ਸ਼ਾਮ 5 ਵਜੇ ਤੋਂ ਬਾਅਦ ਵੀ ਰਜਿਸਟਰੀਆਂ ਨਾ ਕਰਨ ’ਤੇ ਤਹਿਸੀਲ ਕੰਪਲੈਕਸ ’ਚ ਹੰਗਾਮਾ

09/18/2018 12:29:23 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਤਹਿਸੀਲ ਕੰਪਲੈਕਸ ਵਿਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਪੰਜ ਵਜੇ ਤੋਂ ਬਾਅਦ ਵੀ ਤਹਿਸੀਲਦਾਰ ਵੱਲੋਂ ਰਜਿਸਟਰੀਆਂ ਨਾ ਕੀਤੀਆਂ ਗਈਆਂ ਅਤੇ ਭਡ਼ਕੇ ਹੋਏ ਲੋਕਾਂ ਨੇ ਡੀ.ਸੀ. ਦਫਤਰ ਅੱਗੇ ਧਰਨਾ ਲਾ ਦਿੱਤਾ ਅਤੇ ਤਹਿਸੀਲਦਾਰ ਵਿਰੁੱਧ  ਨਾਅਰੇਬਾਜ਼ੀ ਕੀਤੀ। ਡੀ.ਸੀ. ਦਫਤਰ ਦੇ ਧਰਨੇ ਤੋਂ ਬਾਅਦ ਰੋਸ ਮਾਰਚ ਦੇ ਰੂਪ ਵਿਚ ਲੋਕ ਤਹਿਸੀਲਦਾਰ ਦੇ ਦਫਤਰ ’ਚ ਚਲੇ ਗਏ। ਇਸ ਦੌਰਾਨ ਲੋਕਾਂ ਦੀ ਤਹਿਸੀਲਦਾਰ ਨਾਲ  ਬਹਿਸ ਵੀ ਹੋਈ। ਤਹਿਸੀਲਦਾਰ  ਵਿਰੁੱਧ ਸਾਰੀਆਂ ਪਾਰਟੀਆਂ ਦੇ ਆਗੂ ਵੀ ਇਕੱਠੇ ਹੋ ਗਏ। ਕਾਂਗਰਸ, ਭਾਜਪਾ ਅਤੇ ਅਕਾਲੀ ਲੀਡਰਾਂ ਨੇ ਤਹਿਸੀਲਦਾਰ ਵਿਰੁੱਧ ਜੰਮ ਕੇ ਭਡ਼ਾਸ ਕੱਢੀ। 
 ਸਵੇਰੇ 9 ਵਜੇ ਤੋਂ ਦਿੱਲੀ ਅਤੇ ਲੁਧਿਆਣਾ ਤੋਂ ਆ ਕੇ ਬੈਠੇ ਹਾਂ, ਨਹੀਂ ਹੋਈ  ਰਜਿਸਟਰੀ
 ®ਹਰਪਾਲ ਸਿੰਘ ਨੇ ਕਿਹਾ ਕਿ ਮੈਂ ਸਵੇਰੇ 9 ਵਜੇ ਤੋਂ ਰਜਿਸਟਰੀ ਕਰਵਾਉਣ ਲਈ ਦਿੱਲੀ ਤੋਂ ਆਇਆ ਹੋਇਆ ਹਾਂ। ਮੈਂ ਫੌਜ ਵਿਚ ਹਾਂ। ਸ਼ਾਮ ਦੇ 5 ਵਜੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਤਹਿਸੀਲਦਾਰ ਅਜੇ ਤੱਕ ਰਜਿਸਟਰੀਆਂ ਕਰਨ ਨਹੀਂ ਆਇਆ ਜਦੋਂਕਿ 5 ਵਜੇ ਦਫਤਰ ਬੰਦ ਹੋਣ ਦਾ ਸਮਾਂ ਹੋ ਜਾਂਦਾ ਹੈ। ਸਾਨੂੰ ਆਨਲਾਈਨ ਸਮਾਂ ਦਿੱਤਾ ਹੋਇਆ ਹੈ ਜੇਕਰ ਸਮੇਂ ਸਿਰ ਰਜਿਸਟਰੀਆਂ ਹੀ ਨਹੀਂ ਕਰਨੀਆਂ ਫਿਰ ਆਨਲਾਈਨ ਰਜਿਸਟਰੀਆਂ ਕਰਨ ਦਾ ਕੀ ਫਾਇਦਾ।  ਇਸੇ ਤਰ੍ਹਾਂ ਬਜ਼ੁਰਗ ਅੌਰਤ ਦਰਸ਼ਨਾ ਅਤੇ ਨੀਲਮ ਰਾਣੀ ਨੇ ਕਿਹਾ ਕਿ ਅਸੀਂ ਸਵੇਰੇ 10 ਵਜੇ ਤੋਂ ਲੁਧਿਆਣਾ ਤੋਂ ਰਜਿਸਟਰੀ ਕਰਵਾਉਣ ਲਈ ਬਰਨਾਲਾ ਆਏ ਹੋਏ ਹਾਂ, ਗਰਮੀ ਵਿਚ ਭੁੱਖੇ-ਪਿਆਸੇ ਬੈਠੇ ਹਾਂ। ਅਜੇ ਤੱਕ ਰਜਿਸਟਰੀ ਨਹੀਂ ਹੋਈ। ਹੁਣ ਅਸੀਂ ਵਾਪਸ ਲੁਧਿਆਣਾ ਵੀ ਨਹੀਂ ਜਾ ਸਕਦੇ।
