ਮੁੱਖ ਮੰਤਰੀ ਦੇ ਪੁਰਖਿਆਂ ਦੀ ਬਣਾਈ ਰਾਜਿੰਦਰਾ ਲੇਕ ਦੀ ਬਿਊਟੀਫਿਕੇਸ਼ਨ ਨੂੰ ਲੱਗਾ ਗ੍ਰਹਿਣ

09/17/2018 5:45:17 AM

ਪਟਿਆਲਾ, (ਬਲਜਿੰਦਰ, ਰਾਣਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ  ਪੁਰਖਿਆਂ ਵੱਲੋਂ ਬਣਾਈ ਗਈ ਰਾਜਿੰਦਰਾ ਲੇਕ ਦੀ ਬਿਊਟੀਫਿਕੇਸ਼ਨ ਦੇ ਪ੍ਰਾਜੈਕਟ  ਨੂੰ ਫਿਰ ਤੋਂ ਗ੍ਰਹਿਣ ਲੱਗ ਗਿਆ ਹੈ। ਹਾਲਾਤ ਇਹ ਹਨ ਕਿ ਸਰਕਾਰ ਨੇ ਡੇਢ ਸਾਲ ਵਿਚ ਸਿਰਫ ਯੋਜਨਾ ਬਣਾਉਣ ਅਤੇ ਫੋਕੀ ਬਿਆਨਬਾਜ਼ੀ ’ਚ  ਹੀ ਗੁਜ਼ਾਰ ਦਿੱਤਾ ਹੈ।  ਇਸ ਕਾਰਨ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿਚ ਖਰਚ ਕੀਤੇ ਗਏ ਪੈਸਿਆਂ ਨਾਲ ਜਿਹਡ਼ਾ ਕੰਮ ਕੀਤਾ ਗਿਆ ਸੀ, ਉਹ ਵੀ ਸਮੇਂ ਦੇ ਨਾਲ ਖਤਮ ਹੋ ਗਿਆ ਹੈ।  ਸ਼ਹਿਰ ਦਾ ਦਿਲ ਮੰਨੀ ਜਾਣ ਵਾਲੀ ਵੀਰਾਨ ਪਈ ਰਾਜਿੰਦਰਾ ਲੇਕ ਫਿਰ ਤੋਂ  ਸਰਕਾਰ ਦੇ ਮੂੰਹ ਵੱਲ ਦੇਖ ਰਹੀ ਹੈ। ਕਦੇ ਜਿਹਡ਼ੀ ਝੀਲ ਵਿਚ ਨਿਰਮਲ ਪਾਣੀ ਬਾਹਰੋਂ ਆਉਣ ਵਾਲੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਦਾ ਸੀ, ਉਸ ਲੇਕ ਵਿਚ ਹੁਣ ਜਾਂ ਤਾਂ ਮਿੱਟੀ ਉੱਡ ਰਹੀ ਹੈ ਜਾਂ ਫਿਰ ਤੋਂ ਲੋਕਾਂ ਵੱਲੋਂ ਉਥੇ ਕੂਡ਼ੇ ਦੇ ਢੇਰ ਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ। 
ਰਾਜਿੰਦਰਾ ਲੇਕ ਦੀ ਬਿਊਟੀਫਿਕੇਸ਼ਨ ਨੂੰ ਲੈ ਕੇ ਪਿਛਲੀਆਂ 3 ਸਰਕਾਰਾਂ ਤੋਂ ਹੀ ਖੁੱਲ੍ਹ ਕੇ ਰਾਜਨੀਤੀ ਹੋ ਰਹੀ ਹੈ। ਪਿਛਲੀ ਅਮਰਿੰਦਰ ਸਰਕਾਰ ਦੇ ਸਮੇਂ ਕੁੱਝ ਸੁਧਾਰ ਹੋਇਆ ਸੀ। ਇਸ ਤੋਂ ਬਾਅਦ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਕੋਈ ਵਾਰ ਯੋਜਨਾ ਬਣੀ ਅਤੇ ਕਈ ਵਾਰ ਬਦਲੀ ਗਈ। ਆਖਰ 3 ਸਾਲ ਪਹਿਲਾਂ ਲੇਕ ਦੀ ਬਿਊਟੀਫਿਕੇਸ਼ਨ ਲਈ ਇਕ ਕਰੋਡ਼ ਰੁਪਏ ਦਾ ਟੈਂਡਰ ਲਾਇਆ ਗਿਆ। 93 ਲੱਖ ਵਿਚ ਫਾਈਨਲ ਹੋ ਕੇ ਝੀਲ ਦੀ ਬਿਊਟੀਫਿਕੇਸ਼ਨ ਦਾ ਕੰਮ ਸ਼ੁਰੂ ਹੋ ਗਿਆ। 
 45 ਲੱਖ ਰੁਪਏ ਦੀ ਠੇਕੇਦਾਰ ਨੂੰ ਪੇਮੈਂਟ ਵੀ ਕਰ ਦਿੱਤੀ ਗਈ।  ਇਸੇ ਦੌਰਾਨ ਵਿਧਾਨ ਸਭਾ ਚੋਣਾਂ ਹੋਈਆਂ ਅਤੇ ਸੂਬੇ ਵਿਚ ਕਾਂਗਰਸ ਸਰਕਾਰ ਸੱਤਾ ਵਿਚ ਆਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਣੇ। ਇਸ ਤੋਂ ਬਾਅਦ ਆਸ ਜਾਗੀ ਕਿ ਸ਼ਾਇਦ ਹੁਣ ਇਹ ਪ੍ਰਾਜੈਕਟ ਸਿਰੇ ਚੜ੍ਹੇਗਾ। ਡੇਢ ਸਾਲ ਬੀਤ ਜਾਣ ਤੋਂ ਬਾਅਦ ਸੁਧਾਰ ਤਾਂ ਦੂਰ ਜਿਹਡ਼ੀ ਪਹਿਲਾਂ ਪਾਣੀ ਕੱਢ ਕੇ ਸਫਾਈ ਕੀਤੀ ਗਈ, ਉਹ ਵੀ ਖਤਮ ਹੋ ਗਈ।  ਹੁਣ ਰਾਜਿੰਦਰਾ ਲੇਕ ਇਕ ਵੀਰਾਨ ਜੰਗਲ ਬਣ ਚੁੱਕੀ  ਹੈ। 
ਪੁਰਾਣੀ ਦਿੱਖ ਨੂੰ ਲੈ ਕੇ ਫਸਿਆ ਪੇਚ
 ਕਾਂਗਰਸ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਜਦੋਂ ਵੀ ਝੀਲ ਦੀ ਬਿਊਟੀਫਿਕੇਸ਼ਨ ਦੀ ਫਾਈਲ ਚਲਦੀ ਹੈ ਤਾਂ ਝੀਲ ਦੀ ਪੁਰਾਣੀ ਦਿੱਖ ਨੂੰ ਬਹਾਲ ਕਰਨ ਨੂੰ ਲੈ ਕੇ ਪੇਚ ਫਸ ਜਾਂਦਾ ਹੈ। ਮੌਜੂਦਾ ਸਮੇਂ ਸ਼ਾਹੀ ਪਰਿਵਾਰ ਵੱਲੋਂ ਇਸ ਦੀ ਪੁਰਾਣੀ ਦਿੱਖ ਨੂੰ ਬਹਾਲ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। 
ਜੇਕਰ ਪੁਰਾਣੀ ਦਿੱਖ ਬਹਾਲ ਕੀਤੀ ਜਾਂਦੀ ਹੈ ਤਾਂ ਨਿਸ਼ਚਿਤ ਤੌਰ ’ਤੇ ਫਿਰ ਪਿਛਲੀ ਯੋਜਨਾ ਮੁਤਾਬਕ ਝੀਲ ਦੇ ਆਸ-ਪਾਸ ਸੈਰਗਾਹ ਲਈ ਬਣਾਏ ਗਏ ਟਰੈਕ ਦੀ ਮਿੱਟੀ ਨੂੰ ਮੁੜ ਕੱਢਣਾ ਪਵੇਗਾ।  ਅਜੇ ਝੀਲ ਦੇ ‘ਅੱਛੇ ਦਿਨ’ ਆਉਂਦੇ ਦਿਖਾਈ ਨਹੀਂ ਦੇ ਰਹੇ। ਇਹ ਵੀ ਹੋ ਸਕਦਾ ਹੈ ਕਿ ਪੁਰਾਣੀ ਅਤੇ ਨਵੀਂ ਦਿੱਖ ਵਿਚ ਹੀ ਕਾਂਗਰਸ ਸਰਕਾਰ ਦੀ ਇਹ ਟਰਮ ਗੁਜ਼ਰ ਜਾਵੇ। 

