ਬਾਈਪਾਸ ਦੇ ਨਿਰਮਾਣ ਅਧੀਨ ਲੋਪੋਂ ਰੋਡ ’ਤੇ ਨਹੀਂ ਛੱਡਿਆ ਕੋਈ ਕੱਟ, ਲੋਕਾਂ ’ਚ ਰੋਸ

09/18/2018 1:00:01 AM

ਬੱਧਨੀ ਕਲਾਂ, (ਬੱਬੀ)- ਜਲੰਧਰ ਤੋਂ ਦਿੱਲੀ ਤੱਕ ਬਣ ਰਹੀ ਚਾਰ ਮਾਰਗੀ ਸਡ਼ਕ ਦੇ ਨਿਰਮਾਣ ਅਧੀਨ ਕਸਬਾ ਬੱਧਨੀ ਕਲਾਂ ਵਿਖੇ ਬਣਾਏ ਜਾ ਰਹੇ ਬਾਈਪਾਸ ’ਚ ਲੋਪੋਂ ਬੱਧਨੀ ਰੋਡ ’ਤੇ ਕੋਈ ਪੁਲ ਤੇ ਨਾ ਹੀ ਕੋਈ ਕੱਟ ਛੱਡਣ ਕਾਰਨ ਪਿੰਡ ਲੋਪੋਂ ਸਮੇਤ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।  ਅੱਜ ਪਿੰਡ ਲੋਪੋਂ ਵਿਖੇ ਹੋਏ ਇਕੱਠ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਲੋਪੋਂ, ਕੁਲਵੰਤ ਸਿੰਘ ਪ੍ਰਧਾਨ, ਬੇਅੰਤ ਸਿੰਘ, ਦਰਸ਼ਨ ਸਿੰਘ, ਮੋਹਨ ਸਿੰਘ, ਨਾਹਰ ਸਿੰਘ, ਜੀਤਾ ਸਿੰਘ, ਮੰਦਰ ਸਿੰਘ, ਨੋਹਰ ਸਿੰਘ, ਬਖੀਰ ਸਿੰਘ, ਜੀਤ ਸਿੰਘ, ਗੁਰਮੇਲ ਸਿੰਘ ਬਲਾਕ ਪ੍ਰਧਾਨ ਆਦਿ ਨੇ ਸਡ਼ਕ ਦਾ ਨਿਰਮਾਣ ਕਰਨ ਵਾਲੀ ਕੰਪਨੀ ਖਿਲਾਫ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਬੱਧਨੀ ਕਲਾਂ ਵਿਖੇ ਬਣਾਏ ਜਾ ਰਹੇ ਇਸ  ਬਾਈਪਾਸ ’ਚ ਲੋਪੋਂ ਰੋਡ ’ਤੇ ਕੋਈ ਵੀ ਪੁਲ ਤੇ ਕੱਟ ਨਾ ਹੋਣ ਕਾਰਨ ਨਾਲ ਲੱਗਦੇ ਅਨੇਕਾਂ ਪਿੰਡਾਂ ਦੇ ਲੋਕਾਂ ਨੂੰ ਬੱਧਨੀ ਕਲਾਂ ਵਿਖੇ ਬਣੇ ਪੁਲਸ ਸਟੇਸ਼ਨ, ਬਿਜਲੀ ਦਫਤਰ, ਸਬ- ਤਹਿਸੀਲ, ਟੈਲੀਫੋਨ ਐਕਸਚੇਂਜ, ਡਾਕਘਰ, ਹਸਪਤਾਲ, ਬੈਂਕ, ਫੂਡ ਸਪਲਾਈ ਦਫਤਰ ਤੇ ਹੋਰ ਕੰਮਾਂ ਸਬੰਧੀ ਜੋ  ਆਉਣ ਵਾਲੇ ਸਮੇਂ ’ਚ ਮੁਸੀਬਤ ਖ਼ਡ਼੍ਹੀ ਹੋਣੀ ਹੈ, ਉਸ ਦਾ ਸਡ਼ਕ ਨਿਰਮਾਣ ਵਾਲੀ ਕੰਪਨੀ ਨੂੰ ਕੋਈ ਖਿਆਲ ਨਹੀਂ। 
ਉਨ੍ਹਾਂ ਕਿਹਾ ਕਿ ਬੱਧਨੀ  ਕਲਾਂ ਲੋਪੋਂ ਰੋਡ ਦਮਦਮਾ ਸਾਹਿਬ ਤੋਂ ਵਾਇਆ ਨਿਹਾਲ ਸਿੰਘ ਵਾਲਾ ਬੱਧਨੀ ਕਲਾਂ ਤੋਂ ਹੁੰਦੀ ਹੋਈ ਜਗਰਾਓਂ ਲੁਧਿਆਣਾ ਹਾਈਵੇ ਨਾਲ ਮਿਲਦੀ ਹੈ ਤੇ  ਰੋਜ਼ਾਨਾ ਹਜ਼ਾਰਾਂ ਵਾਹਨ ਇਸ ਰੋਡ ਤੋਂ ਨਿਕਲਦੇ ਹਨ। ਬਾਈਪਾਸ ਮੁਕੰਮਲ ਹੋਣ ਤੋਂ ਬਾਅਦ ਲੋਪੋਂ ਬੱਧਨੀ ਦਾ ਇਹ ਰੋਡ ਆਵਾਜਾਈ ਪੱਖੋਂ ਬਿਲਕੁਲ ਕੱਟਿਆ ਜਾਵੇਗਾ । ਆਗੂਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਚਾਰ ਮਾਰਗੀ ਸਡ਼ਕ ’ਤੇ ਆਉਂਦੇ  ਪਿੰਡਾਂ ਬੌਡੇ, ਬਿਲਾਸਪੁਰ, ਬੁੱਟਰ , ਡਾਲਾ ਆਦਿ ’ਚ ਲਿੰਕ ਸਡ਼ਕਾਂ ਦੀ ਆਵਾਜਾਈ ਨਿਰਵਿਘਨ ਚਾਲੂ ਰੱਖਣ ਲਈ ਕੰਪਨੀ ਵੱਲੋਂ ਪੁਲ ਅਤੇ ਕੱਟ ਬਣਾਏ ਜਾ ਰਹੇ ਹਨ ਪਰ ਛੇਂਵੇ ਪਾਤਿਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਇਤਹਾਸਕ ਪਿੰਡ ਲੋਪੋਂ ਵਾਲੇ ਰੋਡ ’ਤੇ ਬੱਧਨੀ ਕਲਾਂ ਵਿਖੇ ਇਕ ਵੀ ਪੁਲ ਜਾਂ ਕੱਟ ਨਹੀਂ ਛੱਡਿਆ ਗਿਆ, ਆਗੂਆਂ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਇਸ ਰੋਡ ’ਤੇ ਕੱਟ ਛਡਵਾਉਣ ਜਾਂ ਪੁਲ ਬਣਵਾਉਣ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਇਸ ਸਮੱਸਿਆ ਦਾ ਹੱਲ ਨਾ ਕੱਢਿਆ ਗਿਆ ਤਾਂ  ਉਨ੍ਹਾਂ  ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ।


Related News