ਮੰਗਾਂ ਨੂੰ ਲੈ ਕੇ ਰਾਈਸ ਮਿੱਲਰ ਐਸੋਸੀਏਸ਼ਨ ਦਾ ਵਫਦ ਸੁਰੇਸ਼ ਅਰੋੜਾ ਨੂੰ ਮਿਲਿਆ

09/17/2018 1:57:47 PM

ਜਲਾਲਾਬਾਦ (ਸੇਤੀਆ,ਜਤਿੰਦਰ)— ਰਾਈਸ ਮਿੱਲਰ ਐਸੋਸੀਏਸ਼ਨ ਦਾ ਇਕ ਵਫਦ ਸੂਬਾ ਪ੍ਰਧਾਨ ਗਿਆਨ ਚੰਦ ਭਾਰਦਵਾਜ ਦੀ ਪ੍ਰਧਾਨਗੀ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਰੋੜਾ ਨੂੰ ਜਲੰਧਰ ਵਿਖੇ ਮਿਲਿਆ। ਇਸ ਮੌਕੇ ਉਨ੍ਹਾਂ ਨਾਲ ਜੀਰਾ ਤੋਂ ਸੁਮਿਤ ਨਰੂਲਾ, ਜਲਾਲਾਬਾਦ ਤੋਂ ਹਰੀਸ਼ ਸੇਤੀਆ, ਭੁਪਿੰਦਰ ਸਿੰਘ ਅਤੇ ਸੰਗਰੂਰ ਤੋਂ ਅਸ਼ਵਨੀ ਕੁਮਾਰ ਮੌਜੂਦ ਸਨ। 

ਇਸ ਮੌਕੇ ਰਾਈਸ ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਚੰਦ ਨੇ ਮੰਗ ਪੱਤਰ ਸੌਂਪਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੇ 2018-19 ਦੇ ਸੀਜਨ ਨੂੰ ਲੈ ਕੇ ਲਾਗੂ ਕੀਤੀ ਗਈ ਪਾਲਿਸੀ ਦੇ ਮੁੜ ਤੋਂ ਵਿਚਾਰ ਕੀਤਾ ਜਾਵੇ ਅਤੇ ਪਹਿਲਾਂ ਵਾਲੀ ਪਾਲਸੀ 2017-18 ਦੀ ਲਾਗੂ ਕੀਤੀ ਜਾਵੇ। ਉਨ੍ਹਾਂ ਨੇ ਮੰਗ ਪੱਤਰ ਵਿਚ ਦੱਸਿਆ ਕਿ ਇਸ ਵਾਰ ਫਿਰ ਝੋਨੇ ਦੀ ਕਟਾਈ ਵਿੱਚ ਦੇਰੀ ਹੈ ਅਤੇ ਨਮੀ ਵਾਲਾ ਝੋਨਾ ਆਉਣਾ ਵੀ ਲਾਜਮੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਰਾਇਸ ਮਿੱਲਰਾਂ ਨੂੰ ਰਿਆਇਤਾਂ ਦੇਣੀਆਂ ਚਾਹੀਦੀਆਂ ਹਨ ਤਾਂ ਉਹ ਸਰਕਾਰੀ ਝੋਨਾ ਆਸਾਨੀ ਨਾਲ ਲਗਾ ਸਕਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਪਾਲਸੀਆਂ ਆਸਾਨ ਨਾ ਕੀਤੀਆਂ ਤਾਂ ਰਾਈਸ ਮਿੱਲਰ ਕਿਸ ਤਰ੍ਹਾਂ ਝੋਨਾ ਸਟੋਰ ਕਰ ਪਾਉਣਗੇ ਅਤੇ ਇਸ ਨਾਲ ਸਰਕਾਰ ਲਈ ਵੀ ਵੱਡੀ ਮੁਸੀਬਤ ਖੜੀ ਹੋਵੇਗੀ। ਰਾਈਸ ਮਿੱਲਰਾਂ ਨੇ 5 ਪ੍ਰਤੀਸ਼ਤ ਗਰੰਟੀ ਦੀ ਪਾਲਸੀ ਨੂੰ ਰੱਦ ਕਰਨ ਅਤੇ ਨਾਲ ਹੀ ਚਾਵਲ ਦੀ ਅਦਾਇਗੀ 30 ਜੂਨ ਤੱਕ ਕਰਨ ਦੀ ਮੰਗ ਕੀਤੀ।

ਉਧਰ ਮੰਗ ਪੱਤਰ ਲੈਣ ਤੋਂ ਬਾਅਦ ਪ੍ਰਮੁੱਖ ਸਕੱਤਰ ਸੁਰੇਸ਼ ਅਰੋੜਾ ਨੇ ਰਾਈਸ ਮਿੱਲਰਾਂ ਨੂੰ ਭਰੋਸਾ ਦਿੱਤਾ ਕਿ ਉਹ ਜਲਦ ਹੀ ਰਾਈਸ ਮਿੱਲਰਾਂ ਦੀਆਂ ਮੰਗਾਂ ਬਾਬਤ ਮੁੱਖ ਮੰਤਰੀ ਜੀ ਨੂੰ ਜਾਣੂ ਕਰਵਾਉਣਗੇ ਅਤੇ ਰਾਈਸ ਮਿੱਲਰਾਂ ਦੀਆਂ ਮੰਗਾਂ ਨੂੰ ਵੀ ਪੂਰਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। 


Related News