ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਦੀ ਆਪਸੀ ਖਿੱਚੋਤਾਣ ਕਾਰਨ ਖਪਤਕਾਰ ਕਣਕ ਤੋਂ ਵਾਂਝੇ

09/18/2018 1:36:58 AM

ਮਲੋਟ, (ਜੁਨੇਜਾ)- ਮਲੋਟ ਵਿਖੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਦੀ ਆਪਸੀ ਖਿੱਚੋਤਾਣ ਕਾਰਨ ਸੈਂਕਡ਼ੇ ਖਪਤਕਾਰ ਕੇਂਦਰ ਸਰਕਾਰ ਦੀ ਰਾਸ਼ਟਰੀ ਖੁਰਾਕ ਸੁਰੱਖਿਆ ਨਿਯਮ ਸਕੀਮ ਤੋਂ ਵਾਂਝੇ ਰਹਿ ਜਾਂਦੇ ਹਨ।  ਮਲੋਟ ਵਿਖੇ ਰਿਖੀ ਰਾਮ ਸਰਦਾਰੀ ਲਾਲ ਦੇ ਡਿਪੂ ’ਤੇ ਅਜੇ ਅੱਧੇ ਖਪਤਕਾਰਾਂ ਨੂੰ ਕਣਕ ਨਹੀਂ ਮਿਲੀ, ਜਿਸ ਕਰ ਕੇ ਖਪਤਕਾਰਾਂ ’ਚ ਸਹਿਮ ਪਾਇਆ ਜਾ ਰਿਹਾ ਹੈ ਕਿ ਕਿਤੇ ਪਿਛਲੀ ਵਾਰ ਵਾਂਗ ਇਸ ਵਾਰ ਫਿਰ ਅਨੇਕਾਂ ਖਪਤਕਾਰ ਕਣਕ ਤੋਂ ਵਾਂਝੇ ਨਾ ਰਹਿ ਜਾਣ, ਜਦਕਿ ਵਿਭਾਗ ਦੇ ਇੰਸਪੈਕਟਰ ਦੀ ਲਾਪ੍ਰਵਾਹੀ ਕਰ ਕੇ ਵੱਖ-ਵੱਖ ਡਿਪੂਆਂ ਤੋਂ ਖਪਤਕਾਰਾਂ ਨੂੰ 2700 ਕੁਇੰਟਲ ਬਕਾਇਆ ਕਣਕ ਮਿਲੀ ਹੀ ਨਹੀਂ ਸੀ। ਅਜਿਹਾ ਇੰਸਪੈਕਟਰਾਂ ਦੀ ਖਿੱਚੋਤਾਣ ਅਤੇ ਡਿਪੂ ਹੋਲਡਰਾਂ ਤੇ ਇੰਸਪੈਕਟਰਾਂ ’ਚ ਭ੍ਰਿਸ਼ਟਾਚਾਰ ਹੋਣ ਕਰ ਕੇ ਹੋ ਰਿਹਾ ਹੈ। 
ਕੀ ਕਹਿਣਾ ਹੈ ਡਿਪੂ ਹੋਲਡਰ ਦਾ
 ਵੱਖ-ਵੱਖ ਖਪਤਕਾਰਾਂ ਦੀ ਸ਼ਿਕਾਇਤ ਪਿੱਛੋਂ ਇਸ ਮਾਮਲੇ ’ਤੇ ਡਿਪੂ ਹੋਲਡਰ ਰਿਖੀ ਰਾਮ ਜੱਗਾ ਨੇ ਦੋਸ਼ ਲਾਇਆ ਹੈ ਕਿ ਇੰਸਪੈਕਟਰ ਪੰਕਜ ਕੁਮਾਰ ਉਸ ਨੂੰ ਜਾਣ-ਬੁੱਝ ਕੇ ਤੰਗ ਕਰ ਰਿਹਾ ਹੈ। ਬਾਕੀ ਡਿਪੂ ਹੋਲਡਰਾਂ ਨੂੰ ਅਗਸਤ ਦੇ ਪਹਿਲੇ ਹਫਤੇ ਕਣਕ ਜਾਰੀ ਕਰ ਗਈ ਦਿੱਤੀ ਸੀ ਪਰ ਉਸ ਕੋਲ ਸਤੰਬਰ ਦੀ 7 ਤਰੀਕ ਨੂੰ ਕਣਕ ਆਈ ਹੈ। ਇਸ ਉਪਰੰਤ ਉਸ ਨੂੰ ਮਸ਼ੀਨ ਦਿੱਤੀ, ਜਿਹਡ਼ੀ ਦੋ ਦਿਨਾਂ ਬਾਅਦ ਖਰਾਬ ਹੋ ਗਈ ਅਤੇ ਫਿਰ ਉਸ ਦੀ ਗੱਲ ਨਹੀਂ ਸੁਣੀ। ਡਿਪੂ ਹੋਲਡਰ ਦਾ ਦੋਸ਼ ਹੈ ਕਿ ਪਿਛਲੀ ਵਾਰ ਵੀ ਉਸ ਨੂੰ 130 ਕੁਵਿੰਟਲ ਕਣਕ ਘੱਟ ਦਿੱਤੀ ਗਈ ਸੀ ਅਤੇ ਇੰਸਪੈਕਟਰ ਵੱਲੋਂ ਵੱਡੀ ਪੱਧਰ ’ਤੇ ਕਾਰਡਾਂ ਨੂੰ ਡਿਪੂਆਂ ਉੱਤੇ ਲਾਉਣ ਵਿਚ ਗਡ਼ਬਡ਼ ਕਰ ਕੇ ਚਹੇਤੇ ਡਿਪੂ ਹੋਲਡਰਾਂ ਨੂੰ ਖੁਸ਼ ਕੀਤਾ ਹੈ। 
