ਯੋਗ ਗੁਰੂ ਸਵਾਮੀ ਰਾਮਦੇਵ ਵਲੋਂ ਭਾਜਪਾ ਨੂੰ ਖਰੀਅਾਂ-ਖਰੀਅਾਂ

09/18/2018 6:09:47 AM

ਯੋਗ ਗੁਰੂ ਸਵਾਮੀ ਰਾਮਦੇਵ ਦਾ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਨਜ਼ਦੀਕੀ ਰਿਸ਼ਤਾ ਰਿਹਾ ਹੈ ਅਤੇ ਉਨ੍ਹਾਂ ਨੇ 2014 ਦੀਅਾਂ ਲੋਕ ਸਭਾ ਚੋਣਾਂ ’ਚ ਭਾਜਪਾ ਅਤੇ ਨਰਿੰਦਰ ਮੋਦੀ ਦਾ ਸਰਗਰਮ ਸਮਰਥਨ ਕੀਤਾ ਸੀ ਪਰ ਹੁਣ ਅਜਿਹਾ ਲੱਗਦਾ ਹੈ ਕਿ ਭਾਜਪਾ  ਤੋਂ ਉਨ੍ਹਾਂ ਦਾ ਮੋਹ ਭੰਗ ਹੋ ਰਿਹਾ ਹੈ। 
ਬੀਤੀ 16 ਸਤੰਬਰ ਨੂੰ ਸਵਾਮੀ ਰਾਮਦੇਵ ਨੇ ਭਾਜਪਾ ਨੂੰ  ਚੌਕਸ ਕੀਤਾ ਕਿ ਦੇਸ਼ ਭਰ ’ਚ ਮਹਿੰਗਾਈ ’ਤੇ ਜੇਕਰ  ਛੇਤੀ  ਕਾਬੂ ਨਾ  ਪਾਇਆ ਗਿਆ ਤਾਂ ਅਗਲੀਅਾਂ ਆਮ ਚੋਣਾਂ ’ਚ ਮੋਦੀ ਸਰਕਾਰ ਨੂੰ ਇਹ ਲੈ ਡੁੱਬੇਗੀ। 
ਉਨ੍ਹਾਂ ਕਿਹਾ, ‘‘ਕਈ ਲੋਕ ਮੋਦੀ ਸਰਕਾਰ ਦੀਅਾਂ ਨੀਤੀਅਾਂ ਦੀ ਸ਼ਲਾਘਾ ਕਰਦੇ ਹਨ ਪਰ ਮੋਦੀ ਸਰਕਾਰ ਦੀ ਆਲੋਚਨਾ ਕਰਨਾ ਸਭ ਲੋਕਾਂ ਦਾ ਮੌਲਿਕ ਅਧਿਕਾਰ ਹੈ। ਮਹਿੰਗਾਈ ਬਹੁਤ ਵੱਡਾ ਮੁੱਦਾ ਹੈ ਅਤੇ ਮੋਦੀ ਜੀ ਨੂੰ ਛੇਤੀ ਹੀ ਸੁਧਾਰਾਤਮਕ ਕਦਮ ਚੁੱਕਣੇ ਪੈਣਗੇ।’’
‘‘ਅਜਿਹਾ ਨਾ ਕਰਨ ’ਤੇ ਮਹਿੰਗਾਈ ਦੀ ਅੱਗ ਮੋਦੀ ਸਰਕਾਰ ਨੂੰ ਬਹੁਤ ਮਹਿੰਗੀ ਪਵੇਗੀ। ਮੋਦੀ ਜੀ ਨੂੰ ਪੈਟਰੋਲ-ਡੀਜ਼ਲ ਦੀਅਾਂ ਕੀਮਤਾਂ ਸਮੇਤ ਮਹਿੰਗਾਈ ਘੱਟ ਕਰਨ ਲਈ ਕਦਮ ਚੁੱਕਣੇ ਸ਼ੁਰੂ ਕਰਨੇ ਪੈਣਗੇ।’’
