ਬਾਦਲ ਪਰਿਵਾਰ ''ਤੇ ਵਰ੍ਹਦਿਆਂ ਰਵਨੀਤ ਬਿੱਟੂ ਬੋਲੇ, ''ਬੇਅਦਬੀ ਦਾ ਨਹੀਂ ਕੋਈ ਪਛਤਾਵਾ''

09/17/2018 12:24:04 PM

ਲੁਧਿਆਣਾ (ਨਰਿੰਦਰ) : ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅਕਾਲੀ ਦਲ ਦੀ ਰੈਲੀ ਨੂੰ ਲੈ ਕੇ ਬਾਦਲ ਪਰਿਵਾਰ 'ਤੇ ਹਮਲਾ ਬੋਲਿਆ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਅਕਾਲੀ ਦਲ ਪਹਿਲਾਂ ਤਾਂ ਖੁਦ ਬੇਅਦਬੀ ਕਰਦਾ ਹੈ ਅਤੇ ਫਿਰ ਪਛਤਾਵਾ ਕਰਨ ਦੀ ਬਜਾਏ ਆਪਣੀਆਂ ਕੰਪਨੀਆਂ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਰੈਲੀਆਂ 'ਚ ਇਕੱਠਾ ਕਰਕੇ ਪੰਜਾਬ ਦੇ ਲੋਕਾਂ ਵਿਚਕਾਰ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ 84 ਕਤਲੇਆਮ ਦੇ ਮਾਮਲੇ 'ਤੇ ਕੈਪਟਨ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ, ਜਦੋਂ ਕਿ ਬਾਦਲਾਂ ਨੂੰ ਵੀ ਅਜਿਹਾ ਕਦਮ ਚੁੱਕਣਾ ਚਾਹੀਦਾ ਸੀ ਪਰ ਬਾਦਲ ਪਰਿਵਾਰ ਲਗਾਤਾਰ ਪੰਜਾਬ ਦੇ ਲੋਕਾਂ ਅਤੇ ਉਨ੍ਹਾਂ ਦੇ ਗੁਰੂਆਂ ਦਾ ਅਪਮਾਨ ਕਰ ਰਿਹਾ ਹੈ, ਜਿਨ੍ਹਾਂ ਨੂੰ ਪੰਜਾਬ ਦੀ ਜਨਤਾ ਕਦੇ ਮੁਆਫ ਨਹੀਂ ਕਰੇਗੀ। 

ਰਵਨੀਤ ਬਿੱਟੂ ਨੇ ਕਿਹਾ ਕਿ ਅਕਾਲੀ ਦਲ ਕਿਸ ਮੂੰਹ ਨਾਲ ਕਹਿ ਰਿਹਾ ਹੈ ਕਿ ਮੁੱਖ ਮੰਤਰੀ, ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦੋਂ ਕਿ ਕਦੇ ਵੀ ਕਿਸੇ ਸੂਬੇ ਦਾ ਮੁੱਖ ਮੰਤਰੀ ਆਪਣੇ ਸੂਬੇ ਦਾ ਮਾਹੌਲ ਖਰਾਬ ਨਹੀਂ ਕਰਦਾ, ਸਗੋਂ ਉਸ ਨੂੰ ਸਹੀ ਢੰਗ ਨਾਲ ਚਲਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਬਾਦਲਾਂ ਲਈ ਪੰਜਾਬ 'ਚ ਕੁਝ ਨਹੀਂ ਬਚਿਆ, ਇਸ ਲਈ ਉਹ ਬੇ-ਬੁਨਿਆਦ ਗੱਲਾਂ ਕਰ ਰਿਹਾ ਹੈ। 


Related News