‘ਆਂਗਣਵਾਡ਼ੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਐਲਾਨਿਆ ਜਾਵੇ’

09/18/2018 5:24:28 AM

ਸੁਲਤਾਨਪੁਰ ਲੋਧੀ,  (ਧੀਰ)-  ਆਂਗਣਵਾਡ਼ੀ ਇੰਪਲਾਇਜ਼ ਫੈੱਡਰੇਸ਼ਨ ਆਫ ਇੰਡੀਆ ਦੇ ਸੱਦੇ ’ਤੇ ਆਂਗਣਵਾਡ਼ੀ ਵਰਕਰਾਂ ਵੱਲੋਂ ਬਲਾਕ ਪ੍ਰਧਾਨ ਮਨਜੀਤ ਕੌਰ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ’ਚ ਵੱਡੀ ਗਿਣਤੀ ’ਚ ਆਂਗਨਵਾਡ਼ੀ ਵਰਕਰ ਹਾਜ਼ਰ ਸਨ। 
ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਮੰਗ ਕੀਤੀ ਕਿ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਐਲਾਨਿਆ ਜਾਵੇ, ਵਰਕਰ ਨੂੰ ਸਰਕਾਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਤੇ ਜਿੰਨਾ ਚਿਰ ਇਹ ਸੰਭਵ ਨਹੀਂ ਹੁੰਦਾ ਤਦ ਤਕ ਵਰਕਰ ਨੂੰ 24 ਹਜ਼ਾਰ ਤੇ ਹੈਲਪਰ ਨੂੰ 18 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਵੇ। ਮਿੰਨੀ ਆਂਗਨਵਾਡ਼ੀ ਵਰਕਰ ਨੂੰ ਪੂਰੇ ਵਰਕਰ ਦਾ ਦਰਜਾ ਦਿੱਤਾ ਜਾਵੇ। ਮੁਲਾਜ਼ਮਾਂ ਨੇ ਕਿਹਾ ਕਿ ਉਪਰੋਕਤ ਮੰਗਾਂ ਨੂੰ ਲੈ ਕੇ ਦੇਸ਼ ਭਰ ’ਚ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾ ਰਿਹਾ ਹੈ ਤੇ 19 ਨਵੰਬਰ ਨੂੰ ਦਿੱਲੀ ਵਿਖੇ ਦੇਸ਼ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। 
ਇਸ ਦੌਰਾਨ ਆਂਗਣਵਾਡ਼ੀ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਆਪਣੀਆਂ ਮੰਗਾਂ ਸਬੰਧੀ ਪ੍ਰਧਾਨ ਮੰਤਰੀ ਦੇ ਨਾਂ ਇਕ ਮੰਗ ਪੱਤਰ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਨੂੰ ਸੌਂਪਿਆ। ਇਸ ਮੌਕੇ ਜਤਿੰਦਰ ਕੌਰ, ਕੁਲਵਿੰਦਰ ਕੌਰ, ਜਸਵਿੰਦਰ ਕੌਰ, ਹਰਜਿੰਦਰ ਕੌਰ, ਸਵਿਤਾ, ਰਣਜੀਤ ਕੌਰ, ਸੁਖਵਿੰਦਰ ਕੌਰ, ਨਰਿੰਦਰ ਕੌਰ, ਜੋਤੀ, ਸੁਰਿੰਦਰ ਕੌਰ, ਰਣਜੀਤ, ਅਮਰਜੀਤ ਕੌਰ ਆਦਿ ਹਾਜ਼ਰ ਸਨ।
 


Related News