7 ਦਿਨ ਬੀਤਣ ਦੇ ਬਾਵਜੂਦ ਪੁਲਸ ਨੇ ਨਹੀਂ ਕੀਤੀ ਕੋਈ ਕਾਰਵਾਈ

09/18/2018 12:52:41 AM

ਸਮਾਲਸਰ (ਬਾਘਾਪੁਰਾਣਾ), (ਸੁਰਿੰਦਰ)- ਮੋਗਾ ਜ਼ਿਲੇ ਦੇ ਨਾਲ ਸਬੰਧਤ ਪਿੰਡ ਰੋਡੇ ਅਤੇ ਬੁੱਧ ਸਿੰਘ ਵਾਲਾ ਦੇ ਦੋ ਵਿਅਕਤੀਆਂ ਵੱਲੋਂ ਬੀਤੇ ਦਿਨੀਂ ਰਵਿਦਾਸੀਅਾਂ ਭਾਈਚਾਰੇ ਖਿਲਾਫ ਫੋਨ ਉੱਪਰ ਕਥਿਤ ਤੌਰ ’ਤੇ ਅਪਸ਼ਬਦ ਬੋਲਣ ਅਤੇ ਮੰਦਭਾਗੀਆਂ ਗੱਲਾਂ ਕਰਨ ਦਾ ਮਾਮਲਾ ਅੱਜ ਉਸ ਸਮੇਂ ਗਰਮਾ ਗਿਆ ਜਦੋਂ ਪੁਲਸ ਵੱਲੋਂ ਉਕਤ ਦੋਹਾਂ ਵਿਅਕਤੀਆਂ ਖਿਲਾਫ ਕਥਿਤ ਤੌਰ ’ਤੇ ਬਣਦੀ ਕਾਰਵਾਈ 7 ਦਿਨ ਬੀਤਣ ਦੇ ਬਾਵਜੂਦ ਵੀ ਅਮਲ ’ਚ ਨਾ ਲਿਆਈ ਗਈ। ਇਸ ਕਾਰਨ ਰਵਿਦਾਸੀਅਾਂ ਭਾਈਚਾਰੇ ’ਚ ਭਾਰੀ ਰੋਸ ਫੈਲ ਗਿਆ ਅਤੇ ਭਾਈਚਾਰੇ ਨੇ ਪੁਲਸ ਪ੍ਰਸ਼ਾਸਨ ਖਿਲਾਫ ਰੋਸ ਜਾਹਿਰ ਕਰਦਿਆਂ ਉਕਤ ਦੋਹਾਂ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਜਲਦ ਤੋਂ ਜਲਦ ਨਾ ਕਰਨ ਦੀ ਸੂਰਤ ’ਚ ਸੰਘਰਸ਼ ਦਾ ਰਾਹ ਅਪਨਾਉਣ ਦੀ ਚੇਤਾਵਨੀ ਦਿੱਤੀ। 
ਇਸ ਮੌਕੇ ਸੇਵਾ ਮੁਕਤ ਲੈਕਚਰਾਰ ਅਜੀਤ ਕੁਮਾਰ, ਮੁਨੀਸ਼ ਕੁਮਾਰ ਲਾਲਾ, ਰਾਜ ਕੁਮਾਰ ਰਾਜਾ, ਅਸ਼ੋਕ ਕੁਮਾਰ, ਸੰਦੀਪ ਕੁਮਾਰ, ਰਾਮ ਲੁਭਾਇਆ, ਕੁਲਦੀਪ ਸਿੰਘ, ਗੋਬਿੰਦ ਸਿੰਘ, ਪਰਦਮਨ ਸਿੰਘ ਭੱਟੀ, ਸੁਖਪਾਲ ਸਿੰਘ, ਸੁਖਪ੍ਰੀਤ ਸਿੰਘ ਪੱਪੂ, ਛਿੰਦਰਪਾਲ, ਅਸ਼ੋਕ ਕੁਮਾਰ, ਕੁਲਦੀਪ ਕੌਰ, ਗੋਬਿੰਦ ਸਿੰਘ, ਸੋਨੀ, ਵੀਰਪਾਲ ਕੌਰ, ਰਜਨੀ ਦੇਵੀ, ਪਰਮਜੀਤ ਕੌਰ, ਗੁਰਪ੍ਰਕਾਸ਼ ਸਿੰਘ, ਕਮਲਜੀਤ, ਮਨਦੀਪ ਸਿੰਘ, ਗੁਰਪਾਲ ਸਿੰਘ, ਗੁਰਮੁੱਖ ਸਿੰਘ, ਬਲਦੇਵ ਸਿੰਘ, ਸ਼ਿਵਰਾਜ ਸਿੰਘ, ਕਸ਼ਮੀਰ ਕੌਰ, ਕੁਲਵੰਤ ਸਿੰਘ, ਬੇਅੰਤ ਸਿੰਘ, ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।
