ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਭਲਕੇ : ਤਿਆਰੀਆਂ ਮੁਕੰਮਲ

09/18/2018 6:26:59 AM

ਪਟਿਆਲਾ, (ਜੋਸਨ, ਬਲਜਿੰਦਰ)-ਪੰਚਾਇਤ ਸੰਮਤੀਆਂ ਅਤੇ ਜ਼ਿਲਾ ਪ੍ਰੀਸ਼ਦ ਲਈ 19 ਸਤੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ  ਪ੍ਰਸ਼ਾਸਨ ਤੇ ਪੁਲਸ ਵੱਲੋਂ ਸਮੁੱਚਿਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਤਹਿਤ ਪੂਰੇ ਜ਼ਿਲੇ ਵਿਚ 1385 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਵਿਚ 7000 ਸਿਵਲ ਕਰਮਚਾਰੀ ਵੋਟਾਂ ਪਵਾਉਣ ਲਈ ਤੇ 3400 ਕਰੀਬ ਪੁਲਸ ਮੁਲਾਜ਼ਮ ਸ਼ਾਂਤੀ ਬਣਾਈ ਰੱਖਣ ਲਈ ਤਾਇਨਾਤ ਕੀਤੇ ਗਏ ਹਨ।  
  ਜ਼ਿਲਾ ਚੋਣ ਅਫ਼ਸਰ ਕੁਮਾਰ ਅਮਿਤ ਅਤੇ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਅੱਜ ਇਥੇ ਪ੍ਰਬੰਧਕੀ ਕੰਪਲੈਕਸ ਵਿਖੇ ਸਾਰੇ ਰਿਟਰਨਿੰਗ ਅਧਿਕਾਰੀਆਂ, ਐੈੱਸ. ਪੀਜ਼ ਤੇ ਡੀ. ਐੈੱਸ. ਪੀਜ਼ ਨਾਲ ਇਕ ਅਹਿਮ ਮੀਟਿੰਗ ਕਰ ਕੇ ਤਿਆਰੀਆਂ ਦਾ ਜਾਇਜ਼ਾ ਲਿਆ ਤੇ ਕਾਨੂੰਨ ਭੰਗ ਕਰਨ ਵਾਲਿਆਂ ਨਾਲ ਸਖਤੀ ਨਾਲ ਨਿਪਟਣ ਦੇ ਆਦੇਸ਼ ਦਿੱਤੇ ਹਨ। 
 ਡੀ. ਸੀ.  ਕੁਮਾਰ ਅਮਿਤ ਨੇ ਕਿਹਾ ਕਿ ਸਮੂਹ ਅਧਿਕਾਰੀ ਆਪਸੀ ਤਾਲਮੇਲ ਅਤੇ ਯੋਜਨਾਬੱਧ ਢੰਗ ਨਾਲ ਡਿਊਟੀਆਂ ਨਿਭਾਉਣ ਤਾਂ ਕਿ ਇਹ ਚੋਣਾਂ ਨਿਰਵਿਘਨ ਢੰਗ ਨਾਲ ਨੇਪਰੇ ਚਡ਼੍ਹਾਈਆਂ ਜਾ ਸਕਣ। ਇਹ ਚੋਣਾਂ ਅਗਾਮੀ ਪੰਚਾਇਤ ਚੋਣਾਂ ਲਈ ਚੋਣ ਅਮਲੇ ਲਈ ਇਕ ਉਦਾਹਰਨ ਬਣਨਗੀਆਂ। ਉਨ੍ਹਾਂ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਜ਼ਾਬਤੇ ਦੀ ਪਾਲਣਾ ਕਰਨ ਦੀ ਹਦਾਇਤ ਕਰਦਿਆਂ ਸਾਰੇ ਰਿਟਰਨਿੰਗ ਅਧਿਕਾਰੀਆਂ, ਪੁਲਸ ਅਧਿਕਾਰੀਆਂ ਅਤੇ ਚੋਣ ਅਮਲੇ ਨੂੰ ਕਿਹਾ ਕਿ ਇਹ ਚੋਣ ਅਮਲ ਪੂਰੀ ਨਿਰਪੱਖਤਾ, ਪਾਰਦਰਸ਼ਤਾ ਤੇ ਨਿਰਵਿਘਨਤਾ ਨਾਲ ਨੇਪਰੇ ਚਾਡ਼੍ਹਨ ਲਈ ਆਪਸੀ ਤਾਲਮੇਲ ਕਰ ਕੇ ਡਿਊਟੀ ਨਿਭਾਈ ਜਾਵੇ ਅਤੇ ਕਿਸੇ ਕਿਸਮ ਦੀ ਕੁਤਾਹੀ ਨਾ ਵਰਤੀ ਜਾਵੇ।
ਐੈੱਸ. ਪੀਜ਼ ਤੇ ਡੀ. ਐੈੱਸ. ਪੀਜ਼ ਪੱਧਰ ਦੇ ਅਧਿਕਾਰੀ ਕਰਨਗੇ ਹਲਕਾ-ਵਾਈਜ਼ ਨਿਗਰਾਨੀ : ਐੈੱਸ. ਐੈੱਸ. ਪੀ. ਸਿੱਧੂ
ਇਸ ਮੌਕੇ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਅਾਜ਼ਾਦਾਨਾ ਢੰਗ ਨਾਲ ਚੋਣਾਂ ਕਰਵਾਉਣ ਲਈ ਪੁਲਸ ਵੱਲੋਂ 3400 ਦੇ ਕਰੀਬ ਨਫ਼ਰੀ ਦੀ ਤਾਇਨਾਤੀ ਕੀਤੀ ਗਈ ਹੈ। ਇਸ ਤੋਂ ਬਿਨਾਂ ਸਾਰੇ ਐੈੱਸ. ਪੀਜ਼ ਅਤੇ ਡੀ. ਐੈੱਸ. ਪੀਜ਼ ਰਿਟਰਨਿੰਗ ਅਧਿਕਾਰੀਆਂ ਨਾਲ ਤਾਲਮੇਲ ਕਰਦੇ ਹੋਏ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਯਕੀਨੀ ਬਣਾਉਣਗੇ। ਉਨ੍ਹਾਂ ਸਮੂਹ ਪੁਲਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕਰ ਕੇ ਨਿਰਪੱਖ ਰਹਿ ਕੇ ਡਿਊਟੀ ਨਿਭਾਉਣ। ਉਨ੍ਹਾਂ ਸਮੂਹ ਵੋਟਰਾਂ ਨੂੰ ਬਿਨਾਂ ਕਿਸੇ ਡਰ-ਭੈਅ ਦੇ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ।


Related News