ਨਵਾਜ਼, ਬੇਟੀ ਤੇ ਦਾਮਾਦ ਪੇਰੋਲ ਖਤਮ ਹੋਣ ''ਤੇ ਪਰਤਣਗੇ ਜੇਲ

09/17/2018 8:12:04 PM

ਲਾਹੌਰ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੀ ਬੇਟੀ ਤੇ ਜਵਾਈ ਪੰਜ ਦਿਨਾਂ ਦੀ ਪੇਰੋਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਜੇਲ ਪਰਤਣਗੇ। ਉਨ੍ਹਾਂ ਨੂੰ ਨਵਾਜ਼ ਸ਼ਰੀਫ ਦੀ ਪਤਨੀ ਬੇਗਮ ਕੁਲਸੁਮ ਦੇ ਦਿਹਾਂਤ ਤੋਂ ਬਾਅਦ ਪੇਰੋਲ ਦਿੱਤੀ ਗਈ ਸੀ। ਕੁਲਸੁਮ ਦਾ ਪਿਛਲੇ ਹਫਤੇ ਮੰਗਲਵਾਰ ਨੂੰ ਲੰਡਨ 'ਚ ਦਿਹਾਂਤ ਹੋ ਗਿਆ ਸੀ। ਉਹ ਲੰਬੇ ਸਮੇਂ ਤੋਂ ਗਲੇ ਦੇ ਕੈਂਸਰ ਨਾਲ ਪੀੜਤ ਸਨ।

ਸ਼ਰੀਫ, ਉਨ੍ਹਾਂ ਦੀ ਬੇਟੀ ਮਰਿਅਮ ਤੇ ਜਵਾਈ ਕੈਪਟਨ (ਸੇਵਾਮੁਕਤ) ਐੱਮ. ਸਫਦਰ ਨੂੰ ਪਿਛਲੇ ਵੀਰਵਾਰ ਨੂੰ ਪੇਰੋਲ 'ਤੇ ਰਿਹਾਅ ਕੀਤਾ ਗਿਆ ਸੀ। ਉਨ੍ਹਾਂ ਨੂੰ ਜੁਲਾਈ 'ਚ ਇਕ ਜਵਾਬਦੇਹੀ ਅਦਾਲਤ ਨੇ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਸੀ ਤੇ ਉਹ ਰਾਵਲਪਿੰਡੀ ਦੀ ਅਡਿਆਲਾ ਜੇਲ 'ਚ ਬੰਦ ਸਨ। ਸ਼ਰੀਫ ਨੂੰ ਦੋ ਮਹੀਨੇ ਪਹਿਲਾਂ ਲੰਡਨ 'ਚ ਜਾਇਦਾਦ ਖਰੀਦ 'ਚ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜੇਲ ਭੇਜ ਦਿੱਤਾ ਗਿਆ ਸੀ। ਪੇਰੋਲ ਦੀ ਮਿਆਦ ਸੋਮਵਾਰ ਸ਼ਾਮ ਚਾਰ ਵਜੇ ਖਤਮ ਹੋ ਗਈ। ਉਹ ਲਾਹੌਰ ਹਵਾਈ ਅੱਡੇ ਤੋਂ ਇਕ ਵਿਸ਼ੇਸ਼ ਉਡਾਣ ਰਾਹੀਂ ਰਾਵਲਪਿੰਡੀ ਪਹੁੰਚਣਗੇ। ਜਿਓ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਸ਼ਰੀਫ ਪਰਿਵਾਰ ਦੇ ਤਿੰਨ ਮੈਂਬਰਾਂ ਹਮਕਾ ਸ਼ਾਹਬਾਜ਼, ਸਲਮਾਨ ਤੇ ਯੂਸੁਫ ਅੱਬਾਸ ਨੂੰ ਉਨ੍ਹਾਂ ਦੇ ਨਾਲ ਲਾਹੌਰ ਹਵਾਈ ਅੱਡੇ ਦੇ ਅੰਦਰ ਜਾਣ ਦੀ ਆਗਿਆ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਸ਼ਰੀਫ ਦੇ ਛੋਟੇ ਭਰਾ ਸ਼ਾਹਬਾਜ਼ ਨੂੰ ਰਾਵਲਪਿੰਡੀ ਤੱਕ ਉਨ੍ਹਾਂ ਦੇ ਨਾਲ ਵਿਸ਼ੇਸ਼ ਉਡਾਣ 'ਚ ਜਾਣ ਦੀ ਆਗਿਆ ਦਿੱਤੀ ਗਈ ਹੈ। ਜਦੋਂ ਉਨ੍ਹਾਂ ਨੂੰ ਹਵਾਈ ਅੱਡੇ ਲਈ ਲਿਜਾਇਆ ਗਿਆ ਤਾਂ ਪਾਕਿਸਤਾਨ ਮੁਸਲਿਮ ਲੀਗ-ਐੱਨ ਦੇ ਕਈ ਨੇਤਾ ਉਨ੍ਹਾਂ ਦੇ ਜਾਟੀ ਉਮਰਾ ਰਿਹਾਇਸ਼ 'ਤੇ ਮੌਜੂਦ ਸਨ। ਇਸ ਤੋਂ ਪਹਿਲਾਂ ਪਾਕਿਸਤਾਨ ਮੁਸਲਿਮ ਲੀਗ-ਐੱਨ ਦੇ ਨੇਤਾ ਤਨਵੀਰ ਹੁਸੈਨ ਨੇ ਇਨ੍ਹਾਂ ਰਿਪੋਰਟਾਂ ਨੂੰ ਖਾਰਿਜ ਕੀਤਾ ਸੀ ਕਿ ਨਵਾਜ਼ ਨੇ ਪੇਰੋਲ ਵਧਾਉਣ ਦੀ ਬੇਨਤੀ ਕੀਤੀ ਹੈ।

