ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਨੂੰਹ ਨੂੰ ਕੁੱਟ-ਮਾਰ ਕਰ ਕੇ ਘਰੋਂ ਕੱਢਿਆ

09/18/2018 12:46:26 AM

ਮੋਗਾ, (ਅਾਜ਼ਾਦ)- ਥਾਣਾ ਫਤਿਹਗਡ਼੍ਹ ਪੰਜਤੂਰ ਦੇ ਅਧੀਨ ਪੈਂਦੇ ਇਕ ਪਿੰਡ ਦੀ ਲਡ਼ਕੀ ਨੂੰ ਦਾਜ ਤੇ ਨਕਦੀ ਦੀ ਮੰਗ ਪੂਰੀ ਨਾ ਕਰਨ ’ਤੇ ਪਤੀ ਤੇ ਸਹੁਰੇ ਪਰਿਵਾਰ ਵੱਲੋਂ ਕੁੱਟ-ਮਾਰ ਕਰ ਕੇ ਘਰੋਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ।  ਜਾਣਕਾਰੀ  ਅਨੁਸਾਰ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀਡ਼ਤਾ ਦੇ ਭਰਾ ਗਗਨਦੀਪ ਸਿੰਘ ਨੇ ਕਿਹਾ ਕਿ ਉਸ ਦੀ ਭੈਣ ਦਾ ਵਿਆਹ ਕਰੀਬ 2 ਸਾਲ ਪਹਿਲਾਂ  ਰਾਜਵਿੰਦਰ ਸਿੰਘ ਪੁੱਤਰ ਮੰਗਲ ਸਿੰਘ ਨਿਵਾਸੀ ਪਿੰਡ ਡੱਬਵਾਲਾ ਕਲਾਂ (ਫਾਜ਼ਿਲਕਾ) ਨਾਲ ਹੋਇਆ ਸੀ। ਵਿਆਹ ਸਮੇਂ ਅਸੀਂ ਆਪਣੀ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ ਪਰ ਵਿਆਹ ਤੋਂ ਬਾਅਦ ਕਥਿਤ ਦੋਸ਼ੀ ਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰ ਉਸ ਨੂੰ ਦਾਜ ਤੇ ਨਕਦੀ ਲਈ ਤੰਗ-ਪ੍ਰੇਸ਼ਾਨ ਕਰਨ ਲੱਗੇ ਅਤੇ ਕਿਹਾ ਕਿ ਸਾਨੂੰ 5 ਲੱਖ ਰੁਪਏ ਟਰੱਕ ਖਰੀਦਣ  ਲਈ ਚਾਹੀਦੇ ਹਨ, ਜਿਸ ’ਤੇ ਸਾਡੀ ਭੈਣ ਨੇ ਸਾਨੂੰ ਦੱਸਿਆ ਤਾਂ ਅਸੀਂ ਕਥਿਤ ਦੋਸ਼ੀ ਰਾਜਵਿੰਦਰ ਸਿੰਘ ਦੇ ਇਲਾਵਾ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਸਮਝਾਉਣ ਦਾ ਯਤਨ ਕੀਤਾ ਪਰ ਉਨ੍ਹਾਂ ਮੇਰੀ ਭੈਣ ਨੂੰ ਤੰਗ- ਪ੍ਰੇਸ਼ਾਨ ਕਰਨ ਦੇ ਇਲਾਵਾ ਕੁੱਟ-ਮਾਰ ਕਰ ਕੇ ਘਰੋਂ ਬਾਹਰ ਕੱਢ ਦਿੱਤਾ। ਸ਼ਿਕਾਇਤ ਕਰਤਾ ਨੇ ਕਿਹਾ ਕਿ ਮੇਰੀ ਭੈਣ ਨੂੰ ਧੋਖੇ ’ਚ ਰੱਖ ਕੇ ਉਸ ਦੇ ਪਤੀ ਨੇ ਦੂਸਰਾ ਵਿਆਹ ਵੀ ਕਰਵਾਇਆ ਹੈ। ਪਤਾ ਲੱਗਣ ’ਤੇ ਅਸੀਂ ਉਸ ਦਾ ਵਿਰੋਧ ਕੀਤਾ। ਉਕਤ ਮਾਮਲੇ ਦੀ ਜਾਂਚ ਐੱਸ. ਪੀ. ਐੱਚ. ਫਾਜ਼ਿਲਕਾ ਵੱਲੋਂ ਕੀਤੀ ਗਈ। ਜਾਂਚ ਤੋਂ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ  ਕਥਿਤ  ਦੋਸ਼ੀ   ਰਾਜਵਿੰਦਰ ਖਿਲਾਫ  ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 


Related News