 ਭਾਈਚਾਰੇ ਨਾਲ ਸਬੰਧਤ ਅਜੀਤ ਕੁਮਾਰ ਲੈਕਚਰਾਰ, ਆਗੂ ਮਨੀਸ਼ ਕੁਮਾਰ ਲਾਲਾ, ਡਾ. ਸੁਖਵਿੰਦਰ ਸਿੰਘ, ਅਸ਼ੋਕ ਕੁਮਾਰ ਆਦਿ ਨੇ ਦੱਸਿਆ ਕਿ ਸਮਾਜਿਕ ਅਤੇ ਧਾਰਮਿਕ ਕਾਰਜਾਂ ਦੀ ਲਡ਼ੀ ਅਨੁਸਾਰ ਸਮੂਹ ਰਵਿਦਾਸੀਆ ਭਾਈਚਾਰਾ ਬਾਘਾਪੁਰਾਣਾ, ਸਮਾਜ ਭਲਾਈ ਕਲੱਬ ਬਾਘਾਪੁਰਾਣਾ, ਗੁਰਦੁਆਰਾ ਬਾਬਾ ਜੀਵਨ ਸਿੰਘ (ਸੰਗਤਸਰ) ਮੁਗਲੂ ਪੱਤੀ ਦੀ ਕਮੇਟੀ, ਬਾਬਾ ਬੰਤ ਸਿੰਘ ਵੈੱਲਫੇਅਰ ਕਲੱਬ ਬਾਘਾਪੁਰਾਣਾ ਅਤੇ  ਧੰਨ-ਧੰਨ ਬਾਬਾ ਜੀਵਨ ਸਿੰਘ ਕਰ ਭਲਾ ਹੋ ਭਲਾ ਸੋਸਾਇਟੀ ਵੱਲੋਂ ਸ਼੍ਰੋਮਣੀ ਸ਼ਹੀਦ ਧੰਨ-ਧੰਨ ਬਾਬਾ ਜੀਵਨ ਸਿੰਘ ਜੀ ਦੇ ਅਵਤਾਰ ਦਿਹਾਡ਼ੇ ਨੂੰ ਸਮਰਪਿਤ ਬੀਤੀ 12 ਅਗਸਤ ਨੂੰ ਉਕਤ ਸੁਸਾਇਟੀਆਂ ਦੇ ਨੁਮਾਇੰਦਿਆਂ ਵੱਲੋਂ ਗੁਰਦੁਆਰਾ ਵਿਖੇ ਮੀਟਿੰਗ ਕਰਕੇ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਸੀ ਅਤੇ ਉਕਤ ਸੰਸਥਾਵਾਂ ਵੱਲੋਂ ਮਿਲਕੇ 28 ਅਗਸਤ ਤੋਂ 2 ਸਤੰਬਰ ਤੱਕ ਬਾਘਾਪੁਰਾਣਾ ਵਿਖੇ ਸਮਾਗਮ ਕਰਵਾ ਕੇ ਨਗਰ ਕੀਰਤਨ ਸਜਾਇਆ ਗਿਆ ਸੀ। ਸਮਾਗਮ ਉਪਰੰਤ ਜਦੋਂ ਅਸੀਂ ਸਹਿਯੋਗ ਕਰਨ ਵਾਲੀ ਇਕ ਸੰਸਥਾ ਦੇ ਅਹੁਦੇਦਾਰਾਂ ਪਾਸੋਂ ਸਮਾਗਮ ਲਈ ਇਕੱਠੀ ਕੀਤੀ ਰਾਸ਼ੀ ਸਬੰਧੀ ਗੱਲ ਕੀਤੀ ਤਾਂ ਉਸਨੇ ਲੇਖਾ-ਜੋਖਾ ਦੇਣ ਦੀ ਬਜਾਏ ਫੋਨ ਉੱਪਰ ਰਵੀਦਾਸੀਏ ਭਾਈਚਾਰੇ ਖਿਲਾਫ ਜਿਥੇ ਕਥਿਤ ਤੌਰ ’ਤੇ ਮੰਦਾਚੰਗਾ ਆਖਿਆ, ਉੱਥੇ ਸਮੂਹ ਭਾਈਚਾਰੇ ਖਿਲਾਫ ਅਪਸ਼ਬਦ ਵੀ ਬੋਲੇ, ਜਿਸ ਕਾਰਨ ਸਮੂੰਹ ਭਾਈਚਾਰੇ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਸੰਸਥਾਵਾਂ ਦਾ ਮਕਸਦ ਸਿਰਫ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣਾ ਹੈ ਪਰ ਉਕਤ ਵਿਅਕਤੀ ਵੱਲੋਂ ਭਾਈਚਾਰੇ ਖਿਲਾਫ ਬੋਲਣਾ ਗਲਤ ਹੈ, ਜਿਸਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।  
ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਉਕਤ ਵਿਅਕਤੀ ਖਿਲਾਫ ਬਣਦੀ ਕਾਰਵਾਈ ਕਰਵਾਉਣ ਲਈ ਸੰਸਥਾਵਾਂ ਵੱਲੋਂ ਮਿਲਕੇ ਇਕ ਸਾਂਝੀ ਸ਼ਿਕਾਇਤ ਜ਼ਿਲਾ ਪੁਲਸ ਪ੍ਰਸ਼ਾਸਨ ਦੇ ਇਕ ਉੱਚ ਅਧਿਕਾਰੀ ਨੂੰ ਕੀਤੀ ਗਈ ਸੀ, ਪਰ ਸੱਤ ਦਿਨ ਬੀਤਣ ਦੇ ਬਾਵਜੂਦ ਵੀ ਪੁਲਸ ਵੱਲੋਂ ਉਕਤ ਦੋਹਾਂ ਵਿਅਕਤੀਆਂ ਖਿਲਾਫ ਬਣਦੀ ਕੋਈ ਕਾਰਵਾਈ ਅਮਲ ਨਹੀਂ ਲਿਆਂਦੀ ਗਈ, ਜਿਸ ਕਾਰਨ ਸਮੁੱਚੇ ਭਾਈਚਾਰੇ ’ਚਰੋਸ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਉਕਤ ਦੋਹਾਂ ਵਿਅਕਤੀ ਖਿਲਾਫ ਬਣਦੀ ਕਾਰਵਾਈ ਜਲਦ ਤੋਂ ਜਲਦ ਨਾ ਕੀਤੀ ਤਾਂ ਭਾਈਚਾਰਾ ਸੰਘਰਸ਼ ਦਾ ਰਾਹ ਅਪਨਾਉਣ ਲਈ ਮਜਬੂਰ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਉਕਤ ਵਿਅਕਤੀ ਖਿਲਾਫ ਬਣਦੀ ਕਾਰਵਾਈ ਕਰਨ ਦੇ ਨਾਲ-ਨਾਲ ਉਕਤ ਵਿਅਕਤੀ ਵੱਲੋਂ ਚਲਾਈ ਜਾ ਰਹੀ ਸੰਸਥਾ ਦੀ ਰਜਿਸਟ੍ਰੇਸ਼ਨ ਵੀ ਭੰਗ ਕਰਵਾਈ ਜਾਵੇ।
ਕੀ ਕਹਿਣਾ ਹੈ ਡੀ. ਐੱਸ. ਪੀ. ਦਾ
 ਜਦ ਉਕਤ ਮਾਮਲੇ ਸਬੰਧੀ ਡੀ. ਐੱਸ. ਪੀ. ਬਾਘਾਪੁਰਾਣਾ ਰਣਜੋਧ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ। ਉਨ੍ਹਾਂ ਵੱਲੋਂ ਉਕਤ ਸ਼ਿਕਾਇਤ ਥਾਣਾ ਮੁਖੀ ਬਾਘਾਪੁਰਾਣਾ ਨੂੰ ਮਾਰਕ ਕਰ ਦਿੱਤੀ ਗਈ ਸੀ ਅਤੇ 7 ਦਿਨ ਦੇ ਅੰਦਰ-ਅੰਦਰ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲਾ ਪ੍ਰੀਸ਼ਦ ਅਤੇ ਚੋਣ ਸੰਮਤੀ ਦੀਆਂ ਵੋਟਾਂ ਹੋਣ ਦੇ ਕਾਰਨ ਵੀ ਪੁਲਸ ਪ੍ਰਸ਼ਾਸਨ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ। ਡੀ. ਐੱਸ. ਪੀ. ਰਣਜੋਧ ਸਿੰਘ ਨੇ ਕਿਹਾ ਕਿ ਉਕਤ ਦੋਨੋਂ ਦੋਸ਼ੀਆਂ  ਖਿਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।


Related News