ਸਨੌਰ ''ਚ ਡਾਇਰੀਆ ਦਾ ਕਹਿਰ ਜਾਰੀ, ਬੱਚੇ ਵੀ ਲਪੇਟ ''ਚ

09/18/2018 10:09:27 AM

ਪਟਿਆਲਾ/ਸਨੌਰ(ਜੋਸਨ)— ਸਨੌਰ ਵਿਚ ਡਾਇਰੀਆ ਦਾ ਕਹਿਰ ਜਾਰੀ ਹੈ। ਦਿਨ-ਬ-ਦਿਨ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇਸ ਨੇ ਹੁਣ ਬੱਚਿਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਗਰਿੱਡ ਕਾਲੋਨੀ ਤੋਂ ਫੈਲਦਾ ਹੋਇਆ ਡਾਇਰੀਆ ਹੁਣ ਵਾਰਡ 1 ਅਤੇ 15 ਵਿਚ ਵੀ ਫੈਲ ਗਿਆ ਹੈ। ਇਨ੍ਹਾਂ ਵਾਰਡਾਂ ਵਿਚ ਵੀ ਦਸਤ ਅਤੇ ਉਲਟੀਆਂ ਲੱਗਣ ਕਰ ਕੇ ਕਈ ਮਰੀਜ਼ਾਂ ਨੂੰ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਇੱਥੋਂ ਦੇ ਪ੍ਰਾਈਵੇਟ ਨਰਸਿੰਗ ਹੋਮਜ਼ ਵਿਚ ਵੀ ਕਈ ਮਰੀਜ਼ਾਂ ਦਾ ਦਸਤ ਅਤੇ ਉਲਟੀਆਂ ਲੱਗਣ ਕਰ ਕੇ ਆਉਣਾ-ਜਾਣਾ ਲੱਗਾ ਹੋਇਆ ਹੈ। ਕਈ ਮਰੀਜ਼ਾਂ ਨੂੰ ਤਾਂ ਠੀਕ ਹੋਣ ਤੋਂ ਬਾਅਦ ਫਿਰ ਬੀਮਾਰ ਹੋਣ ਕਰ ਕੇ ਹਸਪਤਾਲ ਵਿਚ ਦਾਖਲ ਹੋਣਾ ਪਿਆ।