11 ਸਤੰਬਰ ਨੂੰ ਕੁਲਸੁਮ ਦੇ ਦਿਹਾਂਤ ਤੋਂ ਬਾਅਦ ਤਿੰਨਾਂ ਨੂੰ 13 ਸਤੰਬਰ ਨੂੰ 12 ਘੰਟਿਆਂ ਦੀ ਪੇਰੋਲ 'ਤੇ ਰਿਹਾਅ ਕੀਤਾ ਗਿਆ ਸੀ। ਪੰਜਾਬ ਸਰਕਾਰ ਨੇ 14 ਸਤੰਬਰ ਨੂੰ ਉਨ੍ਹਾਂ ਦੀ ਪੇਰੋਲ ਸੋਮਵਾਰ ਤੱਕ ਲਈ ਵਧਾ ਦਿੱਤੀ ਸੀ। ਕੁਲਸੁਮ ਨੂੰ 14 ਸਤੰਬਰ ਨੂੰ ਜਾਟੀ ਉਮਰ ਰਿਹਾਇਸ਼ 'ਚ ਉਨ੍ਹਾਂ ਦੇ ਸਹੁਰੇ ਤੇ ਦਿਓਰ ਦੀ ਕਬਰ ਦੇ ਨੇੜੇ ਸੁਪੁਰਦ-ਏ-ਖਾਕ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਇਕ ਹੋਰ ਮੀਡੀਆ ਰਿਪੋਰਟ 'ਚ ਦਾਆਵਾ ਕੀਤਾ ਗਿਆ ਸੀ ਕਿ ਨਵਾਜ਼ ਸ਼ਰੀਫ ਦੀ ਪਾਰਟੀ ਕੁਲਸੁਮ ਦੇ 40ਵੇਂ ਤੱਕ ਉਨ੍ਹਾਂ ਦੀ ਪੇਰੋਲ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।


Related News