ਕਲਯੁਗੀ ਪਿਉ ਨੇ 7 ਸਾਲਾ ਧੀ ਦਾ ਕਤਲ ਕਰ ਕੇ ਲਾਸ਼ ਜ਼ਮੀਨ ''ਚ ਦੱਬੀ

09/17/2018 9:58:34 AM

ਧੂਰੀ (ਜੈਨ)— ਇਕ ਵਿਅਕਤੀ ਵੱਲੋਂ ਆਪਣੀ 7 ਸਾਲਾ ਧੀ ਦਾ ਕਤਲ ਕਰ ਕੇ ਉਸ ਦੀ ਲਾਸ਼ ਜ਼ਮੀਨ 'ਚ ਦੱਬਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ੍ਰ ਜਾਣਕਾਰੀ ਮੁਤਾਬਕ ਮੁਲਜ਼ਮ ਧਰਮਪਾਲ ਸਿੰਘ ਪੁੱਤਰ ਜੱਗਾ ਸਿੰਘ, ਜੋ ਪਿੰਡ ਭੁੱਲਰਹੇੜੀ ਦਾ ਰਹਿਣ ਵਾਲਾ ਹੈ, ਦੀਆਂ ਦੋ ਲੜਕੀਆਂ ਸਨ। ਉਸ ਦੀ ਪਤਨੀ ਰਜਨੀ ਪੁੱਤਰੀ ਬਲਵਿੰਦਰ ਸਿੰਘ ਵਾਸੀ ਕੰਗਣਵਾਲ ਫ਼ਰਵਰੀ 2018 ਵਿਖੇ ਘਰੋਂ ਚਲੀ ਗਈ ਸੀ ਅਤੇ ਹੁਣ ਕਿਸੇ ਅਣਜਾਣ ਜਗ੍ਹਾ 'ਤੇ ਰਹਿ ਰਹੀ ਹੈ। ਇਸ ਕਾਰਨ ਧਰਮਪਾਲ ਸਿੰਘ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ ਅਤੇ ਨਸ਼ਿਆਂ ਦਾ ਵੀ ਆਦੀ ਹੋ ਗਿਆ। ਆਪਣੀਆਂ ਲੜਕੀਆਂ ਨੂੰ ਖੁਦ 'ਤੇ ਬੋਝ ਸਮਝਣ ਕਾਰਨ ਲੰਘੇ ਦਿਨ ਉਸ ਨੇ ਆਪਣੀ ਛੋਟੀ ਲੜਕੀ ਹਰਜਿੰਦਰ ਕੌਰ (7) ਦਾ ਗਲਾ ਘੁੱਟਣ ਤੋਂ ਬਾਅਦ ਉਸ ਨੂੰ ਪਾਣੀ ਵਿਚ ਡੁਬੋ ਕੇ ਕਤਲ ਕਰ ਦਿੱਤਾ ਸੀ ਅਤੇ ਲਾਸ਼ ਪਿੰਡ ਦੇ ਹੀ ਨਜ਼ਦੀਕ ਡਰੇਨ ਕੰਢੇ ਟੋਆ ਪੁੱਟ ਕੇ ਮਿੱਟੀ ਵਿਚ ਦੱਬ ਦਿੱਤੀ।

ਇਸ ਘਟਨਾ ਬਾਰੇ ਉਸ ਦੇ ਭਰਾ ਪ੍ਰਗਟ ਸਿੰਘ ਨੂੰ ਪਤਾ ਲੱਗਣ 'ਤੇ ਲਾਸ਼ ਨੂੰ ਬਰਾਮਦ ਕਰ ਕੇ ਇਹ ਮਾਮਲਾ ਥਾਣਾ ਸਦਰ ਧੂਰੀ ਵਿਖੇ ਦਰਜ ਕਰਵਾਇਆ ਗਿਆ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਧੂਰੀ ਦੇ ਮੁਖੀ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਧਰਮਪਾਲ ਸਿੰਘ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਉਸ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।


Related News