ਸਾਬਕਾ ਫੌਜੀ ਨੇ ਪਤਨੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

09/17/2018 9:03:59 PM

ਪਟਿਆਲਾ,(ਬਲਜਿੰਦਰ)— ਸਾਬਕਾ ਫੌਜੀ ਵਲੋਂ ਬੀਤੀ ਰਾਤ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ 12ਵੀਂ ਪਾਸ ਕਰਨ ਤੋਂ ਬਾਅਦ ਵਿਦੇਸ਼ ਜਾਣ ਲਈ ਬਿਕਰਮਜੀਤ ਸਿੰਘ ਨੇ ਆਪਣੇ ਪਿਤਾ ਸਾਬਕਾ ਫੌਜੀ ਗੁਰਦੀਪ ਸਿੰਘ ਤੋਂ ਪੈਸੇ ਦੀ ਲਗਾਤਾਰ ਮੰਗ ਕੀਤੀ ਅਤੇ ਉਨ੍ਹਾਂ ਨੇ ਆਪਣੀ ਹੈਸੀਅਤ ਨਾ ਹੋਣ ਦੀ ਗੱਲ ਕਹਿ ਕੇ ਪੈਸੇ ਦੇਣ ਤੋਂ ਮਨਾ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਐਤਵਾਰ ਦੀ ਰਾਤ ਨੂੰ ਪਿਤਾ ਤੇ ਪੁੱਤਰ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਕੁਲਵਿੰਦਰ ਕੌਰ ਤੇ ਗੁਰਦੀਪ ਸਿੰਘ ਪਤੀ-ਪਤਨੀ 'ਚ ਬਹਿਸ ਇੰਨੀ ਵਧ ਗਈ ਕਿ ਗੁਰਦੀਪ ਸਿੰਘ ਨੇ ਗੁੱਸੇ 'ਚ ਆਪਣੀ ਪਤਨੀ ਤੇ ਪੁੱਤਰ ਬਿਕਰਮਜੀਤ ਸਿੰਘ ਵਾਸੀ ਰਣਜੀਤ ਨਗਰ ਸਰਹਿੰਦ ਰੋਡ ਨੂੰ ਘਰੋਂ ਕੱਢ ਦਿੱਤਾ, ਜਿਸ ਉਪਰੰਤ ਕੁਲਵਿੰਦਰ ਪੇਕੇ ਚਲੀ ਗਈ। ਝਗੜੇ ਤੋਂ ਬਾਅਦ ਗੁਰਦੀਪ ਸਿੰਘ ਵੀ ਆਪਣੀ ਐੈੱਸ. ਐੱਸ. ਟੀ. ਨਗਰ 'ਚ ਡਿਊਟੀ 'ਤੇ ਚਲਾ ਗਿਆ। 

ਦੇਰ ਰਾਤ ਲਗਭਗ ਸਵਾ 2 ਵਜੇ ਕੁਲਵਿੰਦਰ ਕੌਰ ਆਪਣੇ ਭਰਾ ਅਤੇ ਪੁੱਤਰ ਸਮੇਤ ਪਤੀ ਨਾਲ ਗੱਲ ਕਰਨ ਪਹੁੰਚੀ ਤਾਂ ਗੁੱਸੇ 'ਚ ਬੈਠੇ ਗੁਰਦੀਪ ਸਿੰਘ ਨੇ ਆਪਣੀ ਦੋਨਾਲੀ ਨਾਲ ਫਾਇਰ ਕਰ ਦਿੱਤਾ ਅਤੇ ਗੋਲੀ ਲੱਗਣ ਕਾਰਨ ਕੁਲਵਿੰਦਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਮਾਮਲੇ 'ਚ ਥਾਣਾ ਲਾਹੌਰੀ ਗੇਟ ਪੁਲਸ ਨੇ ਬਿਕਰਮਜੀਤ ਸਿੰਘ ਦੇ ਬਿਆਨਾਂ 'ਤੇ ਉਸ ਦੇ ਪਿਤਾ ਗੁਰਦੀਪ ਸਿੰਘ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ ।
ਇਸ ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਇੰਚਾਰਜ ਜਾਨਪਾਲ ਸਿੰਘ ਨੇ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।

ਪੁਲਸ ਮੁਤਾਬਕ ਗੁਰਦੀਪ ਸਿੰਘ ਰਿਟਾਇਰਡ ਫੌਜੀ ਹੈ, ਜੋ ਇਨ੍ਹੀਂ ਦਿਨੀਂ ਐੈੱਸ. ਐੈੱਸ. ਟੀ. ਨਗਰ ਸਥਿਤ ਗੁਰੂ ਹਰਕਿਸ਼ਨ ਕਾਲਜ 'ਚ ਬਤੌਰ ਸਕਿਓਰਿਟੀ ਗਾਰਡ ਡਿਊਟੀ ਕਰਦਾ ਹੈ। ਗੁਰਦੀਪ ਦੇ ਪਰਿਵਾਰ 'ਚ ਪਤਨੀ ਕੁਲਵਿੰਦਰ ਕੌਰ ਤੋਂ ਇਲਾਵਾ 2 ਪੁੱਤਰ ਹਨ। ਵੱਡਾ ਪੁੱਤਰ ਫੌਜ 'ਚ ਹੈ, ਜੋ ਪਠਾਨਕੋਟ ਵੱਲ ਡਿਊਟੀ ਕਰਦਾ ਹੈ। ਛੋਟਾ ਪੁੱਤਰ ਬਿਕਰਮਜੀਤ ਸਿੰਘ 25 ਸਾਲ ਦਾ 12ਵੀਂ ਪਾਸ ਹੈ। ਉਹ ਕਾਫੀ ਸਮੇਂ ਤੋਂ ਵਿਦੇਸ਼ ਜਾਣ ਦੀ ਇੱਛਾ ਰੱਖਦਾ ਸੀ। ਹਾਲ ਹੀ 'ਚ ਉਸ ਨੂੰ ਮਲੇਸ਼ੀਆ ਜਾਣ ਦਾ ਮੌਕਾ ਮਿਲਿਆ ਤਾਂ ਉਹ ਆਪਣੇ ਘਰੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ। ਗੁਰਦੀਪ ਸਿੰਘ ਨੇ ਬਿਕਰਮਜੀਤ ਸਿੰਘ ਨੂੰ ਮਨਾ ਕਰ ਦਿੱਤਾ ਕਿ ਉਹ ਇੰਨੀ ਹੈਸੀਅਤ ਨਹੀਂ ਰੱਖਦਾ ਕਿ ਉਸ ਨੂੰ ਮਲੇਸ਼ੀਆ ਭੇਜ ਦਵੇ। ਬਿਕਰਮਜੀਤ ਸਿੰਘ ਇਸ ਗੱਲ ਦੀ ਜ਼ਿਦ 'ਤੇ ਅੜਿਆ ਹੋਇਆ ਸੀ।


Related News