ਬੰਗਲਾਦੇਸ਼ੀ ਤੇ ਅਫਗਾਨੀ ਸ਼ਰਨਾਰਥੀਆਂ ਨੂੰ ਮਿਲੇਗੀ ਪਾਕਿ ਦੀ ਨਾਗਰਿਕਤਾ : ਇਮਰਾਨ ਖਾਨ

09/18/2018 10:08:36 AM

ਇਸਲਾਮਾਬਾਦ (ਬਿਊਰੋ)— ਇਮਰਾਨ ਖਾਨ ਨੇ ਐਲਾਨ ਕੀਤਾ ਹੈ ਕਿ ਸਰਕਾਰ ਪਾਕਿਸਤਾਨ ਵਿਚ ਪੈਦਾ ਹੋਣ ਵਾਲੇ ਅਫਗਾਨੀ ਅਤੇ ਬੰਗਲਾਦੇਸ਼ੀ ਮੂਲ ਦੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਵੇਗੀ। ਇਹ ਗੱਲ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ (16 ਸਤੰਬਰ) ਨੂੰ ਆਪਣੇ ਕਰਾਚੀ ਦੌਰੇ ਦੌਰਾਨ ਕਹੀ। ਇਸ ਦੌਰਾਨ ਇਮਰਾਨ ਖਾਨ ਨੇ ਸਿੰਧ ਸੂਬੇ ਦੇ ਸ਼ਹਿਰਾਂ ਵਿਚ ਵਧਦੇ ਅਪਰਾਧਾਂ 'ਤੇ ਵੀ ਚਿੰਤਾ ਜ਼ਾਹਰ ਕੀਤੀ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਇਮਰਾਨ ਖਾਨ ਐਤਵਾਰ ਨੂੰ ਆਪਣੀ ਪਹਿਲੀ ਅਧਿਕਾਰਕ ਯਾਤਰਾ 'ਤੇ ਸਿੰਧ ਦੀ ਰਾਜਧਾਨੀ ਕਰਾਚੀ ਪਹੁੰਚੇ ਸਨ। ਇੱਥੇ ਉਨ੍ਹਾਂ ਦਾ ਸਵਾਗਤ ਸਿੰਧ ਸੂਬੇ ਦੇ ਗਵਰਨਰ ਅਤੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਹਵਾਈ ਅੱਡੇ 'ਤੇ ਕੀਤਾ। 

ਸਭ ਤੋਂ ਪਹਿਲਾਂ ਇਮਰਾਨ ਖਾਨ ਮੁਹੰਮਦ ਅਲੀ ਜਿਨਾਹ ਦੇ ਮਕਬਰੇ 'ਤੇ ਗਏ। ਉੱਥੇ ਉਨ੍ਹਾਂ ਨੇ ਇਕ ਪੌਦਾ ਵੀ ਲਗਾਇਆ। ਇਸ ਮਗਰੋਂ ਸਟੇਟ ਗੈਸਟ ਹਾਊਸ ਵਿਚ ਇਮਰਾਨ ਖਾਨ ਨੂੰ ਮਿਲਣ ਲਈ ਰਾਸ਼ਟਰਪਤੀ ਆਰਿਫ ਅਲਵੀ ਵੀ ਪਹੁੰਚੇ। ਇਮਰਾਨ ਖਾਨ ਨੇ ਕਿਹਾ,''ਕੋਈ ਵੀ ਸਮਾਜਿਕ ਸੁਰੱਖਿਆ ਸਿਸਟਮ ਨਹੀਂ ਹੈ ਅਤੇ ਸੈਂਕੜੇ ਹਜ਼ਾਰਾਂ ਗੈਰ ਸੂਚੀਬੱਧ ਅਫਗਾਨੀ ਅਤੇ ਬੰਗਲਾਦੇਸ਼ੀ ਸ਼ਰਨਾਰਥੀ ਸ਼ਹਿਰਾਂ ਵਿਚ ਰਹਿ ਰਹੇ ਹਨ। ਉਨ੍ਹਾਂ ਕੋਲ ਨਾ ਤਾਂ ਆਈ.ਡੀ. ਕਾਰਡ ਹੈ ਅਤੇ ਨਾ ਹੀ ਪਾਸਪੋਰਟ। ਇਸ ਲਈ ਲੋਕ ਉਨ੍ਹਾਂ ਨੂੰ ਨੌਕਰੀ ਦੇਣਾ ਪਸੰਦ ਨਹੀਂ ਕਰਦੇ। ਇਮਰਾਨ ਖਾਨ ਨੇ ਕਿਹਾ ਕਿ ਬੇਰੁਜ਼ਗਾਰੀ ਕਾਰਨ ਹੀ ਅਪਰਾਧਾਂ ਵਿਚ ਵਾਧਾ ਹੁੰਦਾ ਹੈ। ਜੋ ਅਫਗਾਨੀ ਅਤੇ ਬੰਗਲਾਦੇਸ਼ੀ ਸ਼ਰਨਾਰਥੀ ਇੱਥੇ ਪੈਦਾ ਹੋਏ ਹਨ ਅਸੀਂ ਉਨ੍ਹਾਂ ਨੂੰ ਕੌਮੀ ਪਛਾਣ ਪੱਤਰ ਅਤੇ ਪਾਸਪੋਰਟ ਦੇਵਾਂਗੇ। 

ਇਸ ਮਗਰੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਿੰਧ ਸੂਬੇ ਵਿਚ ਕਾਨੂੰਨ ਅਤੇ ਵਿਵਸਥਾ ਦੀ ਵਿਗੜਦੀ ਸਥਿਤੀ 'ਤੇ ਗਵਰਨਰ ਹਾਊਸ ਵਿਚ ਇਕ ਬੈਠਕ ਦਾ ਆਯੋਜਨ ਕੀਤਾ। ਇਸ ਬੈਠਕ ਵਿਚ ਸਿੰਧ ਪੁਲਸ, ਰੈਂਜਰਸ ਅਤੇ ਖੁਫੀਆ ਏਜੰਸੀਆਂ ਦੇ ਪ੍ਰਤੀਨਿਧੀ ਹਾਜ਼ਰ ਸਨ। ਉਨ੍ਹਾਂ ਨੇ ਪੀ.ਐੱਮ. ਇਮਰਾਨ ਖਾਨ ਨੂੰ ਕਰਾਚੀ ਸ਼ਹਿਰ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਸ 'ਤੇ ਇਮਰਾਨ ਖਾਨ ਨੂੰ ਸੂਬਾ ਪੁਲਸ ਨੂੰ ਹਾਲਾਤ ਸੁਧਾਰਨ ਲਈ ਸਿਰਫ 2 ਮਹੀਨੇ ਦਾ ਸਮਾਂ ਦਿੱਤਾ। ਉਨ੍ਹਾਂ ਨੇ ਕਿਹਾ,''ਇਸ ਮਗਰੋਂ ਕੇਂਦਰ ਸਥਿਤੀ ਵਿਚ ਖੁਦ ਦਖਲ ਦੇਣ ਲਈ ਮਜ਼ਬੂਰ ਹੋ ਜਾਵੇਗਾ।''


Related News