ ਲਈ ਚੋਣ ਮੈਦਾਨ 'ਚ ਹੈ ਅਤੇ ਦੂਜੇ ਪਾਸੇ ਅਕਾਲੀ ਦਲ ਵਲੋਂ ਪਿੰਡ ਚੱਕ ਸੋਤਰੀਆਂ ਤੋਂ ਹੀ ਪ੍ਰਵੀਨ ਕੁਮਾਰ ਜੋ ਕਿ ਕੰਬੋਜ ਬਿਰਾਦਰੀ ਨਾਲ ਹੀ ਸਬੰਧਤ ਹੈ ਕਾਂਟੇ ਦੀ ਟੱਕਰ ਦੇ ਰਿਹਾ ਹੈ। ਜਲਾਲਾਬਾਦ ਦੇ ਹਲਕਾ ਵਾਸੀਆਂ ਦੀਆਂ ਨਜ਼ਰਾਂ ਇਨ੍ਹਾਂ ਤਿੰਨ ਦਿੱਗਜ ਨੇਤਾਵਾਂ ਦੇ ਚੋਣ ਨਤੀਜਿਆਂ ਤੇ ਟਿਕੀਆਂ ਹਨ। 

ਵਰਤਮਾਨ ਸਮੇਂ ਅੰਦਰ ਕਾਂਗਰਸੀ ਨੇਤਾਵਾਂ ਲਈ ਵੱਡੀ ਲੜਾਈ ਖੁੱਦ ਨੂੰ ਸਾਬਿਤ ਕਰਨ ਦੀ ਹੈ ਅਤੇ ਸਟੇਜਾਂ ਤੇ ਵੀ ਕੁੱਝ ਕਾਂਗਰਸ ਦੇ ਹੀ ਗੁੱਟ ਇੱਕ ਦੂਜੇ ਤੇ ਸ਼ਰੇਆਮ ਦੋਸ਼ ਲਗਾ ਰਹੇ ਹਨ ਅਤੇ ਇਹ ਕਹਿ ਰਹੇ ਹਨ ਕਿ ਕੁੱਝ ਲੋਕ ਟਿਕਟਾਂ ਮਿਲਣ ਤੇ ਕਾਂਗਰਸੀ ਹੋ ਜਾਂਦੇ ਹਨ ਅਤੇ ਨਾ ਮਿਲਣ ਦੀ ਸੂਰਤ ਵਿੱਚ ਆਜਾਦ ਖੜ ਜਾਂਦੇ ਹਨ। ਅਜਿਹੇ ਲੋਕਾਂ ਨੂੰ ਪਾਰਟੀ ਦਾ ਵਫਾਦਾਰ ਨਹੀਂ ਕਿਹਾ ਜਾ ਸਕਦਾ ਹੈ ਅਤੇ ਇਹ ਪਾਰਟੀ ਨਾਲ ਗੱਦਾਰੀ ਕਰ ਰਹੇ ਹਨ। ਹਾਲਾਂਕਿ ਜਿਸ ਵਿਅਕਤੀ ਤੇ ਦੋਸ਼ ਲਗਾਏ ਜਾ ਰਹੇ ਹਨ ਉਸ ਦੇ ਖਿਲਾਫ ਦੂਜੇ ਕਾਂਗਰਸ ਦੇ ਸਮੁੱਚੇ ਗੁੱਟ ਇੱਕਜੁੱਟ ਹੋ ਰਹੇ ਹਨ ਅਤੇ ਪਾਰਟੀ ਹਾਈਕਮਾਨ ਤੱਕ ਪੂਰੀ ਰਿਪੋਰਟ ਵੀ ਭੇਜ ਰਹੇ ਹਨ ਕਿਉਂਕਿ ਇਸ ਵਾਰ ਵੀ ਉਸ ਨੇ ਆਪਣੇ ਚਹੇਤਿਆਂ ਨੂੰ ਟਿਕਟ ਨਾ ਮਿਲਣ ਦੀ ਸੂਰਤ ਵਿੱਚ ਆਜਾਦ ਉਮੀਦਵਾਰ ਦੀ ਪਿੱਠ ਥਪਥਪਾ ਦਿੱਤੀ ਹੈ।

ਉਧਰ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਦੀ ਅਗੁਵਾਈ ਹੇਠ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਇੱਕਜੁੱਟ ਹੋ ਕੇ ਚੋਣ ਪ੍ਰਚਾਰ ਕੀਤਾ ਅਤੇ ਸਰਕਾਰ ਨਾ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਬੀਤੇ ਸਮੇਂ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਦੇ ਨਾਅ ਤੇ ਲੋਕਾਂ ਨੂੰ ਸੁਖਬੀਰ ਸਿੰਘ ਬਾਦਲ ਦੇ ਹੱਥ ਮਜਬੂਤ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ।  


Related News