ਸਕੂਲ ਦੇ ਗੇਟ ਕੋਲ ਦਿਨ-ਦਿਹਾਡ਼ੇ ਵਿਦਿਆਰਥੀ ਦਾ ਕਤਲ

09/18/2018 7:26:03 AM

ਪੰਚਕੂਲਾ, (ਆਸ਼ੀਸ਼)- ਪੰਚਕੂਲਾ ਦੇ ਸੈਕਟਰ-7 ਸਥਿਤ ਮੇਜਰ ਸੰਦੀਪ ਸਾਗਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਰੰਜਿਸ਼ ਵਿਚ ਡੇਢ  ਦਰਜਨ ਦੇ ਲਗਭਗ ਲਡ਼ਕਿਆਂ ਨੇ ਇਕ ਵਿਦਿਆਰਥੀ ਦਾ ਕਤਲ ਕਰ ਦਿੱਤਾ, ਜਦੋਂਕਿ ਇਕ ਵਿਦਿਆਰਥੀ ਚਾਕੂ ਲੱਗਣ ਨਾਲ ਜ਼ਖ਼ਮੀ ਹੋ ਗਿਆ।  ਪੁਲਸ ਨੇ ਸੈਕਟਰ-12 ਸਥਿਤ ਰੈਲੀ ਪਿੰਡ ਦੇ ਤਿੰਨ ਲਡ਼ਕਿਆਂ ਨੂੰ ਰਾਊਂਡਅਪ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਡ਼ਾਈ ਘਰ ਦੇ ਆਸ-ਪਾਸ ਰਹਿਣ ਵਾਲੇ ਲਡ਼ਕਿਆਂ ਨਾਲ ਹੀ ਹੋਈ ਸੀ। ਇਸ ਸਬੰਧ ’ਚ ਪੁਲਸ ਤੋਂ ਇਲਾਵਾ ਕ੍ਰਾਈਮ ਬ੍ਰਾਂਚ ਦੀ ਟੀਮ ਵੀ ਇਸ ਮਾਮਲੇ ’ਚ ਜਾਂਚ ਕਰ ਰਹੀ ਹੈ।
11ਵੀਂ ਦੇ ਵਿਦਿਆਰਥੀ ਵਿਕਾਸ ਕੁਮਾਰ (15) ਦਾ ਕੁਝ ਸਮਾਂ ਪਹਿਲਾਂ ਤੋਂ ਹੀ ਸਕੂਲ ਦੇ ਹੀ ਵਿਦਿਆਰਥੀ ਨਾਲ ਵਿਵਾਦ ਚੱਲ ਰਿਹਾ ਸੀ। ਸੋਮਵਾਰ ਨੂੰ ਦੋਨਾਂ ਪੱਖਾਂ ਵੱਲੋਂ ਕੁਝ ਲੜਕੇ ਸਕੂਲ ਬਾਹਰ ਖਡ਼੍ਹੇ ਸਨ। ਛੁੱਟੀ ਹੁੰਦੇ ਹੀ ਦੋਨਾਂ ਦੇ ’ਚ ਲਡ਼ਾਈ ਸ਼ੁਰੂ ਹੋ ਗਈ। ਆਈ. ਟੀ. ਆਈ. ਦੀ ਡਰੈੱਸ ’ਚ ਆਏ ਕੁਝ ਲਡ਼ਕਿਆਂ ਨੇ ਵਿਕਾਸ ਦੀ ਛਾਤੀ ’ਚ ਚਾਕੂ ਮਾਰ ਦਿੱਤਾ। ਚਾਕੂ ਲੱਗਣ ਤੋਂ ਬਾਅਦ ਵਿਕਾਸ ਨੂੰ ਬਚਾਉਣ ਲਈ 10ਵੀਂ ਦਾ ਸੂਰਜ ਆਇਆ ਤਾਂ ਉਸ ’ਤੇ ਵੀ ਚਾਕੂ ਨਾਲ ਵਾਰ ਕਰ ਦਿੱਤਾ ਗਿਆ। ਚਾਕੂ ਉਸਦੇ ਹੱਥ ’ਤੇ ਲੱਗਾ। ਵਿਕਾਸ ਨੂੰ ਚਾਕੂ ਲੱਗਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਇਸ ਤੋਂ ਬਾਅਦ ਸਕੂਲ ਦੇ ਅਧਿਆਪਕਾਂ ਨੂੰ ਪਤਾ ਲੱਗਾ ਕਿ ਵਿਦਿਆਰਥੀ ਨੂੰ ਚਾਕੂ ਮਾਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸੂਰਜ ਅਤੇ ਵਿਕਾਸ ਨੂੰ ਨਾਗਰਿਕ ਹਸਪਤਾਲ ਸੈਕਟਰ-6 ਪਹੁੰਚਾਇਆ, ਜਿਥੇ ਡਾਕਟਰਾਂ ਨੇ ਵਿਕਾਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦੋਂਕਿ ਸੂਰਜ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਏ. ਸੀ. ਪੀ. ਨੂਪੁਰ ਬਿਸ਼ਨੋਈ ਸਮੇਤ ਸੈਕਟਰ-5 ਥਾਣਾ ਇੰਚਾਰਜ ਅਤੇ ਹੋਰ ਪੁਲਸ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ।PunjabKesari