‘‘ਪੈਟਰੋਲ-ਡੀਜ਼ਲ ਨੂੰ ਜੀ. ਐੱਸ. ਟੀ. ਦੇ ਦਾਇਰੇ ’ਚ ਲਿਆ ਕੇ ਸਭ ਤੋਂ ਘੱਟ ਟੈਕਸ ਵਾਲੀ ਸਲੈਬ ’ਚ ਰੱਖਣਾ ਚਾਹੀਦਾ ਹੈ। ਮਾਲੀਏ ਦਾ  ਘਾਟਾ  ਪੂਰਾ ਕਰਨ ਲਈ ਉਹ ਅਮੀਰਾਂ ’ਤੇ ਹੋਰ ਟੈਕਸ ਲਾ  ਸਕਦੇ ਹਨ।’’
ਸਵਾਮੀ ਰਾਮਦੇਵ ਨੇ ਇਸ ਸਵਾਲ ਦਾ ਜਵਾਬ ਟਾਲ ਦਿੱਤਾ  ਕਿ 2014 ’ਚ ਉਨ੍ਹਾਂ ਨੇ ਨਰਿੰਦਰ ਮੋਦੀ ’ਤੇ ਜੋ ਭਰੋਸਾ ਪ੍ਰਗਟਾਇਆ ਸੀ, ਉਹ ਉਸ ’ਤੇ ਕਾਇਮ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਉਹ 2019 ਦੀਅਾਂ ਚੋਣਾਂ ’ਚ ਭਾਜਪਾ ਦੇ ਪੱਖ ’ਚ ਪ੍ਰਚਾਰ ਵੀ ਨਹੀਂ ਕਰਨਗੇ ਕਿਉਂਕਿ ਉਹ ਸਿਆਸਤ ਤੋਂ ਵੱਖ ਹੋ ਚੁੱਕੇ ਹਨ ਅਤੇ ਸਰਵ-ਦਲੀ  ਬਣ ਗਏ ਹਨ।
ਇਸ ਤੋਂ ਪਹਿਲਾਂ ਇਕ ਟੀ. ਵੀ. ਚੈਨਲ ਨੂੰ ਇੰਟਰਵਿਊ ’ਚ ਉਨ੍ਹਾਂ ਕਿਹਾ ਕਿ ‘‘ਅੱਜ ਰੁਪਏ ਦੀ ਬਹੁਤ ਬੇਇੱਜ਼ਤੀ ਹੋ ਰਹੀ ਹੈ। ਬੇਇੱਜ਼ਤੀ ਵੀ ਅਜਿਹੀ ਕਿ ਸ਼ਰਮ ਨੂੰ ਵੀ ਸ਼ਰਮ ਆ ਜਾਵੇ। ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੋਵੇਗੀ ਤਾਂ ਰੁਪਿਆ ਵੀ ਮਜ਼ਬੂਤ ਹੋਵੇਗਾ।’’
ਉਨ੍ਹਾਂ ਵਿਜੇ ਮਾਲਿਆ ਬਾਰੇ ਕਿਹਾ, ‘‘ਸਰਕਾਰਾਂ ਨੇ ਇਕ ਰਾਖਸ਼ਸ ਪੈਦਾ ਕੀਤਾ, ਜੋ ਬਾਅਦ ’ਚ ਦੇਸ਼ ਛੱਡ ਕੇ ਭੱਜ ਗਿਆ। ਇਸ ਮਾਮਲੇ ’ਚ ਮੌਜੂਦਾ ਸਰਕਾਰ ਨੂੰ ਕੁਝ ਹੋਰ ਗੰਭੀਰਤਾ ਵਰਤਣੀ ਚਾਹੀਦੀ ਸੀ। ਕਿਤੇ ਨਾ ਕਿਤੇ  ਗਲਤੀ ਹੋਈ ਹੈ। ਇਹ ਪਤਾ ਲੱਗਣ ਦੇ ਬਾਵਜੂਦ ਕਿ ਮਾਲਿਆ ਦੀਵਾਲੀਆ ਹੋ ਚੁੱਕਾ ਹੈ, ਉਸ ਨੂੰ ਮਦਦ ਜਾਰੀ ਰੱਖੀ ਗਈ।’’
