5178 ਅਧਿਆਪਕ ਯੂਨੀਅਨ ’ਚ ਰੈਗੂਲਰ ਨਾ ਕਰਨ ਦਾ ਰੋਸ

09/18/2018 2:03:37 AM

ਅਬੋਹਰ, (ਸੁਨੀਲ)- ਨਹਿਰੂ ਪਾਰਕ ’ਚ ਲੰਮੇ ਸਮੇਂ ਤੋਂ ਰੈਗੂਲਰ ਕਰਨ ਦੀ ਹੱਕੀ ਮੰਗ  ਸਬੰਧੀ ਸੰਘਰਸ਼ ਕਰ ਰਹੀ 5178 ਅਧਿਆਪਕ ਯੂਨੀਅਨ ਵੱਲੋਂ ਇਕ ਅਹਿਮ ਮੀਟਿੰਗ ਅਬੋਹਰ ਦੇ ਬਲਾਕ ਪ੍ਰਧਾਨ ਗੌਰਵ ਗਗਨੇਜਾ ਦੀ ਅਗਵਾਈ ’ਚ ਕੀਤੀ ਗਈ, ਜਿਸ ਵਿਚ 5178 ਅਧਿਆਪਕ ਯੂਨੀਅਨ ਦੀ ਸਟੇਟ ਕਮੇਟੀ ਵੱਲੋਂ ਉਲੀਕੇ ਗਏ ਐਕਸ਼ਨ ਮੁਤਾਬਕ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਆਉਣ ਵਾਲੀ 23 ਸਤੰਬਰ ਨੂੰ ਪੂਰੇ ਪੰਜਾਬ ਦੇ ਕਾਂਗਰਸ ਦੇ ਕੈਬਨਿਟ ਮੰਤਰੀਆਂ, ਐੱਮ. ਐੱਲ. ਏਜ਼ ਦੇ ਘਰਾਂ ਦੇ ਅੱਗੇ ਇਕ ਰੋਜ਼ਾ ਭੁੱਖ ਹਡ਼ਤਾਲ ਰੱਖਣ ਦਾ ਐਲਾਨ ਕੀਤਾ ਗਿਆ, ਜਿਸ  ਤਹਿਤ  ਜ਼ਿਲਾ ਫਾਜ਼ਿਲਕਾ ਦੇ ਸਮੂਹ ਅਧਿਆਪਕਾਂ ਵੱਲੋਂ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਮੈਂਬਰ ਪਾਰਲੀਮੈਂਟ ਸੁਨੀਲ ਜਾਖਡ਼ ਦੇ ਘਰ ਮੂਹਰੇ ਇਕ ਦਿਨ ਦੀ ਭੁੱਖ ਹਡ਼ਤਾਲ ਕਰਨ ਦਾ ਫੈਸਲਾ ਕੀਤਾ ਗਿਆ।
 ਇਸ ਮੌਕੇ ਬਲਾਕ ਅਬੋਹਰ ਦੇ ਪ੍ਰਧਾਨ ਗੌਰਵ ਗਗਨੇਜਾ ਨੇ ਦੱਸਿਆ ਕਿ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ 5178 ਅਧਿਆਪਕ ਪੰਜਾਬ ਸਰਕਾਰ ਵੱਲੋਂ 2011 ਵਿਚ ਲਿਆ ਪਹਿਲਾ ਟੈੱਟ ਦਾ ਟੈਸਟ ਪਾਸ ਕਰਨ ਉਪਰੰਤ ਸਿੱਖਿਆ ਵਿਭਾਗ ਦੀਆਂ ਮਨਜ਼ੂਰਸ਼ੁਦਾ ਪੋਸਟਾਂ ’ਤੇ ਨਵੰਬਰ 2014 ਤੋਂ ਤਿੰਨ ਸਾਲ ਦੀ ਠੇਕੇ ਦੀ ਸ਼ਰਤ ਉੱਤੇ 6000 ਰੁਪਏ ਮਹੀਨਾ ਤਨਖਾਹ ’ਤੇ ਭਰਤੀ ਕੀਤੇ ਗਏ ਸਨ। ਨਿਯੁਕਤੀ ਪੱਤਰ ਦੀਆਂ ਸ਼ਰਤਾਂ ਮੁਤਾਬਕ ਇਨ੍ਹਾਂ ਅਧਿਆਪਕਾਂ ਨੂੰ ਨਵੰਬਰ 2017 ਵਿਚ ਰੈਗੂਲਰ ਕੀਤਾ ਜਾਣਾ ਬਣਦਾ ਸੀ। ਅਕਤੂਬਰ 2017 ਵਿਚ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ.) ਵੱਲੋਂ ਰੈਗੂਲਰ ਦੀਆਂ ਫਾਈਲਾਂ ਵੀ ਲੈ ਲਈ ਗਈਆਂ ਹਨ। ਹੁਣ ਤਿੰਨ ਸਾਲ  ਤੋਂ ਦਸ ਮਹੀਨਿਆਂ ਬਾਅਦ ਵੀ ਅਜੇ ਤੱਕ ਇਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ, ਜਦਕਿ ਵਿੱਤ ਵਿਭਾਗ ਵੱਲੋਂ ਪੱਤਰ ਜਾਰੀ ਕਰ ਕੇ ਨਾ-ਮਾਤਰ ਦਿੱਤੀ ਜਾ ਰਹੀਂ ਤਨਖਾਹ ਦੇਣੀ ਵੀ ਬੰਦ ਕਰ ਦਿੱਤੀ ਗਈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਮੀਟਿੰਗਾਂ ਵਿਚ ਜਾਂ ਤਾਂ ਪੂਰੀ ਤਨਖਾਹ ਹੋਣ ਤੱਕ 10000 ਰੁਪਏ ਸਾਲਾਨਾ ਵਾਧਾ ਜਾਂ ਅਪ੍ਰੈਲ 2019 ਤੋਂ ਰੈਗੂਲਰ ਕਰਨ ਦੀ ਅਜੀਬੋ-ਗਰੀਬ ਸ਼ਰਤਾਂ ਦਾ ਪ੍ਰਸਤਾਵ ਸਾਡੇ ਸੂਬਾਈ ਆਗੂਆਂ ਸਾਹਮਣੇ ਰੱਖਿਆ ਗਿਆ, ਜਿਸ ਨੂੰ ਉਨ੍ਹਾਂ ਵੱਲੋਂ ਮੁੱਢੋਂ ਹੀ ਰੱਦ ਕਰ ਦਿੱਤਾ ਗਿਆ ਅਤੇ ਆਪਣੇ ਤਿੰਨ ਸਾਲ ਪੂਰੇ ਹੋਣ ਉਪਰੰਤ ਭਾਵ ਨਵੰਬਰ 2017 ਤੋਂ ਹੀ ਫੁੱਲ ਸਕੇਲ ’ਤੇ ਰੈਗੂਲਰ ਦੀ ਮੰਗ ਕੀਤੀ ਗਈ।
 ਜਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਕਿ ਸਮੂਹ 5178 ਅਧਿਆਪਕਾਂ (ਸਮੇਤ ਵੇਟਿੰਗ ਲਿਸਟ, ਆਰਟ/ਕਰਾਫਟ ਅਤੇ ਡੀ. ਪੀ. ਈ.) ਨੂੰ ਜਲਦ ਤੋਂ ਜਲਦ ਇਕ ਮਿਤੀ ਤੋਂ ਸਾਰੇ ਵਿੱਤੀ ਲਾਭ ਦਿੰਦਿਆਂ ਰੈਗੂਲਰ ਕਰਨ ਦਾ ਪੱਤਰ ਤੁਰੰਤ ਜਾਰੀ ਕੀਤਾ ਜਾਵੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ 5178 ਅਧਿਆਪਕਾਂ ਦੀ ਜਾਇਜ਼ ਮੰਗ ਨੂੰ ਨਹੀਂ ਮੰਨਿਆ ਜਾਂਦਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
 ਇਸ ਮੌਕੇ ਅਨੁਜ ਕੁਮਾਰ, ਮਲਕੀਤ ਸਿੰਘ, ਰਜਿੰਦਰ ਸਿੰਘ, ਮਹੇਸ਼ ਕੁਮਾਰ, ਓਮ ਪ੍ਰਕਾਸ਼, ਗੋਕਲ ਰਾਮ, ਸੰਦੀਪ ਕੁਮਾਰ, ਲਕਸ਼ਮੀ, ਸ਼ਿੰਪੀ, ਸਿਮਤਾ ਵਾਟਸ, ਸਲੋਨੀ ਵਿੱਜ, ਮੋਨਿਕਾ ਨਾਗਪਾਲ, ਸੁਖਦੀਪ ਕੌਰ, ਰਮਨੀਕ ਕੌਰ ਮੈਂਬਰ ਹਾਜ਼ਰ ਸਨ।


Related News