ਜ਼ਿਲਾ ਪ੍ਰਸ਼ਾਸਨ ਵਲੋਂ ਲੱਗੀਆਂ ਪਾਬੰਦੀਆਂ ਦੀ ਲੋਕਾਂ ਨੂੰ ਨਹੀਂ ਪ੍ਰਵਾਹ

09/18/2018 11:39:54 AM

ਬਠਿੰਡਾ (ਅਬਲੂ)— ਜ਼ਿਲੇ ਅੰਦਰ ਧਾਰਾ 144 ਦੇ ਤਹਿਤ ਜ਼ਿਲਾ ਪ੍ਰਸ਼ਾਸਨ ਵੱਲੋਂ ਲਾਈ ਗਈ ਮਿਲਟਰੀ ਰੰਗ ਦੀ ਵਰਤੋਂ 'ਤੇ ਲੱਗੀ ਪਾਬੰਦੀ ਦੇ ਬਾਵਜੂਦ ਵੀ ਲੋਕਾਂ ਨੂੰ ਕੋਈ ਪ੍ਰਵਾਹ ਨਹੀਂ ਹੈ ਅਤੇ ਇਸ ਰੰਗ ਦੀ ਸ਼ਰੇਆਮ ਵਰਤੋਂ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਬਠਿੰਡਾ ਦੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਵੱਲੋਂ ਧਾਰਾ 144 ਦੇ ਤਹਿਤ ਕਈ ਕਿਸਮ ਦੀਆਂ ਪਾਬੰਦੀਆਂ ਲਾਈਆਂ ਗਈਆਂ, ਜਿਨ੍ਹਾਂ ਵਿਚ ਹੁੱਕਾ ਅਤੇ ਤੰਬਾਕੂ, ਹਾਨੀਕਾਰਕ ਕੈਮੀਕਲ, ਜੇਲ ਵਿਚ ਮੋਬਾਇਲ, ਸਾਈਬਰ ਕੈਫੇ ਅਤੇ ਪੀ. ਸੀ. ਓ. ਦੇ ਪ੍ਰਯੋਗ ਕਰਨ ਅਤੇ ਹਵਾਈ ਅੱਡੇ ਦੇ 2 ਕਿਲੋਮੀਟਰ ਦੇ ਘੇਰੇ ਵਿਚ ਲਾਲਟੇਨ, ਪਤੰਗ ਅਤੇ ਮਿਲਟਰੀ ਰੰਗ ਦੀ ਵਰਦੀ ਪਹਿਨਣ ਅਤੇ ਆਮ ਵ੍ਹੀਕਲ ਨੂੰ ਮਿਲਟਰੀ ਰੰਗ ਕਰਨ 'ਤੇ ਪਾਬੰਦੀ ਲਾਈ ਗਈ ਹੈ ਪਰ ਦੇਖਣ ਵਿਚ ਆਇਆ ਹੈ ਕਿ ਕਈ ਲੋਕਾਂ ਵੱਲੋਂ ਇਸ ਪਾਬੰਦੀ ਦੀ ਪ੍ਰਵਾਹ ਨਹੀਂ ਕੀਤੀ ਜਾ ਰਹੀ ਹੈ ਅਤੇ ਆਮ ਦੁਕਾਨਾਂ 'ਤੇ ਇਸ ਰੰਗ ਦੇ ਕੱਪੜੇ ਅਤੇ ਉਹ ਵੀ ਬਿਲਕੁਲ ਜੋ ਮਿਲਟਰੀ ਵੱਲੋਂ ਵਰਤੇ ਜਾਂਦੇ ਹਨ ਦੀ ਸੇਲ ਕੀਤੀ ਜਾ ਰਹੀ ਹੈ ਅਤੇ ਇਸ ਰੰਗ ਦੀਆਂ ਗੱਡੀਆਂ ਵੀ ਸੜਕਾਂ ਤੇ ਚਲਾਈਆਂ ਜਾ ਰਹੀਆਂ ਹਨ।

ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਵਧੀਕ ਡਿਪਟੀ ਕਮਿਸ਼ਨਰ—
ਇਸ ਸਬੰਧ ਵਿਚ ਜਦੋਂ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਸੁਖਪ੍ਰੀਤ ਸਿੰਘ ਸਿੱਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨਾ ਪਬਲਿਕ ਦਾ ਫਰਜ਼ ਬਣਦਾ ਹੈ ਅਗਰ ਕੋਈ ਕਾਨੂੰਨ ਤੋੜਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ, ਕੋਈ ਸਿਫਾਰਸ਼ ਨਹੀਂ ਮੰਨੀ ਜਾਵੇਗੀ।


Related News