ਰੈਗੂਲਰ ਨਾ ਕਰਨ ਦੇ ਰੋਸ ''ਚ ਮੰਤਰੀਆਂ ਤੇ ਵਿਧਾਇਕਾਂ ਦੇ ਘਰ ਅੱਗੇ ਭੁੱਖ ਹੜਤਾਲ ਕਰਨਗੇ ਅਧਿਆਪਕ

09/18/2018 11:22:19 AM

ਭਵਾਨੀਗੜ੍ਹ, (ਸੋਢੀ, ਸੰਜੀਵ)— 10 ਮਹੀਨਿਆਂ ਤੋਂ ਰੈਗੂਲਰ ਹੋਣ ਦੀ ਉਡੀਕ ਅਤੇ ਬਿਨਾਂ ਤਨਖ਼ਾਹ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਕੰਮ ਕਰ ਰਹੇ 5178 ਅਧਿਆਪਕ 23 ਸਤੰਬਰ ਨੂੰ ਪੂਰੇ ਪੰਜਾਬ ਦੇ ਕਾਂਗਰਸ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦੇ ਅੱਗੇ ਭੁੱਖ ਹੜਤਾਲ ਕਰਨਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਮਜੀਤ ਸਿੰਘ ਨਦਾਮਪੁਰ ਜ਼ਿਲਾ ਪ੍ਰਧਾਨ ਨੇ ਦੱਸਿਆ ਕਿ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ 5178 ਅਧਿਆਪਕ ਪੰਜਾਬ ਸਰਕਾਰ ਵੱਲੋਂ 2011 ਵਿਚ ਲਿਆ ਪਹਿਲਾ ਟੀ. ਈ. ਟੀ. ਦਾ ਟੈਸਟ ਪਾਸ ਕਰਨ ਉਪਰੰਤ ਸਿੱਖਿਆ ਵਿਭਾਗ ਦੀਆਂ ਮਨਜ਼ੂਰਸ਼ੁਦਾ ਪੋਸਟਾਂ 'ਤੇ ਨਵੰਬਰ 2014 ਤੋਂ ਤਿੰਨ ਸਾਲ ਦੀ ਠੇਕੇ ਦੀ ਸ਼ਰਤ ਉੱਤੇ 6000 ਰੁਪਏ ਮਹੀਨਾ ਤਨਖਾਹ 'ਤੇ ਭਰਤੀ ਕੀਤੇ ਗਏ ਸਨ। ਨਿਯੁਕਤੀ ਪੱਤਰ ਦੀਆਂ ਸ਼ਰਤਾਂ ਮੁਤਾਬਕ ਇਨ੍ਹਾਂ ਅਧਿਆਪਕਾਂ ਨੂੰ ਨਵੰਬਰ 2017 ਵਿਚ ਪੂਰੀ ਤਨਖਾਹ 'ਤੇ ਰੈਗੂਲਰ ਕੀਤਾ ਜਾਣਾ ਬਣਦਾ ਸੀ। ਅਕਤੂਬਰ 2017 ਵਿਚ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ.) ਪੰਜਾਬ ਨੇ ਪੱਤਰ ਜਾਰੀ ਕਰ ਕੇ ਰੈਗੂਲਰ ਕਰਨ ਲਈ ਕੇਸ ਮੰਗੇ ਸਨ, ਜਿਨ੍ਹਾਂ ਨੂੰ ਜ਼ਿਲਾ ਸਿੱਖਿਆ ਅਫਸਰਾਂ ਰਾਹੀਂ ਸਿੱਖਿਆ ਵਿਭਾਗ ਮੋਹਾਲੀ ਵਿਖੇ ਸਮੇਂ ਸਿਰ ਪੁੱਜਦਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪਰ ਹੁਣ 3 ਸਾਲ ਤੋਂ 10 ਮਹੀਨੇ ਜ਼ਿਆਦਾ ਲੰਘ ਜਾਣ ਦੇ ਬਾਵਜੂਦ ਅਜੇ ਤੱਕ ਇਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਇੱਥੇ ਹੀ ਬਸ ਨਹੀਂ, ਉਸ ਤੋਂ ਬਾਅਦ ਵਿੱਤ ਵਿਭਾਗ ਵੱਲੋਂ ਪੱਤਰ ਜਾਰੀ ਕਰ ਕੇ ਦਿੱਤੀ ਜਾ ਰਹੀਂ ਨਾਮਾਤਰ 6000 ਰੁਪਏ ਤਨਖਾਹ ਵੀ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀ ਗਈ ਹੈ।

ਜਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਕਿ ਸਮੂਹ 5178 ਅਧਿਆਪਕਾਂ (ਸਮੇਤ ਵੇਟਿੰਗ ਲਿਸਟ, ਆਰਟ/ਕਰਾਫਟ ਅਤੇ ਡੀ. ਪੀ. ਈ.) ਨੂੰ ਤੁਰੰਤ ਇਕ ਮਿਤੀ ਤੋਂ ਸਾਰੇ ਵਿੱਤੀ ਲਾਭ ਦਿੰਦਿਆਂ ਪੂਰੇ ਤਨਖਾਹ ਸਕੇਲ 'ਤੇ ਰੈਗੂਲਰ ਕੀਤਾ ਜਾਵੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ 5178 ਅਧਿਆਪਕਾਂ ਦੀ ਮੰਗ ਨੂੰ ਨਹੀਂ ਮੰਨਿਆ ਜਾਂਦਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।


Related News