ਕੱਚੀਅਾਂ ਗਲੀਅਾਂ ਤੋਂ ਦੁਖੀ ਲੋਕਾਂ ਨੇ ਘੇਰਿਆ ਈ. ਓ. ਦਾ  ਕਮਰਾ

09/18/2018 12:19:46 AM

ਭਵਾਨੀਗਡ਼੍ਹ, (ਵਿਕਾਸ, ਸੋਢੀ)-  ਵਾਰਡ ਨੰਬਰ 5 ਤੇ 6 ’ਚ ਅਧੂਰੇ ਪਏ ਵਿਕਾਸ ਕਾਰਜਾਂ ਤੋਂ ਦੁਖੀ ਹੋਏੇ ਵਾਰਡ ਵਾਸੀਅਾਂ ਨੇ ਸੋਮਵਾਰ ਨੂੰ ਨਗਰ ਕੌਂਸਲ ਦਫ਼ਤਰ ’ਚ ਕਾਰਜਸਾਧਕ ਅਫਸਰ (ਈ. ਓ.) ਦਾ ਕਮਰਾ ਘੇਰ ਕੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ।
 ਧਰਨਾਕਾਰੀਆਂ ਦਾ ਕਹਿਣਾ ਸੀ ਕਿ ਇਕ ਪਾਸੇ ਤਾਂ ਸਰਕਾਰਾਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਅਤੇ ਦੂਜੇ ਪਾਸੇ ਉਨ੍ਹਾਂ ਦੇ ਵਾਰਡ/ਮੁਹੱਲਿਆਂ ’ਚ ਪਿਛਲੇ ਲੰਮੇ ਸਮੇਂ ਤੋਂ ਠੱਪ ਪਏ ਵਿਕਾਸ ਕਾਰਜਾਂ ਕਾਰਨ ਲੋਕ ਨਰਕ ਭਰਿਆ ਜੀਵਨ ਜਿਊਣ ਲਈ ਮਜਬੂਰ ਹਨ। ਲੋਕਾਂ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਸੀਵਰੇਜ ਪਾਈਪ ਲਾਈਨ ਪਾਉਣ ਦਾ ਕੰਮ ਨੇਪਰੇ ਚਡ਼੍ਹਨ ਤੋਂ ਬਾਅਦ ਵੀ ਅੱਜ ਤੱਕ ਕਿਸੇ ਨੇ ਕੱਚੀਆਂ ਪਈਆਂ ਗਲੀਆਂ ਨੂੰ ਪੱਕਾ ਕਰਨ ਲਈ ਗੰਭੀਰਤਾ ਨਹੀਂ ਦਿਖਾਈ, ਜਿਸ ਕਾਰਨ ਮੀਂਹ ਦੇ ਦਿਨਾਂ ’ਚ ਲੋਕਾਂ ਦਾ ਇਥੋਂ ਪੈਦਲ ਲੰਘਣਾ ਵੀ ਅੌਖਾ ਹੋ ਜਾਂਦਾ ਹੈ। ਲੋਕਾਂ ਨੇ ਕਿਹਾ ਕਿ ਇਸ ਸਬੰਧੀ ਵਾਰਡ ਵਾਸੀ ਕਈ ਵਾਰ ਨਗਰ ਕੌਂਸਲ ਦੇ ਪ੍ਰਧਾਨ ਅਤੇ ਕਾਰਜ ਸਾਧਕ ਅਫ਼ਸਰ ਨੂੰ ਲਿਖ਼ਤੀ ਬੇਨਤੀਆਂ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ, ਜਿਸ ਕਾਰਨ ਅੱਜ ਮਜਬੂਰ ਹੋ ਕੇ ਧਰਨੇ ’ਤੇ ਬੈਠਣਾ ਪਿਆ ਹੈ। ਵਾਰਡ ਦੇ ਵਸਨੀਕਾਂ ਹਰਪ੍ਰੀਤ ਬਾਜਵਾ, ਕੌਂਸਲਰ ਰਵਿੰਦਰ ਸਿੰਘ ਠੇਕੇਦਾਰ, ਹਰਭਜਨ ਹੈਪੀ, ਪ੍ਰਿਥੀ ਸਿੰਘ, ਗੌਰੀ ਸ਼ੰਕਰ, ਸਾਧੂ ਸਿੰਘ, ਸ਼ਿੰਗਾਰਾ  ਸਿੰਘ, ਕੁਲਵੰਤ ਸਿੰਘ ਗਰੇਵਾਲ, ਗੁਰਬਚਨ ਸਿੰਘ, ਇੰਦਰਜੀਤ ਸਿੰਗਲਾ, ਜੰਗੀਰ ਸਿੰਘ, ਹਰਬੰਸ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਹਾਜ਼ਰ ਲੋਕਾਂ ਨੇ ਨਾਅਰੇਬਾਜ਼ੀ ਕਰਦਿਆਂ ਕੰਮਾਂ ਨੂੰ ਤੁਰੰਤ ਪੂਰਾ ਕਰਵਾਉਣ ਦੀ ਮੰਗ ਕੀਤੀ। 
ਕਾਂਗਰਸੀਅਾਂ ਨੇ ਜਲਦੀ ਕੰਮ ਸ਼ੁਰੂ ਕਰਵਾਉਣ ਦਾ ਦਿੱਤਾ ਭਰੋਸਾ
ਇਸ ਮੌਕੇ  ਧਰਨੇ ’ਚ ਪਹੁੰਚੇ ਕਾਂਗਰਸੀ ਕੌਂਸਲਰ ਅਵਤਾਰ ਸਿੰਘ, ਸੰਜੀਵ ਲਾਲਕਾ ਨੇ ਲੋਕਾਂ ਦੀ ਸਮੱਸਿਆ ਅਤੇ ਮੰਗਾਂ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਮਾਮਲਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਧਿਆਨ ’ਚ ਲਿਆਂਦਾ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਉਕਤ ਵਾਰਡਾਂ ਵਿਚ ਲਟਕੇ ਪਏ ਕੰਮਾਂ ਨੂੰ  ਜਲਦੀ ਸ਼ੁਰੂ ਕਰਵਾਉਣ ਦਾ ਭਰੋਸਾ ਵੀ  ਦਿਵਾਇਆ। 
ਜੇ. ਈ. ਦੇ  ਭਰੋਸੇ ’ਤੇ ਖਤਮ ਕੀਤਾ ਪ੍ਰਦਰਸ਼ਨ
ਨਗਰ ਕੌਂਸਲ ਦੇ ਜੇ. ਈ. ਹੇਮੰਤ ਕੁਮਾਰ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ  24- 25 ਸਤੰਬਰ ਤੱਕ ਉਨ੍ਹਾਂ ਦੇ ਇਹ ਕੰਮ ਸ਼ੁਰੂ ਕਰਵਾ ਦਿੱਤੇ ਜਾਣਗੇ। ਇਸ ਤੋਂ ਪਹਿਲਾਂ  ਵਾਰਡ ਵਾਸੀਆਂ ਦੀ ਇਕ ਮੀਟਿੰਗ ਮੰਗਲਵਾਰ ਨੂੰ ਕਾਰਜਸਾਧਕ ਅਫ਼ਸਰ ਨਾਲ ਵੀ ਫਿਕਸ ਕਰਵਾ ਦਿੱਤੀ ਗਈ ਹੈ। ਜੇ.ਈ. ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਲੋਕਾਂ ਨੇ  ਪ੍ਰਦਰਸ਼ਨ ਸਮਾਪਤ ਕੀਤਾ।
 


Related News