PunjabKesari

ਉਧਰੋਂ ਸੋਮਵਾਰ ਨੂੰ ਸਿਵਲ ਸਰਜਨ ਪਟਿਆਲਾ ਡਾ. ਮਨਜੀਤ ਸਿੰਘ ਦੇ ਹੁਕਮਾਂ 'ਤੇ ਸੀਨੀਅਰ ਮੈਡੀਕਲ ਅਫਸਰ ਪੀ. ਆਰ. ਸੀ. ਦੂਧਨਸਾਧਾਂ ਭੁਪਿੰਦਰ ਕੌਰ ਦੀ ਅਗਵਾਈ ਹੇਠ ਡਾ. ਸੁਮੀਤ ਸਿੰਘ, ਡਾ. ਨਵਦੀਪ ਕੌਰ ਮੈਡੀਕਲ ਅਫਸਰ ਇੰਚਾਰਜ ਸਨੌਰ, ਕ੍ਰਿਸ਼ਨ ਕੁਮਾਰ ਜ਼ਿਲਾ ਸੂਚਨਾ ਅਧਿਕਾਰੀ, ਸੁਭਾਸ਼ ਚੰਦ ਹੈਲਥ ਸੁਪਰਵਾਈਜ਼ਰ, ਕੁਲਵੰਤ ਸਿੰਘ ਹੈਲਥ ਸੁਪਰਵਾਈਜ਼ਰ, ਇਕਬਾਲ ਸਿੰਘ ਹੈਲਥ ਸੁਪਰਵਾਈਜ਼ਰ, ਮਨਦੀਪ ਕੌਰ ਏ. ਐੈੱਨ. ਐੈੱਮ., ਅਮਨਦੀਪ ਕੌਰ ਤੇ ਜਗਦੀਸ਼ ਸਿੰਘ ਤੋਂ ਇਲਾਵਾ ਆਸ਼ਾ ਵਰਕਰਾਂ ਦੀ ਟੀਮ ਮਰੀਜ਼ਾਂ ਦਾ ਚੈੱਕਅਪ ਕਰਨ ਲਈ ਸਨੌਰ ਪਹੁੰਚੀ। ਉਨ੍ਹਾਂ ਨੇ ਘਰ-ਘਰ ਜਾ ਕੇ ਦਸਤ ਅਤੇ ਉਲਟੀਆਂ ਨਾਲ ਪੀੜਤ ਮਰੀਜ਼ਾਂ ਨੂੰ ਵੇਖਿਆ। ਮੌਕੇ 'ਤੇ ਹੀ ਓ. ਆਰ. ਐੈੱਸ. ਦੇ ਘੋਲ ਅਤੇ ਦਵਾਈਆਂ ਵੰਡੀਆਂ। ਲੋਕਾਂ ਦੇ ਘਰਾਂ 'ਚ ਜਾ ਕੇ ਪਾਣੀ ਦੇ ਸੈਂਪਲ ਭਰੇ ਗਏ। ਡਾ. ਸੁਮਿਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਸਨੌਰ ਦੀ ਗਰਿੱਡ ਕਾਲੋਨੀ ਅਤੇ ਇਸ ਨਾਲ ਲਗਦੀਆਂ ਕਾਲੋਨੀਆਂ ਵਿਚ ਦਸਤ ਅਤੇ ਉਲਟੀਆਂ ਤੋਂ ਪੀੜਤ 20 ਤੋਂ ਵੱਧ ਮਰੀਜ਼ਾਂ ਦੇ ਬੀਮਾਰ ਹੋਣ ਦੀ ਰਿਪੋਰਟ ਮਿਲੀ ਸੀ। ਉਨ੍ਹਾਂ ਘਰਾਂ ਵਿਚ ਜਾ ਕੇ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਜ਼ਿਆਦਾ ਮਰੀਜ਼ ਸਨੌਰ ਦੀ ਵਾਟਰ ਸਪਲਾਈ ਤੋਂ ਮਿਲ ਰਹੇ ਰਹੇ ਹਨ। ਲੋਕਾਂ ਦੇ ਘਰਾਂ ਵਿਚ ਸਰਕਾਰੀ ਪਾਣੀ ਦੀਆਂ ਟੂਟੀਆਂ ਲੱਗੀਆਂ ਹੋਈਆਂ ਹਨ। ਜਿਨ੍ਹਾਂ ਘਰਾਂ ਵਿਚ ਮਰੀਜ਼ ਮਿਲੇ ਹਨ, ਉਨ੍ਹਾਂ ਦੇ ਪਾਣੀ ਦਾ ਸੈਂਪਲ ਲੈ ਲਿਆ ਗਿਆ ਹੈ। ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਮੌਕੇ 'ਤੇ ਹੀ ਦਵਾਈਆਂ ਦਿੱਤੀਆਂ ਗਈਆਂ। ਜਿਹੜੇ ਘਰਾਂ ਵਿਚ ਸਬਮਰਸੀਬਲ ਪੰਪ ਲੱਗੇ ਹੋਏ ਹਨ, ਉਥੇ ਕੋਈ ਸਮੱਸਿਆ ਨਹੀਂ ਹੈ।

ਸਰਕਾਰੀ ਡਿਸਪੈਂਸਰੀ 'ਚ ਲਾਇਆ ਮੈਡੀਕਲ ਕੈਂਪ—
ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਮਰੀਜ਼ਾਂ ਲਈ ਸਰਕਾਰੀ ਡਿਸਪੈਂਸਰੀ ਸਨੌਰ ਵਿਖੇ ਮੈਡੀਕਲ ਕੈਂਪ ਲਾਇਆ ਹੈ। ਜੇਕਰ ਕੋਈ ਦਸਤ ਅਤੇ ਉਲਟੀਆਂ ਦੀ ਸ਼ਿਕਾਇਤ ਹੈ, ਉਹ ਬਾਹਰ ਕਿਸੇ ਡਾਕਟਰ ਤੋਂ ਦਵਾਈ ਲੈਣ ਦੀ ਬਜਾਏ ਸਰਕਾਰੀ ਹਸਪਤਾਲ ਵਿਚ ਲੱਗੇ ਕੈਂਪ ਵਿਚ ਆਪਣਾ ਚੈੱਕਅਪ ਕਰਵਾਉਣ। ਸਾਰੇ ਡਾਕਟਰ ਉਥੇ ਹਰ ਸਮੇਂ ਮੌਜੂਦ ਰਹਿਣਗੇ।


Related News