ਸਾਬਕਾ ਡਰਾਈਵਰ ਨੇ ਆਪਣੇ ਸੇਵਾ ਮੁਕਤ ''ਸਾਹਬ'' ''ਤੇ ਲਾਏ ਗੰਭੀਰ ਦੋਸ਼

09/17/2018 3:34:07 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਸਬ-ਤਹਿਸੀਲ ਝਬਾਲ ਵਿਖੇ ਤਾਇਨਾਤ ਰਹੇ ਤਤਕਾਲੀ ਨਾਇਬ ਤਹਿਸੀਲਦਾਰ ਦੇ ਸਾਬਕਾ ਡਰਾਈਵਰ ਨੇ ਆਪਣੇ 'ਸਾਹਬ' 'ਤੇ ਕਈ ਗੰਭੀਰ ਦੋਸ਼ ਲਗਾਉਂਦਿਆਂ ਝੂਠੇ ਕੇਸ 'ਚ ਫਸਾ ਕੇ ਉਸਦਾ ਭਵਿੱਖ ਖਰਾਬ ਕਰਨ ਦੀ ਗੱਲ ਕਰਦਿਆਂ ਇਨਸਾਫ ਦੀ ਮੰਗ ਕੀਤੀ ਹੈ। ਝਬਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਬ-ਤਹਿਸੀਲ ਝਬਾਲ ਦੇ ਤਤਕਾਲੀ ਨਾਇਬ ਤਹਿਸੀਲਦਾਰ, (ਜੋ ਇਸ ਸਮੇਂ ਸੇਵਾ ਮੁਕਤ ਹੋ ਚੁੱਕੇ ਹਨ) ਦੇ ਡਰਾਈਵਰ ਰਹੇ ਗੁਰਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਮੀਰਾਂਕੋਟ ਕਲਾਂ (ਅੰਮ੍ਰਿਤਸਰ) ਨੇ ਦੱਸਿਆ ਕਿ 19 ਜਨਵਰੀ 2018 ਨੂੰ ਉਕਤ ਨਾਇਬ ਤਹਿਸੀਲਦਾਰ ਵਲੋਂ ਇਕ ਕਿਸਾਨ ਤੋਂ ਉਸਦੀ ਜ਼ਮੀਨ ਸਬੰਧੀ ਕੰਮ ਕਰਨ ਲਈ ਮੋਟੀ ਰਿਸ਼ਵਤ ਮੰਗੀ ਗਈ ਸੀ, ਜਿਸ ਉਪਰੰਤ ਕਿਸਾਨ ਵਲੋਂ ਨਾਇਬ ਤਹਿਸੀਲਦਾਰ ਨੂੰ ਮੌਕੇ 'ਤੇ ਪੇਸ਼ਗੀ ਵਜੋਂ 5000 ਰੁਪਏ ਦਿੱਤੇ ਗਏ ਸਨ। ਮੌਕੇ 'ਤੇ ਹੀ ਕਸਬਾ ਝਬਾਲ ਦੇ ਕੁਝ ਮੋਹਤਬਰ ਵਿਅਕਤੀਆਂ ਵਲੋਂ ਨਾਇਬ ਤਹਿਸੀਲਦਾਰ ਨੂੰ ਰਿਸ਼ਵਤ ਦੇ ਪੈਸਿਆਂ ਸਮੇਤ ਰੰਗੇ ਹੱਥੀਂ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ ਗਿਆ ਸੀ ਪਰ ਮਾਲ ਮਹਿਕਮੇ ਦੇ ਕੁਝ ਉੱਚ ਅਧਿਕਾਰੀਆਂ ਵਲੋਂ ਥਾਣਾ ਝਬਾਲ ਦੀ ਪੁਲਸ ਨਾਲ ਮਿਲੀਭੁਗਤ ਕਰਕੇ ਨਾਇਬ ਤਹਿਸੀਲਦਾਰ ਨੂੰ ਇਸ ਕਰਕੇ ਸਾਫ ਬਚਾ ਲਿਆ ਗਿਆ ਸੀ, ਕਿਉਂਕਿ 10 ਦਿਨਾਂ ਬਾਅਦ ਨਾਇਬ ਤਹਿਸੀਲਦਾਰ ਸੇਵਾ ਮੁਕਤ ਹੋਣ ਵਾਲੇ ਸਨ ਤੇ ਉਸ ਸਮੇਂ ਇਹ ਮਾਮਲਾ ਅਖਬਾਰਾਂ ਦੀਆਂ ਖੂਬ ਸੁਰਖੀਆਂ ਵੀ ਬਣਦਾ ਰਿਹਾ। 

ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਰੋਹ ਨੂੰ ਸ਼ਾਂਤ ਕਰਨ ਲਈ ਨਾਇਬ ਤਹਿਸੀਲਦਾਰ ਅਤੇ ਮਾਲ ਮਹਿਕਮੇ ਦੇ ਉੱਚ ਕਥਿਤ ਅਧਿਕਾਰੀਆਂ ਵਲੋਂ ਉਸ ਨੂੰ ਰਿਸ਼ਵਤ ਦੇ ਉਕਤ ਮਾਮਲੇ 'ਚ ਫਸਾਉਂਦਿਆਂ ਉਸ ਵਿਰੁੱਧ ਥਾਣਾ ਝਬਾਲ ਵਿਖੇ ਨਾਜਾਇਜ਼ ਕੇਸ ਦਰਜ ਕਰਾ ਦਿੱਤਾ ਗਿਆ। ਇਸ ਉਪਰੰਤ ਉਸਨੂੰ ਭਰੋਸਾ ਦਿਵਾਇਆ ਗਿਆ ਕਿ ਮਾਮਲਾ ਸ਼ਾਂਤ ਹੋਣ ਉਪਰੰਤ ਜਲਦ ਹੀ ਉਕਤ ਕੇਸ ਰਫਾ-ਦਫਾ ਕਰਾ ਦਿੱਤਾ ਜਾਵੇਗਾ। ਪੀੜਤ ਨੇ ਦੱਸਿਆ ਕਿ ਪੁਲਸ ਵਲੋਂ ਉਸਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ। ਉਸਨੇ ਦੱਸਿਆ ਕਿ ਉਕਤ ਝੂਠੇ ਕੇਸ 'ਚ ਫਸ ਕੇ ਬੇਦੋਸ਼ਾ ਹੋਣ ਦੇ ਬਾਵਜੂਦ ਵੀ ਉਹ 62 ਦਿਨ ਜੇਲ ਦੀਆਂ ਸਲਾਖਾਂ ਪਿੱਛੇ ਰਿਹਾ ਪਰ ਹੁਣ 9 ਮਹੀਨਿਆਂ ਬਾਅਦ ਵੀ ਉਸ ਵਿਰੁੱਧ ਝੂਠੇ ਕੇਸ ਨੂੰ ਰੱਦ ਨਹੀਂ ਕਰਾਇਆ ਗਿਆ, ਜਦੋਂ 31 ਜਨਵਰੀ 2018 ਨੂੰ ਉਕਤ ਨਾਇਬ ਤਹਿਸੀਲਦਾਰ ਸਾਹਿਬ ਸੇਵਾ ਮੁਕਤ ਵੀ ਹੋ ਚੁੱਕੇ ਹਨ। ਉਸ ਨੇ ਦੱਸਿਆ ਕਿ ਝੂਠੇ ਉਕਤ ਮਾਮਲੇ ਸਬੰਧੀ ਇਨਸਾਫ ਲੈਣ ਲਈ ਅਤੇ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਲਈ ਉਸ ਵੱਲੋਂ ਮੁੱਖ ਮੰਤਰੀ ਪੰਜਾਬ, ਮਾਲ ਮੰਤਰੀ ਪੰਜਾਬ, ਡਾਇਰੈਕਟਰ ਵਿਜੀਲੈਂਸ ਪੰਜਾਬ, ਗਵਰਨਰ ਪੰਜਾਬ, ਸੈਕਟਰੀ ਮਾਲ ਵਿਭਾਗ ਪੰਜਾਬ, ਐੱਫ.