ਮਜ਼ਦੂਰਾਂ ਨੇ ਜੱਸੇਆਣਾ ਦੀ ਪੰਚਾਇਤੀ ਜ਼ਮੀਨ ’ਤੇ ਕੀਤਾ ਕਬਜ਼ਾ

09/18/2018 1:27:00 AM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)- ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਪਿੰਡ ਜੱਸੇਆਣਾ ਵਿਖੇ ਖੇਤ ਮਜ਼ਦੂਰਾਂ ਨੇ ਪਿੰਡ ਦੀ ਪੰਚਾਇਤੀ ਜ਼ਮੀਨ ’ਤੇ 5-5 ਮਰਲਿਆਂ ਦੇ ਪਲਾਟਾਂ ਵਿਚ ਘਰ ਬਣਾਉਣ ਲਈ ਕਬਜ਼ਾ ਕਰ ਲਿਆ ਹੈ। ਇਸ ਮੌਕੇ ਸਿਵਲ ਪ੍ਰਸ਼ਾਸਨ ਵੱਲੋਂ ਬੀ. ਡੀ. ਪੀ. ਓ., ਤਹਿਸੀਲਦਾਰ ਅਤੇ ਪੁਲਸ ਵੀ ਪਹੁੰਚੀ ਹੋਈ ਸੀ।  ਇਕੱਠੇ ਹੋਏ ਮਜ਼ਦੂਰਾਂ ਨੇ ਸਵੇਰ ਵੇਲੇ ਹੀ ਪੰਚਾਇਤੀ ਜ਼ਮੀਨ ’ਤੇ ਜਾ ਕੇ ਕਬਜ਼ਾ ਕਰ ਲਿਆ ਸੀ। ਭਾਵੇਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਬਜ਼ਾ ਛੱਡਣ ਲਈ ਕਿਹਾ ਪਰ ਮਜ਼ਦੂਰਾਂ ਨੇ ਨਾਂਹ ਕਰ ਦਿੱਤੀ। 
ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਜਗਜੀਤ ਸਿੰਘ ਜੱਸੇਆਣਾ, ਜ਼ਿਲਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜ਼ਿਲਾ ਵਿੱਤ ਸਕੱਤਰ ਜਸਵਿੰਦਰ ਸਿੰਘ ਸੰਗੂਧੌਣ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਕ ਗਰੀਬ ਲੋਕਾਂ ਨੂੰ ਘਰ ਬਣਾਉਣ ਲਈ 5-5 ਮਰਲਿਆਂ ਦੇ ਪਲਾਟ ਨਹੀਂ ਦੇ ਰਹੀ। ਇਸ ਕਰ ਕੇ ਮਜ਼ਦੂਰਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਮੌਕੇ ਮਜ਼ਦੂਰਾਂ ਨੇ  ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਪਤਾ ਲੱਗਾ ਹੈ ਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮਸਲਾ ਗੱਲਬਾਤ ਰਾਹੀਂ ਹੱਲ ਕਰਨ ਦਾ ਭਰੋਸਾ ਦਿਵਾਇਆ ਹੈ। 


Related News