ਰਾਜ਼ੀਨਾਮੇ ਉੱਤੇ ਜਾਅਲੀ ਦਸਤਖ਼ਤ ਕਰਨ ’ਤੇ 6 ਵਿਰੁੱਧ ਕੇਸ ਦਰਜ

09/18/2018 12:06:15 AM

ਦਸੂਹਾ,   (ਝਾਵਰ)-  ਥਾਣਾ ਦਸੂਹਾ ਦੇ ਪਿੰਡ ਪੱਸੀ ਕੰਢੀ ਦੀ ਇਕ ਬਜ਼ੁਰਗ ਅੌਰਤ ਚੰਚਲਾ ਦੇਵੀ ਪਤਨੀ ਜਨਕ ਸਿੰਘ ਵਾਸੀ ਪੱਸੀ ਕੰਢੀ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਮੀਨਾਕਸ਼ੀ ਪੁੱਤਰੀ ਪਵਨ ਕੁਮਾਰ ਵਾਸੀ ਸੀਪਰੀਆਂ ਦਾ ਵਿਆਹ ਉਸ ਦੇ ਲਡ਼ਕੇ ਰਜਿੰਦਰ ਸਿੰਘ ਨਾਲ 2 ਸਾਲ ਪਹਿਲਾਂ ਹੋਇਆ ਸੀ।  ਵਿਆਹ ਤੋਂ ਬਾਅਦ ਮੀਨਾਕਸ਼ੀ ਘਰ ’ਚ ਲਡ਼ਾਈ- ਝਗਡ਼ਾ ਰੱਖਦੀ ਸੀ ਅਤੇ ਮੇਰੇ ਪਤੀ ’ਤੇ ਗਲਤ ਇਲਜ਼ਾਮ ਲਾਉਂਦੀ ਸੀ। ਉਹ  ਝਗਡ਼ਾ ਕਰ ਕੇ ਘਰੋਂ ਇਕ ਲੱਖ ਰੁਪਏ ਅਤੇ 7 ਤੋਲੇ ਸੋਨਾ ਲੈ ਗਈ। ਇਸ ਦੇ ਉਲਟ ਉਹ ਆਪਣੇ ਪੇਕਿਆਂ ਨੂੰ ਗਲਤ ਭਡ਼ਕਾਉਂਦੀ ਰਹੀ। ਜਦੋਂ ਇਸ ਸਬੰਧੀ ਪੰਚਾਇਤ ’ਚ ਰਾਜ਼ੀਨਾਮਾ ਹੋਇਆ ਤਾਂ ਮੇਰੇ ਪਤੀ ਨੇ ਇਸ ਨੂੰ ਮਨਜ਼ੂਰ ਨਹੀਂ ਕੀਤਾ। ਇਸ ਤੋਂ ਇਲਾਵਾ ਮੇਰੀ ਨੂੰਹ ਤੇ ਪੰਜ ਹੋਰ ਵਿਅਕਤੀਆਂ ਨੇ ਰਾਜ਼ੀਨਾਮੇ ’ਤੇ ਮੇਰੇ ਪਤੀ ਦੇ ਜਾਲੀ ਦਸਤਖ਼ਤ ਕਰ ਲਏ। 
ਥਾਣਾ ਮੁਖੀ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਇਸ ਸਬੰਧੀ ਐੱਸ.ਐੱਸ. ਪੀ. ਹੁਸ਼ਿਆਰਪੁਰ ਵੱਲੋਂ ਉੱਚ ਪੱਧਰੀ ਜਾਂਚ ਕਰਵਾਈ ਗਈ ਅਤੇ ਲੀਗਲ ਅਡਵਾਈਜ਼ਰ ਦੀ ਰਿਪੋਰਟ ਤੋਂ ਬਾਅਦ ਰਾਜ਼ੀਨਾਮੇ ’ਤੇ ਦਸਤਖ਼ਤ ਜਾਅਲੀ ਪਾਏ ਗਏ। ਇਸ ਸਬੰਧੀ ਮੀਨਾਕਸ਼ੀ ਪੁੱਤਰੀ ਪਵਨ ਕੁਮਾਰ, ਨਿਰਮਲਾ ਦੇਵੀ ਪਤਨੀ ਪਵਨ ਕੁਮਾਰ, ਕੁਲਦੀਪ ਸਿੰਘ ਅਤੇ ਪਵਨ ਕੁਮਾਰ ਪੁੱਤਰ ਨਾਨਕੂ ਚੰਦ ਵਾਸੀ ਸੀਪਰੀਆਂ, ਰਾਏ ਸਿੰਘ ਪੁੱਤਰ ਕਹਿਰ ਸਿੰਘ ਵਾਸੀ ਡਡਿਆਲ, ਰਾਏ ਸਿੰਘ ਰਾਣਾ ਵਾਸੀ ਨਿੱਕੂ ਚੱਕ ਵਿਰੁੱਧ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News