ਰਾਮਦੇਵ ਨੇ ਅੱਗੇ ਕਿਹਾ, ‘‘ਦੇਸ਼ ’ਚ ਆਰਥਿਕ ਅਤੇ ਸਿਆਸੀ ਅਰਾਜਕਤਾ ਵਾਲਾ ਮਾਹੌਲ ਹੈ। ਅੱਜ ਦੇ ਮਾਹੌਲ ’ਚ ਮੈਂ ਕਹਿ ਸਕਦਾ ਹਾਂ ਕਿ ਦੇਸ਼ ਦੇ ਹਾਲਾਤ ਠੀਕ ਨਹੀਂ ਹਨ। ਨਫਰਤ ਦੀ ਫਿਤਰਤ ਜਿੰਨੀ ਛੇਤੀ ਖਤਮ ਕੀਤੀ ਜਾਵੇ, ਓਨਾ ਹੀ ਚੰਗਾ ਹੋਵੇਗਾ। ਬਾਕੀ ਹੋਰਨਾਂ ਖੇਤਰਾਂ ’ਚ ਮੋਦੀ ਚੰਗੀ ਨੀਅਤ ਨਾਲ ਕੰਮ ਕਰ ਰਹੇ ਹਨ।’’
ਰਾਹੁਲ ਗਾਂਧੀ ਦੀ ਕੈਲਾਸ਼ ਯਾਤਰਾ ’ਤੇ ਰਾਮਦੇਵ ਨੇ ਕਿਹਾ, ‘‘ਰਾਹੁਲ ਗਾਂਧੀ ਅੱਜਕਲ ਕਸਰਤ ਤੋਂ ਇਲਾਵਾ ਸਿਆਸੀ ਤੌਰ ’ਤੇ ਵੀ ਥੋੜ੍ਹੀ ਮਿਹਨਤ ਕਰ ਰਹੇ ਹਨ। ਸਾਨੂੰ ਕਿਸੇ ਪ੍ਰਤੀ ਨਿੱਜੀ ਤੌਰ ’ਤੇ  ਵੈਰ ਨਹੀਂ ਰੱਖਣਾ ਚਾਹੀਦਾ।’’
ਮਹਿੰਗਾਈ ਅਤੇ ਤੇਲ ਦੀਅਾਂ ਕੀਮਤਾਂ ’ਚ ਹੋ ਰਹੇ ਵਾਧੇ ਆਦਿ ਸਮੱਸਿਆਵਾਂ ਨੂੰ ਲੈ ਕੇ ਪੂਰੀ ਵਿਰੋਧੀ ਧਿਰ ਤਾਂ ਪਹਿਲਾਂ ਹੀ ਭਾਜਪਾ  ਤੋਂ ਬੁਰੀ ਤਰ੍ਹਾਂ ਨਾਰਾਜ਼ ਹੈ, ਹੁਣ ਸਵਾਮੀ ਰਾਮਦੇਵ ਨੇ ਵੀ ਭਾਜਪਾ ਸਰਕਾਰ ਨੂੰ ਲੋਕਹਿੱਤ ਨਾਲ ਜੁੜੇ ਮੁੱਦੇ ਸੁਲਝਾਉਣ ਦੀ ਬਿਲਕੁਲ ਸਹੀ ਸਲਾਹ ਦੇ ਦਿੱਤੀ ਹੈ, ਜਿਸ ’ਤੇ ਭਾਜਪਾ  ਹਾਈਕਮਾਨ ਨੂੰ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ, ਨਹੀਂ ਤਾਂ ਇਸ ਨੂੰ ਲੋਕ ਸਭਾ ਚੋਣਾਂ ’ਚ ਨੁਕਸਾਨ ਹੋ ਸਕਦਾ ਹੈ।
–ਵਿਜੇ ਕੁਮਾਰ


Related News