ਫੀਸ ਹੋਈ ਲੇਟ ਤਾਂ ਮਾਸੂਮ ਬੱਚਿਆਂ ਨੂੰ ਪ੍ਰੀਖਿਆ ’ਚੋਂ ਕੀਤਾ ਬਾਹਰ

09/18/2018 12:13:30 AM

ਹੁਸ਼ਿਆਰਪੁਰ,  (ਜ.ਬ.)-  ਸਮਾਜ ਦੁਆਰਾ ਸਕੂਲਾਂ ਨੂੰ ਸਿੱਖਿਆ ਦੇ ਮੰਦਰ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਸਿੱਖਿਆ ਸੰਸਥਾਵਾਂ ’ਚ ਗੁਰੂ ਬੱਚਿਆਂ ਨੂੰ ਤਰਾਸ਼ ਕੇ ਉਨ੍ਹਾਂ ਦੇ ਭਵਿੱਖ ਦਾ ਨਿਰਮਾਣ ਕਰਦੇ ਹਨ, ਪਰ ਅੱਜ ਇੱਥੇ ਦਸੂਹਾ ਰੋਡ ’ਤੇ ਸਥਿਤ ਤਕਸ਼ਿਲਾ ਸਕੂਲ ’ਚ ਅਜੀਬ ਜਿਹਾ ਮਾਹੌਲ ਦੇਖਣ ਨੂੰ ਮਿਲਿਆ। ਸਕੂਲ ’ਚ ਇੱਕਤਰ ਦਰਜਨਾਂ ਮਾਪੇ ਇਸ ਗੱਲ ਨੂੰ ਲੈ ਕੇ ਵਿਰੋਧ ਜਤਾ ਰਹੇ ਸੀ ਕਿ ਫ਼ੀਸ ਦੀ ਅਦਾਇਗੀ ਨੂੰ ਲੈ ਕੇ ਉਨ੍ਹਾਂ ਦੇ ਮਾਸੂਮ ਬੱਚਿਆਂ ਨੂੰ ਪ੍ਰੀਖਿਆ ’ਚ ਬੈਠਣ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਜਦੋਂ ਇਸ ਘਟਨਾਕ੍ਰਮ ਦੀ ਸੂਚਨਾ ਬਹੁਜਨ ਸਮਾਜ ਪਾਰਟੀ ਦੇ ਜ਼ੋਨ ਇੰਚਾਰਜ ਠੇਕੇਦਾਰ ਭਗਵਾਨ ਦਾਸ ਤੇ ਜ਼ਿਲਾ ਪ੍ਰਧਾਨ ਪ੍ਰਸ਼ੋਤਮ ਰਾਮ ਅਹੀਰ ਨੂੰ ਮਿਲੀ ਤਾਂ ਉਹ ਫੌਰੀ ਤੌਰ ’ਤੇ ਸਕੂਲ ਪਹੁੰਚੇ। ਸ੍ਰੀ ਅਹੀਰ ਨੇ ਦੱਸਿਆ ਕਿ ਬੱਚਿਆਂ ਦੇ ਮਾਪੇ ਸਕੂਲ ਪ੍ਰਸ਼ਾਸਨ ਦੁਆਰਾ ਲੋਡ਼ ਤੋਂ ਜ਼ਿਆਦਾ ਵਸੂਲੀਆਂ ਕੀਤੇ ਜਾਣ ਦੀ ਦੁਹਾਈ ਦੇ ਰਹੇ ਹਨ। ਇਸੇ ਲਈ  ਬੱਚਿਆਂ ਨੂੰ ਪ੍ਰੀਖਿਆ ਦੇਣ ਤੋਂ ਵਾਂਝੇ ਰੱਖਿਆ ਜਾ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਮਾਪਿਆਂ ਨੂੰ 13 ਸਤੰਬਰ ਨੂੰ ਫੀਸ ਜਮ੍ਹਾ ਕਰਵਾਉਣ ਦੀ ਸੂਚਨਾ ਮਿਲੀ, ਜਦਕਿ 10 ਦਿਨ ਦੇ ਅੰਦਰ ਫੀਸ ਜਮ੍ਹਾ ਕਰਵਾਈ ਜਾਣੀ ਸੀ। ਕੇਵਲ 3 ਦਿਨ ਦੇ ਅੰਦਰ ਹੀ ਸਕੂਲ ਪ੍ਰਸ਼ਾਸਨ ਨੇ ਬੇਰੁਖੀ ਅਪਣਾਉਂਦੇ ਹੋਏ ਬੱਚਿਅਾਂ ਨੂੰ ਪ੍ਰੀਖਿਆ ਤੋਂ ਬਾਹਰ ਕੱਢ ਦਿੱਤਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਜਦੋਂ ਇਸ ਗੰਭੀਰ ਮੁੱਦੇ ਨੂੰ ਲੈ ਕੇ ਪ੍ਰਿੰਸੀਪਲ ਨੂੰ ਅਪੀਲ ਕੀਤੀ ਗਈ ਕਿ ਕਿਸੇ ਉੱਚ ਅਧਿਕਾਰੀ ਨਾਲ ਸਾਡੀ ਗੱਲ ਕਰਵਾਓ ਤਾਂ ਲਗਾਤਾਰ ਟਾਲਮਟੋਲ ਕਰਦੀ ਰਹੀ। ਇਸ ਦੌਰਾਨ ਮਾਪਿਆਂ ਤੇ ਬਸਪਾ ਦਾ ਵਿਰੋਧ ਦੇਖ ਪ੍ਰਿੰਸੀਪਲ ਬੱਚਿਆਂ ਨੂੰ ਪ੍ਰੀਖਿਆ ’ਚ ਬਿਠਾਉਣ ਦੇ ਲਈ ਰਾਜ਼ੀ ਹੋ ਗਈ।
ਕੀ ਕਹਿਣਾ ਹੈ ਪ੍ਰਿੰਸੀਪਲ ਦਾ
ਸੰਪਰਕ ਕਰਨ ’ਤੇ ਸਕੂਲ ਦੀ ਪ੍ਰਿੰ. ਰੇਖੂ ਜੀਡ਼ ਨੇ ਕਿਹਾ ਕਿ ਬੱਚਿਅਾਂ ਦੇ ਮਾਪੇ ਫੀਸ ਦੀ ਅਦਾਇਗੀ ’ਚ ਬੇਵਜ੍ਹਾ ਦੇਰੀ ਕਰ ਰਹੇ ਸੀ। ਇਸ ਲਈ 15 ਸਤੰਬਰ ਨੂੰ ਪੈਰੇਂਟਸ ਡੇ ਰੱਖਿਆ ਗਿਆ ਸੀ ਪਰ ਫੀਸ ਨਾ ਦੇਣ ਸਬੰਧੀ ਸਮੱਸਿਆ ਨੂੰ ਲੈ ਕਈ ਮਾਪੇ ਨਹੀਂ ਆਏ। ਉਨ੍ਹਾਂ ਦਾ ਕਹਿਣਾ ਹੈ ਕਿ ਫੀਸ ਦੇ ਬਿਨਾਂ ਕਿਸ ਤਰ੍ਹਾਂ ਕੰਮ ਚੱਲ ਸਕਦਾ ਹੈ। ਮੈਂ ਤਾਂ ਬੱਚਿਆਂ ਨੂੰ ਬੱਸ ਇਹ ਹੀ ਕਿਹਾ ਸੀ ਕਿ ਪੇਪਰ ਦੇਣੇ ਹਨ ਤਾਂ ਫੀਸ ਤਾਂ ਲਿਆਉਣਗੀ ਹੋਵੇਗੀ।


Related News