ਮਾਂ ਦਾ ਰੋ-ਰੋ ਕੇ ਬੁਰਾ ਹਾਲ
ਮ੍ਰਿਤਕ ਦੀ ਮਾਂ ਮੀਨਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਾਂ ਵਾਰ-ਵਾਰ ਇਹੀ ਕਹਿ ਰਹੀ ਸੀ ਕਿ ਅਖੀਰ ਉਸਦੇ ਬੇਟੇ ਦਾ ਕੀ ਕਸੂਰ ਸੀ?  ਭੈਣ ਆਰਤੀ ਆਪਣੇ ਭਰਾ ਨੂੰ ਦੇਖਣ ਦੀ ਜ਼ਿੱਦ ’ਤੇ ਅਡ਼ੀ ਸੀ। ਉਹ ਸਕੂਲੋਂ ਆਏ ਅਧਿਆਪਕਾਂ ਨਾਲ ਵੀ ਉਲਝਦੀ ਨਜ਼ਰ ਆਈ।  ਹਸਪਤਾਲ ’ਚ ਅਧਿਆਪਕਾਂ ਦੀਆਂ ਅੱਖਾਂ ਨਮ ਸਨ।
  ਮੀਟਿੰਗ ਛੱਡ ਕੇ ਹਸਪਤਾਲ ਪਹੁੰਚੇ ਪ੍ਰਿੰਸੀਪਲ
ਵਿਕਾਸ ਦੇ ਪਿਤਾ ਬਨਵਾਰੀ ਲਾਲ ਫੈਕਟਰੀ ’ਚ ਕੰਮ ਕਰਦੇ ਹਨ ਅਤੇ ਮਾਂ ਮੀਨਾ ਬ੍ਰਿਟਿਸ਼ ਸਕੂਲ ’ਚ ਸਫਾਈ ਦਾ ਕੰਮ ਕਰਦੀ ਹੈ। ਵਿਕਾਸ ਦਾ ਪਰਿਵਾਰ ਪਿੰਡ ਰੈਲੀ ਸੈਕਟਰ-12ਏ ’ਚ ਰਹਿੰਦਾ ਹੈ। ਪੁਲਸ ਨੇ ਵਿਕਾਸ ਦੀ ਲਾਸ਼ ਨੂੰ ਸੈਕਟਰ-6 ਦੇ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰੱਖਵਾ ਦਿੱਤਾ ਹੈ। ਮੰਗਲਵਾਰ ਨੂੰ ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪੀ ਜਾਵੇਗੀ। ਪ੍ਰਿੰਸੀਪਲ ਡਾ. ਸਤੀਸ਼ ਸ਼ਰਮਾ ਨੇ ਦੱਸਿਆ ਕਿ ਉਹ ਪ੍ਰਬੰਧਕੀ ਮੀਟਿੰਗ ਲਈ 1:40 ਵਜੇ ਸਕੂਲ ਤੋਂ ਨਿਕਲੇ ਸਨ। 2:30 ਵਜੇ ਸਕੂਲ ਦੇ ਲੈਕਚਰਾਰ ਨੇ ਫੋਨ ’ਤੇ ਸੰਪਰਕ ਕਰ ਕੇ ਉਨ੍ਹਾਂ ਨੂੰ ਸੂਚਿਤ ਕੀਤਾ ਤਾਂ ਉਹ ਮੀਟਿੰਗ ਵਿਚ ਹੀ ਛੱਡ ਕੇ ਹਸਪਤਾਲ ਪਹੁੰਚੇ। 
ਕਤਲ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਛੇਤੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਕੁਝ  ਨੂੰ ਰਾਊਂਡਅਪ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵਿਕਾਸ ਦੇ ਸੱਜੇ ਪਾਸੇ ਛਾਤੀ ’ਚ ਚਾਕੂ ਨਾਲ ਇਕ ਹੀ ਵਾਰ ਕੀਤਾ ਗਿਆ ਹੈ,  ਹਸਪਤਾਲ ਪੁੱਜਣ ਤੋਂ ਪਹਿਲਾਂ ਹੀ  ਉਸਦੀ ਮੌਤ ਹੋ ਗਈ। ਵਿਕਾਸ ਦੀਆਂ ਤਿੰਨ ਭੈਣਾਂ ਅਤੇ ਦੋ ਭਰਾ ਹਨ। 
 -ਨੂਪੁਰ ਬਿਸ਼ਨੋਈ, ਏ. ਸੀ. ਪੀ. ਪੰਚਕੂਲਾ


Related News