 ਨਾਇਬ ਤਹਿਸੀਲਦਾਰ ਤੋਂ ਪਾਵਰਾਂ ਵਾਪਸ ਲੈਣ ਕਾਰਨ ਲੋਕ ਹੋ ਰਹੇ ਪ੍ਰੇਸ਼ਾਨ
 ®ਕਾਂਗਰਸ ਦੇ ਜ਼ਿਲਾ ਜਨਰਲ ਸਕੱਤਰ ਨਰਿੰਦਰ ਸ਼ਰਮਾ ਅਤੇ ਭਾਜਪਾ ਆਗੂ ਰਘੁਵੀਰ ਪ੍ਰਕਾਸ਼ ਗਰਗ ਨੇ ਕਿਹਾ ਕਿ ਡੀ.ਸੀ. ਨੇ ਨਾਇਬ ਤਹਿਸੀਲਦਾਰ ਦੀਆਂ ਪਾਵਰਾਂ ਵਾਪਸ ਲੈ ਲਈਆਂ ਹਨ। ਤਹਿਸੀਲਦਾਰ ਸਮੇਂ ਸਿਰ ਦਫਤਰ ਵਿਚ ਨਹੀਂ ਬੈਠਦੇ, ਜੇਕਰ ਨਾਇਬ ਤਹਿਸੀਲਦਾਰ ਦੀਆਂ ਪਾਵਰਾਂ ਵਾਪਸ ਨਾ ਲਈਆਂ ਜਾਂਦੀਆਂ ਤਾਂ ਪ੍ਰਸ਼ਾਸਨ ਨਾਇਬ ਤਹਿਸੀਲਦਾਰ ਤੋਂ ਰਜਿਸਟਰੀਆਂ ਕਰਵਾ ਸਕਦਾ ਸੀ। ਕਾਂਗਰਸ ਦੇ ਜ਼ਿਲਾ ਜਨਰਲ ਸਕੱਤਰ ਨਰਿੰਦਰ ਸ਼ਰਮਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਨਾ ਕੱਢਿਆ ਗਿਆ ਤਾਂ ਉਹ ਮਰਨ ਵਰਤ ’ਤੇ ਬੈਠਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। 
 ਹਾਲਾਤ ਦਾ ਜਾਇਜ਼ਾ ਲਵਾਂਗਾ : ਡੀ.ਸੀ.
 ਜਦੋਂ ਇਸ ਸਬੰਧੀ ਡੀ. ਸੀ. ਧਰਮਪਾਲ ਗੁਪਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਹਾਲਾਤ ਦਾ ਜਾਇਜ਼ਾ ਲੈਂਦਾ ਹਾਂ ਕਿ ਕਿਸ ਵਜ੍ਹਾ ਕਾਰਨ ਰਜਿਸਟਰੀਆਂ ਹੋਣ ਵਿਚ ਪ੍ਰੇਸ਼ਾਨੀ ਆ ਰਹੀ ਹੈ। 
ਚੋਣਾਂ ’ਚ ਡਿਊਟੀ ਲੱਗੀ ਹੋਣ ਕਾਰਨ ਰਜਿਸਟਰੀਆਂ ਕਰਨ ’ਚ ਹੋ ਜਾਂਦੀ ਐ ਦੇਰੀ : ਤਹਿਸੀਲਦਾਰ
ਜਦੋਂ ਇਸ ਸਬੰਧੀ ਤਹਿਸੀਲਦਾਰ ਬਲਕਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੀ ਡਿਊਟੀ ਚੋਣਾਂ ’ਚ ਲੱਗੀ ਹੋਈ ਹੈ। ਚੋਣਾਂ ’ਚ ਡਿਊਟੀ ਲੱਗੀ ਹੋਣ ਕਾਰਨ ਮੈਨੂੰ ਉਧਰ ਡਿਊਟੀ ’ਤੇ ਜਾਣਾ ਪੈਂਦਾ ਹੈ, ਜਿਸ ਕਾਰਨ ਮੈਨੂੰ ਰਜਿਸਟਰੀਆਂ ਕਰਨ ਵਿਚ ਦੇਰੀ ਹੋ ਜਾਂਦੀ ਹੈ। 


Related News