...ਤੇ ਪੰਜਾਬ ਦਾ ਕੋਈ ਵੀ ਸ਼ਹਿਰ ''ਤੰਬਾਕੂ ਮੁਕਤ'' ਨਹੀਂ

09/18/2018 9:40:09 AM

ਚੰਡੀਗੜ੍ਹ : 'ਸੂਬਾ ਤੰਬਾਕੂ ਕੰਟਰੋਲ ਸੈੱਲ' ਨੇ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦਾ ਕੋਈ ਵੀ ਸ਼ਹਿਰ ਤੰਬਾਕੂ ਮੁਕਤ ਨਹੀਂ ਹੈ। ਸਿਹਤ ਵਿਭਾਗ ਦੇ ਮੁਤਾਬਕ 10 ਸਾਲਾਂ 'ਚ ਵਿਭਾਗ ਵਲੋਂ ਸਿਗਰਟ ਤੇ ਹੋਰ ਤੰਬਾਕੂ ਉਤਪਾਦ ਵੇਚਣ ਅਤੇ ਇਸਤੇਮਾਲ ਕਰਨ ਵਾਲੇ 1,55,836 ਲੋਕਾਂ ਦੇ ਖਿਲਾਫ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਡਾਇਰੈਕਟਰ ਹੈਲਥ ਤੇ ਪਰਿਵਾਰ ਕਲਿਆਣ ਵਿਭਾਗ ਪੰਜਾਬ ਦੇ ਸਟੇਟ ਪ੍ਰੋਗਰਾਮ ਅਫਸਰ ਤੰਬਾਕੂ ਕੰਟਰੋਲ ਸੈੱਲ ਵਲੋਂ ਸੂਚਨਾ ਦੇ ਅਧਿਕਾਰ ਐਕਟ ਤਹਿਤ ਜੋ ਸੂਚਨਾ ਮੁਹੱਈਆ ਕਰਵਾਈ ਗਈ ਹੈ, ਉਸ ਮੁਤਾਬਕ ਪੰਜਾਬ ਦਾ ਕੋਈ ਵੀ ਜ਼ਿਲਾ ਤੰਬਾਕੂ ਮੁਕਤ ਨਹੀਂ ਹੈ।

ਸਿਹਤ ਵਿਭਾਗ ਦੀ ਵੈੱਬਸਾਈਟ 'ਤੇ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਦਾ ਬਿਓਰਾ ਦਿੰਦੇ ਹੋਏ ਸਪੱਸ਼ਟ ਲਿਖਿਆ ਗਿਆ ਹੈ ਕਿ ਅਪ੍ਰੈਲ 2016 ਤੋਂ ਮਾਰਚ 2017 ਤੱਕ ਪੰਜਾਬ 'ਚ ਚਲਾਨ ਕੱਟੇ ਗਏ ਹਨ। ਪੰਜਾਬ ਨੂੰ ਤੰਬਾਕੂ ਮੁਕਤ ਬਣਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਪੀ. ਜੀ. ਆਈ. ਦੀ ਸਟਡੀ ਮੁਤਾਬਕ ਪੰਜਾਬ ਦੇ ਸਾਰੇ 22 ਜ਼ਿਲਿਆਂ ਨੂੰ ਤੰਬਾਕੂ ਮੁਕਤ ਐਲਾਨਿਆ ਗਿਆ ਸੀ। ਪੰਜਾਬ ਸਰਕਾਰ ਨੇ ਫਰਵਰੀ 2012 'ਚ ਮੋਹਾਲੀ ਨੂੰ ਪੰਜਾਬ ਦਾ ਪਹਿਲਾ ਤੰਬਾਕੂ ਮੁਕਤ ਜ਼ਿਲਾ ਐਲਾਨਿਆ ਸੀ ਪਰ ਹੁਣ ਸੂਚਨਾ ਦੇ ਅਧਿਕਾਰ ਐਕਟ ਦੇ ਤਹਿਤ ਵਿਭਾਗ ਵਲੋਂ ਪ੍ਰਾਪਤ ਆਂਕੜੇ ਕੁਝ ਹੋਰ, ਜਦੋਂ ਕਿ ਵਿਭਾਗ ਦੀ ਵੈੱਬਸਾਈਟ ਕੁਝ ਹੋਰ ਬਿਆਨ ਕਰਦੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਧਿਕਾਰੀ ਜ਼ਮੀਨੀ ਪੱਧਰ 'ਤੇ ਕੰਮ ਕਰਨ ਪ੍ਰਤੀ ਗੰਭੀਰ ਨਹੀਂ ਹਨ। ਸਾਲ 2011 ਦੌਰਾਨ ਸਿਹਤ ਵਿਭਾਗ ਨੇ ਜਲੰਧਰ, ਕਪੂਰਥਲਾ ਅਤੇ ਮੋਗਾ ਜ਼ਿਲਿਆਂ 'ਚ ਤੰਬਾਕੂ ਵੇਚਣ ਵਾਲੇ ਜਾਂ ਪੀਣ ਵਾਲੇ 'ਤੇ ਕੋਈ ਕਾਰਵਾਈ ਨਹੀਂ ਕੀਤੀ। ਇਨ੍ਹਾਂ ਤਿੰਨਾਂ ਜ਼ਿਲਿਆਂ ਦੇ ਬਾਰੇ 'ਚ ਵਿਭਾਗ ਕੋਲ ਕੋਈ ਗਿਣਤੀ ਨਹੀਂ ਹੈ।


Related News