ਭਾਰਤ ਸਰਕਾਰ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਪਾਕਿਸਤਾਨ ਨਾਲ ਗੱਲ ਕਰੇ : ਬਾਜਵਾ

09/18/2018 10:55:52 AM

ਚੰਡੀਗਡ਼੍ਹ, (ਭੁੱਲਰ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵਲੋਂ ਪਾਕਿਸਤਾਨ ਵੱਲ ਜਾਂਦੇ ਕਰਤਾਰਪੁਰ ਸਾਹਿਬ ਦੇ ਰਸਤੇ ਨੂੰ ਖੋਲ੍ਹਣ ਲਈ ਕੀਤੇ ਜਾ ਰਹੇ ਯਤਨਾਂ ’ਚ ਸ਼ਾਮਲ ਹੁੰਦਿਆਂ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਇਸ ਪੱਤਰ ਰਾਹੀਂ ਪ੍ਰਧਾਨ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ 2011 ’ਚ ਲੋਕ ਸਭਾ ’ਚ ਉਠਾ ਚੁੱਕੇ ਹਨ। ਬਾਜਵਾ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ’ਚ ਕਿਹਾ ਹੈ ਕਿ ਇਸ ਮਾਮਲੇ ਨਾਲ ਪੂਰੀ ਦੁਨੀਆ ਦੇ ਸਿੱਖਾਂ ਦੀਆਂ ਭਾਵਨਾਵਾਂ ਜੁਡ਼ੀਆਂ ਹੋਈਆਂ ਹਨ ਤੇ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ 550ਵੀਂ ਵਰ੍ਹੇਗੰਢ ਦੇ ਸਮਾਗਮ ਵੀ ਆਉਣ ਵਾਲੇ ਸਮੇਂ ਵਿਚ ਹੋਣੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਕੋਰੀਡੋਰ ਸਥਾਪਿਤ ਕਰਨਾ ਜ਼ਰੂਰੀ ਹੈ।

 
ਉਨ੍ਹਾਂ ਕਿਹਾ ਕਿ ਪਾਕਿਸਤਾਨ ਵਾਲੇ ਪਾਸੇ ਸੀਮਾ ਤੋਂ ਕੁੱਝ ਹੀ ਕਿਲੋਮੀਟਰ ਦੀ ਦੂਰੀ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਸਾਹਿਬ ਸਥਿਤ ਹੈ, ਜਿਥੇ ਹਰ ਸਾਲ ਸ਼ਰਧਾਲੂ ਜਾਂਦੇ ਹਨ ਪਰ ਵੀਜ਼ਾ ਸਿਸਟਮ ਕਾਰਨ ਬਹੁਤ ਹੀ ਘੱਟ ਗਿਣਤੀ ਵਿਚ ਸ਼ਰਧਾਲੂ ਗੁਰਦੁਆਰਾ ਸਾਹਿਬ ਤੱਕ ਪਹੁੰਚ ਪਾਉਂਦੇ ਹਨ।  ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਦਾ ਹੈ ਤਾਂ ਇਹ ਇਕ ਇਤਿਹਾਸਕ ਕਦਮ ਹੋਵੇਗਾ ਤੇ ਦੋਵਾਂ ਦੇਸ਼ਾਂ ਵਿਚ ਸਬੰਧਾਂ ’ਚ ਸੁਧਾਰ ਲਈ ਵੀ ਸਹਾਈ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਬਿਨਾਂ ਦੇਰੀ ਭਾਰਤ ਸਰਕਾਰ ਵਲੋਂ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ ਕਿਉਂਕਿ ਪਾਕਿਸਤਾਨ ਵਲੋਂ ਲਾਂਘਾ ਖੋਲ੍ਹਣ ਦੀ ਪੇਸ਼ਕਸ਼ ਹੋ ਚੁੱਕੀ ਹੈ ਪਰ ਇਸ ਮਾਮਲੇ ਵਿਚ ਦੋਵਾਂ ਦੇਸ਼ਾਂ ਵਿਚਕਾਰ ਪ੍ਰਧਾਨ ਮੰਤਰੀ ਪੱਧਰ ’ਤੇ ਗੱਲਬਾਤ ਰਾਹੀਂ ਹੀ ਫੈਸਲਾ ਹੋ ਸਕਦਾ ਹੈ।


Related News