ਬੱਚੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼, 4 ਔਰਤਾਂ ਸਣੇ 5 ਗ੍ਰਿਫਤਾਰ

09/17/2018 9:58:22 PM

ਜਗਰਾਓਂ/ਗੁਰੂਹਰਸਹਾਏ,(ਸ਼ੇਤਰਾ,ਆਵਲਾ)— ਲੋਕਾਂ ਦੇ ਬੱਚਿਆਂ ਦਾ ਸੌਦਾ ਕਰ ਕੇ ਅੱਗੇ ਵੇਚਣ ਦਾ ਧੰਦਾ ਕਰਨ ਵਾਲੇ ਇਕ ਅੰਤਰਰਾਜੀ ਗਿਰੋਹ ਦਾ ਜਗਰਾਓਂ ਪੁਲਸ ਨੇ ਪਰਦਾਫਾਸ਼ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਬੱਚੇ ਵੇਚਣ ਦਾ ਧੰਦਾ ਕਰਨ ਵਾਲਿਆਂ 'ਚ 4 ਔਰਤਾਂ ਤੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਪਾਸੋਂ ਇਕ ਬੱਚੀ ਵੀ ਬਰਾਮਦ ਕੀਤੀ ਗਈ ਹੈ।

ਇਸ ਸਬੰਧੀ ਖੁਲਾਸਾ ਪ੍ਰੈੱਸ ਕਾਨਫਰੰਸ ਦੌਰਾਨ ਲੁਧਿਆਣਾ ਰੇਂਜ ਦੇ ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਨੇ ਜ਼ਿਲਾ ਪੁਲਸ ਮੁਖੀ ਵਰਿੰਦਰ ਸਿੰਘ ਬਰਾੜ ਨਾਲ ਮਿਲ ਕੇ ਕੀਤਾ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ 'ਚ ਲਾਭ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਸਾਧੂ ਵਾਲਾ ਜ਼ਿਲਾ ਫ਼ਿਰੋਜ਼ਪੁਰ, ਰਚਨਾ ਪਤਨੀ ਨਰਿੰਦਰ ਕੁਮਾਰ ਵਾਸੀ ਸ੍ਰੀ ਮੁਕਤਸਰ ਸਾਹਿਬ, ਰਮਨਦੀਪ ਕੌਰ ਪਤਨੀ ਨਿਸ਼ਾਨ ਸਿੰਘ, ਰਾਜਵੰਤ ਕੌਰ ਪਤਨੀ ਚਰਨਜੀਤ ਸਿੰਘ ਦੋਵੇਂ ਵਾਸੀ ਨਾਜ਼ੂਸ਼ਾਹਵਾਲਾ ਜ਼ਿਲਾ ਫ਼ਿਰੋਜ਼ਪੁਰ ਅਤੇ ਸੁਮਨ ਵਾਸੀ ਫਾਜ਼ਿਲਕਾ ਸ਼ਾਮਲ ਹਨ।

ਇਥੇ ਪੁਲਸ ਲਾਈਨ ਵਿਖੇ ਖੱਟੜਾ ਤੇ ਬਰਾੜ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਲਖਬੀਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਜਗਰਾਓਂ ਦੀ ਪੁਲਸ ਪਾਰਟੀ ਨੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਅਤੇ ਆਸਪਾਸ ਦੇ ਰਾਜਾਂ 'ਚ ਬੱਚਿਆਂ ਦੀ ਖਰੀਦ-ਵੇਚ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਜਸਪਾਲ ਸਿੰਘ ਨੂੰ ਖੁਫ਼ੀਆ ਇਤਲਾਹ ਮਿਲੀ ਸੀ ਕਿ ਅੱਜ ਵੀ ਕਾਰ 'ਚ ਸਵਾਰ ਹੋ ਕੇ ਉਕਤ ਲੋਕ ਇਕ ਨਵਜੰਮੀ ਬੱਚੀ ਨੂੰ ਪੈਸੇ ਲੈ ਕੇ ਅੱਗੇ ਵੇਚਣ ਦੀ ਭਾਲ 'ਚ ਜਗਰਾਓਂ ਸ਼ਹਿਰ 'ਚ ਘੁੰਮ ਰਹੇ ਹਨ।

ਮੁਲਜ਼ਮਾਂ ਦੀ ਭਾਲ ਲਈ ਪੁਲਸ ਪਾਰਟੀ ਸ਼ੇਰਪੁਰ ਚੌਕ ਜਗਰਾਓਂ ਕੋਲ ਪੁੱਜੀ ਤਾਂ ਉਥੇ ਆ ਰਹੀ ਇਕ ਕਾਰ ਨੂੰ ਰੋਕ ਕੇ ਕਾਰ 'ਚ ਸਵਾਰ ਪੰਜ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਪਾਸੋਂ ਇਕ 3 ਦਿਨਾਂ ਦੀ ਨਵਜੰਮੀ ਬੱਚੀ ਵੀ ਬਰਾਮਦ ਹੋਈ ਹੈ, ਜਿਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਚਨਾ ਤੇ ਰਾਜਵੰਤ ਕੌਰ ਆਪਸ 'ਚ ਨੂੰਹ-ਸੱਸ ਹਨ। ਬਰਾਮਦ ਕੀਤੀ ਗਈ ਬੱਚੀ ਨੂੰ ਯੋਗ ਪ੍ਰਣਾਲੀ ਰਾਹੀਂ ਚਾਈਲਡ ਵੈੱਲਫੇਅਰ ਕਮੇਟੀ ਦੇ ਸਹਿਯੋਗ ਨਾਲ ਰਜਿਸਟਰਡ ਚਿਲਡਰਨ ਹੋਮ ਦੇ ਮੈਨੇਜਰ ਹਵਾਲੇ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਹੁਣ ਤੱਕ 10 ਤੋਂ 11 ਬੱਚੇ ਵੇਚੇ ਹਨ। ਪੁਲਸ ਅਧਿਕਾਰੀਆਂ ਨੇ ਨਵਜੰਮੀ ਬੱਚੀ ਵੇਚਣ ਵਾਲੇ ਮਾਪਿਆਂ ਖਿਲਾਫ ਵੀ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਹੈ।


Related News