ਮੁੱਖ ਮੰਤਰੀ ਜੀ! ਸੁਣ ਲਓ ਗੱਲ, ਬੇਸਹਾਰਾ ਪਸ਼ੂਆਂ ਦਾ ਕਰ ਦਿਓ ਹੱਲ

09/18/2018 1:21:56 AM

ਸ੍ਰੀ ਮੁਕਤਸਰ ਸਾਹਿਬ, (ਦਰਦੀ, ਪਵਨ)- ਬੀਤੇ ਦਿਨੀਂ ਲਿਟਲ ਫਲਾਵਰ ਕਾਨਵੈਂਟ ਸਕੂਲ ਸ੍ਰੀ ਮੁਕਤਸਰ ਸਾਹਿਬ ਦੇ 10ਵੀਂ ਕਲਾਸ ਦੇ ਵਿਦਿਆਰਥੀ ਗੁਰਸ਼ਾਨ ਸਿੰਘ ਸੰਧੂ ਪੁੱਤਰ ਗੁਰਪ੍ਰੀਤ ਸਿੰਘ ਸੰਧੂ ਵਾਸੀ ਪਿੰਡ ਜੰਮੂਆਣਾ ਦੇ ਮੋਟਰਸਾਈਕਲ ਨਾਲ ਬੇਸਹਾਰਾ ਪਸ਼ੂ ਟਕਰਾਉਣ ਕਰ ਕੇ ਗੁਰਸ਼ਾਨ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਸੀ, ਜਦਕਿ ਦੂਜਾ ਵਿਦਿਆਰਥੀ ਅਰਮਾਨ ਸਿੰਘ ਪੁੱਤਰ ਸਵ. ਸੁਖਰਾਜ ਸਿੰਘ ਸਰਾਂ ਪਿੰਡ ਰਹੂਡ਼ਿਆਂ ਵਾਲੀ ਗੰਭੀਰ ਜ਼ਖ਼ਮੀ ਹੋ ਗਿਆ ਸੀ।  ਇਸ  ਦੌਰਾਨ  ਜਦੋਂ ਮੋਟਰਸਾਈਕਲ ਸਡ਼ਕ ’ਤੇ ਡਿੱਗਿਆ ਤਾਂ ਉਸ ਕੋਲੋਂ ਲੰਘ ਰਹੀ ਟਰੈਕਟਰ-ਟਰਾਲੀ ਦਾ ਚਾਲਕ ਘਬਰਾ ਗਿਆ ਅਤੇ ਸਡ਼ਕ ’ਤੇ ਉਤਰਨ ਕਾਰਨ ਟਰਾਲੀ ਪਲਟ ਗਈ। ਇਸ ਦਾ ਵਿਰੋਧ ਕਰਦਿਅਾਂ ਵਿਦਿਆਰਥੀਆਂ, ਸ਼ਹਿਰ ਵਾਸੀਆਂ, ਮਾਪਿਆਂ, ਅਧਿਆਪਕ ਵਰਗ, ਸਾਹਿਤਕਾਰ ਅਤੇ ਸਮਾਜ ਸੇਵੀਆਂ ਨੇ ਸ਼ਹਿਰ ’ਚ ਬੇਸਹਾਰਾ ਪਸ਼ੂਆਂ ਅਤੇ ਟਰੈਫਿਕ ਸਮੱਸਿਆ ਦੇ ਹੱਲ ਲਈ ਏ. ਡੀ. ਸੀ. ਡਾ. ਰਿਚਾ ਨੂੰ  ਇਕ ਮੰਗ-ਪੱਤਰ  ਮੁੱਖ ਮੰਤਰੀ ਦੇ ਨਾਂ ਦਿੱਤਾ। ਇਸ ਕਰ ਕੇ ਅੱਜ ਵਿਦਿਆਰਥੀਆਂ ਅਤੇ ਸ਼ਹਿਰ ਵਾਸੀਆਂ ਨੇ ਸ਼ਹਿਰ ’ਚ ਸੋਗ ਅਤੇ ਚੇਤਨਾ ਮਾਰਚ ਕੱਢਿਆ ਗਿਆ। 
ਇਸ ਚੇਤਨਾ ਮਾਰਚ ਦੌਰਾਨ ਵਿਦਿਆਰਥੀਆਂ ਦੇ ਹੱਥ ’ਚ ਫੜੀਅਾਂ ਤਖਤੀਆਂ ’ਤੇ ਲਿਖਿਆ, ‘ਮੁੱਖ ਮੰਤਰੀ ਜੀ! ਸੁਣ ਲਓ ਗੱਲ, ਬੇਸਹਾਰਾ ਪਸ਼ੂਆਂ ਦਾ ਕਰ ਦਿਓ ਹੱਲ’, ‘ਸਾਡੇ ਦੋਸਤ ਨੂੰ ਸ਼ਰਧਾਂਜਲੀ ਦੀ ਨਹੀਂ, ਇਨਸਾਫ਼ ਦੀ ਲੋਡ਼ ਹੈ’, ‘ਲੋਕਾਂ ਦੀ ਇਕੋ ਪੁਕਾਰ, ਬੇਸਹਾਰਾ ਪਸ਼ੂਆਂ ਦੀ ਲੈ ਲੋ ਸਾਰ’, ‘ਬੱਚਿਆਂ ਦੀ ਇਹ ਸੁਣੋ ਪੁਕਾਰ, ਸਾਡੇ ਸ਼ਹਿਰ ਦੀ ਲੈ ਲੋ ਸਾਰ’ ਆਦਿ ਨਾਲ ਸ਼ਹਿਰ ਵਿਚ ਮਾਰਚ ਕੱਢਿਆ ਗਿਆ। ਇਹ ਮਾਰਚ ਲਿਟਲ ਫਲਾਵਰ ਸਕੂਲ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਵਿਚ ਆ ਕੇ ਸਮਾਪਤ ਹੋਇਆ। 


Related News