ਸੀ.ਆਰ. ਪੰਜਾਬ, ਡਿਪਟੀ ਕਮਿਸ਼ਨਰ ਤਰਨਤਾਰਨ, ਐੱਸ.ਐੱਸ.ਪੀ. ਤਰਨਤਾਰਨ ਅਤੇ ਖਜ਼ਾਨਾ ਮੰਤਰੀ ਪੰਜਾਬ ਨੂੰ ਪੱਤਰ ਲਿਖਣ ਤੋਂ ਇਲਾਵਾ ਮਾਲ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੂੰ ਮਿਲ ਕੇ ਉਕਤ ਸਾਰੇ ਮਾਮਲੇ ਸਬੰਧੀ ਜਾਣੂ ਵੀ ਕਰਵਾ ਦਿੱਤਾ ਗਿਆ ਹੈ ਪਰ ਲੰਬੀ ਜੱਦੋ-ਜਹਿਦ ਤੋਂ ਬਾਅਦ ਵੀ ਉਸਨੂੰ ਕਿਧਰੇ ਇਨਸਾਫ ਨਹੀਂ ਮਿਲਿਆ। 

ਗੁਰਵਿੰਦਰ ਸਿੰਘ ਨੇ ਪੰਜਾਬ ਸਰਕਾਰ ਅਤੇ ਮਾਲ ਵਿਭਾਗ ਦੇ ਮੰਤਰੀ ਤੋਂ ਮੰਗ ਕਰਦਿਆਂ ਜਿਥੇ ਉਕਤ ਸੇਵਾ ਮੁਕਤ ਨਾਇਬ ਤਹਿਸੀਲਦਾਰ ਨੂੰ ਮਿਲਣ ਵਾਲੇ 70-80 ਲੱਖ ਰੁਪਏ ਦੇ ਫੰਡ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ, ਉੱਥੇ ਹੀ ਪੰਜਾਬ ਵਿਜੀਲੈਂਸ ਵਿਭਾਗ ਕੋਲੋਂ ਉਕਤ ਸੇਵਾਮੁਕਤ ਨਾਇਬ ਤਹਿਸੀਲਦਾਰ ਵੱਲੋਂ ਬਣਾਈ ਗਈ ਬੇਨਾਮੀ ਜਾਇਦਾਦ ਜਿਸ 'ਚ 60 ਏਕੜ ਦੇ ਕਰੀਬ ਜ਼ਮੀਨ, ਅੰਮ੍ਰਿਤਸਰ ਸ਼ਹਿਰ 'ਚ 2 ਮਹਿੰਗੀਆਂ ਕੋਠੀਆਂ, 3 ਬਹੁਕੀਮਤੀ ਪਲਾਟ ਅਤੇ 2 ਕੀਮਤੀ ਗੱਡੀਆਂ ਸਮੇਤ ਹੋਰ ਵੀ ਬੇਨਾਮੀ ਜਾਇਦਾਦ ਦੀ ਬਾਰੀਕੀ ਨਾਲ ਜਾਂਚ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਸ ਵਿਰੁੱਧ ਦਰਜ ਝੂਠੇ ਪਰਚੇ ਨੂੰ ਰੱਦ ਕਰਦਿਆਂ ਉਕਤ ਕੇਸ 'ਚ ਸਹੀ ਦੋਸ਼ੀ ਸੇਵਾ ਮੁਕਤ ਉਕਤ ਨਾਇਬ ਤਹਿਸੀਲਦਾਰ ਨੂੰ ਸ਼ਾਮਲ ਕੀਤਾ ਜਾਵੇ। ਦੂਜੇ ਪਾਸੇ ਸੇਵਾਮੁਕਤ ਉਕਤ ਨਾਇਬ ਤਹਿਸੀਲਦਾਰ ਦੇ ਮੋਬਾਇਲ ਫੋਨ 'ਤੇ ਵਾਰ-ਵਾਰ ਸੰਪਰਕ ਕੀਤਾ ਗਿਆ ਪਰ ਸਾਹਬ ਵੱਲੋਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਗਿਆ।

ਬੇਕਸੂਰ ਸਾਬਤ ਹੋਇਆ ਗੁਰਵਿੰਦਰ ਸਿੰਘ ਤਾਂ ਰੱਦ ਹੋਵੇਗੀ ਐੱਫ.ਆਈ.ਆਰ : ਡੀ.ਐੱਸ.ਪੀ. ਬੱਲ
ਪੁਲਸ ਸਬ ਡਵੀਜ਼ਨ ਸ਼ਹਿਰੀ ਤਰਨਤਾਰਨ ਦੇ ਉੱਪ ਕਪਤਾਨ ਸੁੱਚਾ ਸਿੰਘ ਬੱਲ ਨੇ ਕਿਹਾ ਕਿ ਜੇਕਰ ਪੀੜਤ ਧਿਰ ਵੱਲੋਂ ਉਕਤ ਦਰਜ ਕੇਸ ਸਬੰਧੀ ਅਪੀਲ ਪੱਤਰ ਦਿੱਤਾ ਗਿਆ ਹੈ ਤਾਂ ਉਸਦੀ ਬਾਰੀਕੀ ਨਾਲ ਜਾਂਚ ਕਰਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਗੁਰਵਿੰਦਰ ਸਿੰਘ ਦਰਜ ਕੇਸ 'ਚ ਬੇਕਸੂਰ ਪਾਇਆ ਗਿਆ ਤਾਂ ਉਸ ਵਿਰੁੱਧ ਦਰਜ ਐੱਫ.ਆਈ.ਆਰ. ਨੂੰ ਰੱਦ ਕਰਨ 'ਚ ਗੁਰੇਜ਼ ਨਹੀਂ ਕੀਤਾ ਜਾਵੇਗਾ ਅਤੇ ਹੱਕੀ ਦੋਸ਼ੀ ਨੂੰ ਮਾਮਲੇ 'ਚ ਜ਼ਰੂਰ ਸ਼ਾਮਲ ਵੀ ਕੀਤਾ ਜਾਵੇਗਾ।

ਗਲਤ ਜਾਂ ਸਹੀ ਦਾ ਕੋਰਟ ਕਰੇਗੀ ਫੈਸਲਾ : ਡੀ. ਸੀ. ਸੱਭਰਵਾਲ
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਦਰਜ ਕੀਤਾ ਗਿਆ ਉਕਤ ਮਾਮਲਾ ਮਾਣਯੋਗ ਅਦਾਲਤ 'ਚ ਸੁਣਵਾਈ ਅਧੀਨ ਹੈ। ਉਨ੍ਹਾਂ ਕਿਹਾ ਕਿ ਜੇਕਰ ਸਬੰਧਤ ਵਿਅਕਤੀ ਵਿਰੁੱਧ ਕੁਝ ਗਲਤ ਹੋਇਆ ਹੈ ਤਾਂ ਉਹ ਮਾਣਯੋਗ ਅਦਾਲਤ ਦੇ ਸਾਹਮਣੇ ਆਪਣਾ ਪੱਖ ਰੱਖੇ ਤਾਂ ਜੋ ਗਲਤ ਜਾਂ ਸਹੀ ਦਾ ਕੋਰਟ ਫੈਸਲਾ ਕਰ ਸਕੇ। 


Related News