ਕੀ ਕਹਿਣਾ ਹੈ ਅਧਿਕਾਰੀਅਾਂ ਦਾ
 ਇੰਸਪੈਕਟਰ ਪੰਕਜ ਕੁਮਾਰ  ਦਾ ਕਹਿਣਾ ਹੈ ਕਿ ਕਣਕ ਘੱਟ-ਵੱਧ ਦੇਣ ਜਾਂ ਡਿਪੂਆਂ ’ਤੇ ਕਾਰਡ ਲਾਉਣਾ, ਉਸ ਦੇ ਅਧਿਕਾਰ ’ਚ ਨਹੀਂ। ਮਸ਼ੀਨਾਂ ਘੱਟ ਹੋਣ ਕਰ ਕੇ   ਰਿਖੀ ਰਾਮ ਵਾਲਾ ਡਿਪੂ ਇੰਸਪੈਕਟਰ ਸ਼ਿੰਦਰ ਕੁਮਾਰ ਨਾਲ ਜੁਡ਼ਿਆ ਹੈ ਅਤੇ ਬਾਕੀ ਕਣਕ ਉਹ ਵੰਡੇਗਾ।  ਉੱਧਰ, ਇਸ ਮਾਮਲੇ ਸਬੰਧੀ ਇੰਸਪੈਕਟਰ ਸ਼ਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਸ ਕੋਲ ਪਿੰਡਾਂ ਦੇ ਡਿਪੂ ਹਨ। ਇਸ ਲਈ ਉਸ ਦਾ ਸ਼ਹਿਰਾਂ ਦੇ ਡਿਪੂਆਂ ਨਾਲ ਕੋਈ ਮਤਲਬ ਨਹੀਂ ਅਤੇ ਸ਼ਹਿਰ ਦੇ ਡਿਪੂ ਦਾ ਚਾਰਜ ਪੰਕਜ ਕੁਮਾਰ ਕੋਲ ਹੈ। 
ਕੀ ਕਹਿੰਦੇ ਨੇ ਜ਼ਿਲਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ
 ਜ਼ਿਲਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਦੀਵਾਨ ਚੰਦ ਸ਼ਰਮਾ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੀ ਵਾਰ 2700 ਕੁਇੰਟਲ ਕਣਕ ਨਾ ਚੁੱਕਣ ਦਾ ਮਾਮਲਾ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਹੈ ਅਤੇ ਪੰਕਜ ਕੁਮਾਰ ਵਿਰੁੱਧ ਪਹਿਲਾਂ ਵੀ ਜਾਂਚ ਚੱਲ ਰਹੀ ਹੈ। 
 ਜ਼ਿਲਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਨਾਲ ਇਸ ਮਾਮਲੇ ’ਤੇ ਗੱਲ ਕਰ ਕੇ ਸਪਲਾਈ ਨੂੰ ਸਹੀ ਕਰਵਾਇਆ ਜਾਵੇਗਾ ਅਤੇ ਜ਼ਿੰਮੇਵਾਰ ਇੰਸਪੈਕਟਰਾਂ ਤੇ ਡਿਪੂ ਹੋਲਡਰਾਂ ਵਿਰੁੱਧ  ਸਖ਼ਤ ਕਾਰਵਾਈ ਕਰਨ ਦੀ ਲੋਡ਼ ਹੈ।  
    -ਐੱਸ. ਡੀ. ਐੱਮ. ਗੋਪਾਲ ਸਿੰਘ 


Related News