ਜੰਗਲ ’ਚੋਂ ਫ਼ਰਾਰ 2 ਲੁਟੇਰੇ ਅਜੇ ਵੀ ਪੁਲਸ ਦੀ ਪਹੁੰਚ ਤੋਂ ਬਾਹਰ

09/18/2018 12:47:06 AM

ਹੁਸ਼ਿਆਰਪੁਰ,   (ਅਮਰਿੰਦਰ)-  ਚਿੰਤਪੂਰਨੀ ਰੋਡ ’ਤੇ 12 ਸਤੰਬਰ ਨੂੰ ਸਾਈਕਲ ਸਵਾਰ  ਕੋਲੋਂ 10 ਹਜ਼ਾਰ ਰੁਪਏ ਲੁੱਟਣ ਉਪਰੰਤ ਗਗਰੇਟ (ਹਿਮਾਚਲ ਪ੍ਰਦੇਸ਼) ਦੇ ਜੰਗਲ ’ਚੋਂ ਫ਼ਰਾਰ 2 ਲੁਟੇਰੇ ਅਜੇ  ਵੀ ਪੁਲਸ ਦੀ ਪਹੁੰਚ ਤੋਂ ਬਾਹਰ ਹਨ। ਥਾਣਾ ਸਦਰ ਪੁਲਸ ਨੇ ਵਾਰਦਾਤ ਦੇ ਪਹਿਲੇ ਤੇ ਦੂਜੇ ਦਿਨ ਸਰਚ ਆਪ੍ਰੇਸ਼ਨ ਜ਼ਰੀਏ ਜੰਗਲ ’ਚੋਂ 2 ਦੋਸ਼ੀਆਂ ਗੁਰਮੀਤ ਸਿੰਘ ਉਰਫ਼ ਰਾਜੂ ਪੁੱਤਰ ਮੰਗਲ ਸਿੰਘ ਅਤੇ ਗੁਰਦੀਪ ਸਿੰਘ ਉਰਫ਼ ਦੀਪਾ ਪਿੰਡ ਨੱਥੂਚੱਕ ਜ਼ਿਲਾ ਤਰਨਤਾਰਨ ਨੂੰ ਕਾਬੂ ਕਰ ਕੇ ਵਾਰਦਾਤ ’ਚ ਵਰਤੀ  ਅਾਲਟੋ ਕਾਰ ਵੀ ਬਰਾਮਦ ਕਰ ਲਈ ਸੀ। ਦੋਵਾਂ ਦੋਸ਼ੀਆਂ ਗੁਰਮੀਤ ਸਿੰਘ ਅਤੇ ਗੁਰਦੀਪ ਸਿੰਘ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਡੀ.ਐੱਸ.ਪੀ. ਸਿਟੀ ਅਨਿਲ ਕੋਹਲੀ ਅਤੇ ਥਾਣਾ ਸਦਰ ਦੇ ਐੱਸ.ਐੱਚ.ਓ. ਰਾਜੇਸ਼ ਅਰੋਡ਼ਾ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਹੁਣ ਤੱਕ ਚੋਰੀਸ਼ੁਦਾ 2 ਮੋਟਰਸਾਈਕਲ, 2 ਅਾਲਟੋ ਕਾਰਾਂ ਅਤੇ ਇਕ ਛੋਟਾ ਹਾਥੀ ਬਰਾਮਦ ਕੀਤਾ ਹੈ, ਉੱਥੇ ਹੀ ਦੋਸ਼ੀਆਂ ਪਾਸੋਂ 12 ਬੋਰ ਦੀ ਦੋਨਾਲੀ ਬੰਦੂਕ ਤੇ 2 ਜ਼ਿੰਦਾ ਕਾਰਤੂਸ  ਬਰਾਮਦ ਕੀਤੇ ਹਨ।
ਦੋਵਾਂ ਦੋਸ਼ੀਆਂ ਨੂੰ ਜਲਦ ਕਰਾਂਗੇ ਗ੍ਰਿਫ਼ਤਾਰ : ਡੀ. ਐੱਸ. ਪੀ. : ਡੀ.ਐੱਸ.ਪੀ. ਅਨਿਲ ਕੋਹਲੀ ਨੇ ਦੱਸਿਆ ਕਿ 12 ਤੇ 13 ਸਤੰਬਰ ਨੂੰ ਗਗਰੇਟ ਦੇ ਜੰਗਲ ’ਚੋਂ ਥਾਣਾ ਮੁਖੀ ਰਾਜੇਸ਼ ਅਰੋਡ਼ਾ ਨੇ ਜਿਸ ਦਲੇਰੀ ਨਾਲ  4 ਦੋਸ਼ੀਆਂ ’ਚੋਂ 2 ਨੂੰ ਕਾਬੂ ਕਰ ਲਿਆ ਸੀ, ਉਹ ਸ਼ਲਾਘਾਯੋਗ ਹੈ। ਕਾਬੂ ਦੋਸ਼ੀਆਂ ਗੁਰਮੀਤ ਸਿੰਘ ਤੇ ਗੁਰਦੀਪ ਸਿੰਘ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਫਰਾਰ ਦੋਸ਼ੀਆਂ ਦੇ ਪਿੰਡ ਨੱਥੂਚੱਕ ’ਚ ਵੀ ਛਾਪਾ  ਮਾਰਿਆ ਸੀ। ਫ਼ਰਾਰ ਦੋਸ਼ੀਆਂ ਦੀ ਪਛਾਣ ਸੁਮਨਪ੍ਰੀਤ ਸਿੰਘ ਉਰਫ ਸੰਮਾ  ਅਤੇ ਬਲਜੀਤ ਸਿੰਘ ਉਰਫ ਬੱਬੂ ਵਜੋਂ ਹੋਈ ਹੈ। ਜਲਦ ਦੋਵਾਂ ਦੋਸ਼ੀਆਂ ਨੂੰ  ਗ੍ਰਿਫ਼ਤਾਰ ਕਰ ਲਵਾਂਗੇ। ਡੀ.ਐੱਸ.ਪੀ. ਨੇ ਦੱਸਿਆ ਕਿ 12 ਸਤੰਬਰ ਨੂੰ ਹੁਸ਼ਿਆਰਪੁਰ ਦੇ ਚੌਹਾਲ ’ਚੋਂ 10 ਹਜ਼ਾਰ ਰੁਪਏ ਲੁੱਟਣ  ਲਈ  ਵਰਤੀ  ਗਈ ਅਾਲਟੋ ਕਾਰ ਦੋਸ਼ੀਆਂ ਨੇ 31 ਅਗਸਤ ਨੂੰ ਗੋਇੰਦਵਾਲ ਨਜ਼ਦੀਕ ਮਲੋਟ ਦੇ ਕਿਸੇ ਵਪਾਰੀ   ਕੋਲੋਂ ਖੋਹੀ ਸੀ। ਪੁੱਛਗਿੱਛ ’ਚ ਦੋਸ਼ੀਆਂ ਨੇ ਮੰਨਿਆ ਹੈ ਕਿ ਪੁਲਸ ਵੱਲੋਂ ਬਰਾਮਦ ਮੋਟਰਸਾਈਕਲ ਅਤੇ ਟਾਟਾ ਏਸ ਉਨ੍ਹਾਂ ਅੰਮ੍ਰਿਤਸਰ ਤੇ ਤਰਨਤਾਰਨ ਇਲਾਕੇ ਵਿਚੋਂ ਲੁੱਟੇ ਸਨ। ਪੁਲਸ ਦੋਸ਼ੀਆਂ ਕੋਲੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ।


Related News