ਅਣਪਛਾਤੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ

09/18/2018 7:22:51 AM

ਡੇਰਾਬੱਸੀ, (ਅਨਿਲ)- ਡੇਰਾਬੱਸੀ-ਬਰਵਾਲਾ ਮਾਰਗ ’ਤੇ ਪਿੰਡ ਭਗਵਾਨਪੁਰ ਵਿਖੇ ਇਕ ਮਕਾਨ ਵਿਚ ਵਡ਼ੇ ਅਣਪਛਾਤੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਉਮਰ ਕਰੀਬ 25 ਸਾਲ ਜਾਪਦੀ ਹੈ, ਜਿਸ ਦੀ ਸ਼ਨਾਖਤ ਨਹੀਂ ਹੋ ਸਕੀ। ਜਿਨ੍ਹਾਂ ਦੇ ਘਰ ਇਹ ਨੌਜਵਾਨ ਵਡ਼ਿਆ ਸੀ, ਉਨ੍ਹਾਂ ਇਸ ਅਣਪਛਾਤੇ ਨੌਜਵਾਨ ਨੂੰ ਸਿਵਲ ਹਸਪਤਾਲ ਡੇਰਾਬੱਸੀ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਣਕਾਰੀ ਦਿੰਦੇ ਹੋਏ ਸਥਾਨਕ ਪੁਲਸ ਨੇ ਦੱਸਿਆ ਕਿ ਭਗਵਾਨਪੁਰ ਵਿਚ  ਜਗਮੋਹਨ ਸੱਚਦੇਵਾ ਪੁੱਤਰ ਦਰਸ਼ਨ ਲਾਲ ਸਚਦੇਵਾ ਨੇ 15-20 ਕਮਰੇ ਬਣਾ ਕੇ ਕਿਰਾਏ ’ਤੇ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਤੇ ਹੋਏ ਹਨ। ਬੀਤੀ ਰਾਤ ਇਕ ਅਣਪਛਾਤਾ ਨੌਜਵਾਨ ਛੱਤ ’ਤੇ ਚਡ਼੍ਹ ਗਿਆ। ਇਸ ਤੋਂ ਪਹਿਲਾਂ ਕਿ ਉਹ ਕੋਈ ਹਰਕਤ ਕਰਦਾ, ਉਹ ਨੇੜਿਓਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਦੀ ਚਪੇਟ ਵਿਚ ਆ ਗਿਆ ਅਤੇ ਬੇਹੋਸ਼ ਹੋ ਗਿਆ। ਪੁਲਸ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਲਈ ਇਹ ਅਣਪਛਾਤੇ ਨੌਜਵਾਨ ਦੀ ਲਾਸ਼ ਹੁਣ ਸਮੱਸਿਆ ਬਣ ਗਈ ਹੈ। ਫਿਲਹਾਲ ਪੁਲਸ ਨੇ ਪੋਸਟਮਾਰਟਮ ਤੋਂ ਪਹਿਲਾਂ ਲਾਸ਼ ਨੂੰ ਸ਼ਨਾਖ਼ਤ ਦੇ ਲਈ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ।


Related News