ਆਸਟਰੇਲੀਆ ਭੇਜਣ ਦੇ ਨਾਂ ’ਤੇ ਠੱਗੇ ਸਾਢੇ 7 ਲੱਖ ਰੁਪਏ

09/18/2018 1:29:37 AM

ਮਲੋਟ, (ਜੁਨੇਜਾ)- ਵਿਦੇਸ਼ ਭੇਜਣ ਦੇ ਨਾਂ ’ਤੇ ਸਾਢੇ 7 ਲੱਖ ਰੁਪਏ ਦੀ ਠੱਗੀ ਮਾਰਨ ਦੇ ਕਥਿਤ ਦੋਸ਼ ’ਚ ਥਾਣਾ ਸਿਟੀ ਪੁਲਸ ਨੇ ਮਲੋਟ ਦੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ। 
ਨਾਇਬ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਦਾਨ ਸਿੰਘ ਵਾਲਾ ਤਹਿਸੀਲ ਗੋਨਿਆਣਾ ਨੇ ਸਿਟੀ ਪੁਲਸ ਕੋਲ ਸ਼ਿਕਾਇਤ ਕੀਤੀ ਕਿ ਉਸ ਨੂੰ ਜਾਣਕਾਰ ਮਨਪ੍ਰੀਤ ਨੇ ਮੱਖਣ ਬਾਬਾ ਉਰਫ ਜਸਕਰਨ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਜੀਵਨ ਨਗਰ ਹਾਲ ਅਾਬਾਦ ਗਡਾਊਨ ਰੋਡ ਪ੍ਰੀਤ ਨਗਰ, ਮਲੋਟ ਨਾਲ ਮਿਲਾਇਆ। ਮੱਖਣ ਬਾਬਾ ਨੇ ਉਨ੍ਹਾਂ ਨੂੰ ਦੱਸਿਆ ਕਿ ਅਾਸਟਰੇਲੀਆ ਵਿਚ ਉਸ ਦੇ ਭਰਾ ਦਾ ਕੰਸਟਰੱਕਸ਼ਨ ਦਾ ਕੰਮ ਹੈ, ਜਿਸ ਵਿਚ ਲੇਬਰ ਦੀ ਜ਼ਰੂਰਤ ਹੈ, ਜੇਕਰ ਤੁਹਾਡੇ ਕੋਲ ਕੋਈ ਬਾਹਰ ਜਾਣ ਦਾ ਚਾਹਵਾਨ ਹੈ ਤਾਂ ਦੱਸੋ ਮੈਂ ਕੰਮ ਕਰਵਾ ਦੇਵਾਂਗਾ। 
ਨਾਇਬ ਸਿੰਘ  ਅਨੁਸਾਰ ਉਸ ਨੇ ਆਪਣੇ ਘਰ ਜਾ ਕੇ ਗੱਲ ਕੀਤੀ ਤਾਂ ਉਸ ਦਾ ਭਤੀਜਾ ਜਸਕੀਰਤ ਸਿੰਘ ਪੁੱਤਰ ਗੁਰਸੇਵਕ ਸਿੰਘ, ਜਿਸ ਨੇ 12ਵੀਂ ਪਾਸ ਕੀਤੀ ਸੀ, ਨੂੰ ਬਾਹਰ ਭੇਜਣ ਦੀ ਸਲਾਹ ਬਣਾਈ। ਇਸ ਲਈ ਉਨ੍ਹਾਂ ਆਪਣਾ ਮਕਾਨ ਸਾਢੇ 7 ਲੱਖ ਵਿਚ ਰਵਿੰਦਰ ਸਿੰਘ ਨੂੰ ਵੇਚਿਆ ਅਤੇ ਇਹ ਪੈਸੇ ਮੱਖਣ ਬਾਬਾ ਨੂੰ ਦੇ ਦਿੱਤੇ। 
ਸ਼ਿਕਾਇਤਕਰਤਾ ਅਨੁਸਾਰ ਉਸ ਨੇ ਕਈ ਮਹੀਨੇ ਉਡੀਕਿਆ ਪਰ ਜਦੋਂ ਉਸ ਨੂੰ ਵਾਰ-ਵਾਰ ਚੱਕਰ ਮਰਵਾਏ ਗਏ ਤਾਂ ਉਨ੍ਹਾਂ ਮੱਖਣ  ਨਾਲ ਗੱਲ ਕੀਤੀ ਕਿ ਜਾਂ ਤਾਂ ਲਡ਼ਕਾ ਬਾਹਰ ਭੇਜੋ ਜਾਂ ਪੈਸੇ ਵਾਪਸ ਕਰੋ ਤਾਂ ਉਸ ਨੇ ਕਿਹਾ ਕਿ ਉਹ ਨੇ ਠੱਗੀ ਮਾਰਨੀ ਸੀ, ਮਾਰ ਲਈ। ਇਸ ਮਾਮਲੇ ਦੀ ਸਿਟੀ ਮਲੋਟ ਪੁਲਸ ਦੇ ਮੁੱਖ ਅਫ਼ਸਰ ਇੰਸਪੈਕਟਰ ਸੁਖਜੀਤ ਸਿੰਘ ਨੇ ਪਡ਼ਤਾਲ ਕੀਤੀ ਤਾਂ ਨਾਇਬ ਸਿੰਘ ਵੱਲੋਂ ਲਾਏ ਦੋਸ਼ ਸਹੀ ਪਾਏ ਗਏ। ਇਸ ’ਤੇ ਉਕਤ ਥਾਣਾ ’ਚ ਮੱਖਣ ਬਾਬਾ ਉਰਫ ਜਸਕਰਨ ਸਿੰਘ ਪੁੱਤਰ ਦਿਆਲ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਅਗਲੇਰੀ ਸਬ-ਇੰਸਪੈਕਟਰ ਸੰਤਾ ਸਿੰਘ ਕਰ ਰਹੇ ਹਨ।


Related News