2 ਦਹਾਕਿਆਂ ਤੋਂ ਬਣਾਈਅਾਂ ਤੇ ਬਦਲੀਅਾਂ ਜਾ ਰਹੀਅਾਂ ਹਨ ਯੋਜਨਾਵਾਂ
 ਰਾਜਿੰਦਰਾ ਝੀਲ ਨੂੰ ਲੈ ਕੇ ਪਿਛਲੇ 2 ਦਹਾਕਿਆਂ ਤੋਂ ਯੋਜਨਾਵਾਂ ਬਣ ਰਹੀਆਂ ਹਨ ਅਤੇ ਬਦਲੀਆਂ ਜਾ ਰਹੀਆਂ ਹਨ। ਪਿਛਲੀ ਅਮਰਿੰਦਰ ਸਰਕਾਰ ਦੇ ਸਮੇਂ ਝੀਲ ਨੂੰ ਮੁਡ਼ ਤੋਂ ਬਿਊਟੀਫਾਈ ਕਰਨਾ ਸ਼ੁਰੂ ਕੀਤਾ ਗਿਆ ਸੀ। ਉਦੋਂ ਇਥੇ ਬੋਟ ਕਲੱਬ ਵੀ ਬਣਾਇਆ ਗਿਆ। ਉਹ ਬੋਟ ਕਲੱਬ ਵੀ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ। ਦਿਨ-ਪ੍ਰਤੀ-ਦਿਨ ਫਿਰ ਤੋਂ ਝੀਲ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੁੰਦੀ ਗਈ। ਅਕਾਲੀ ਸਰਕਾਰ ਦੇ ਸਮੇਂ ਪਹਿਲਾਂ ਝੀਲ ਵਿਚ ਡੱਲ ਲੇਕ ਦੀ ਤਰਜ਼ ’ਤੇ ਪਾਣੀ ਛੱਡ ਕੇ ਸ਼ਿਕਾਰੇ ਚਲਾਉਣ ਦੀ ਯੋਜਨਾ ਬਣਾਈ ਗਈ।  ਇਥੇ ਕੈਨਾਲ ਬੇਸਡ ਟਰੀਟਮੈਂਟ ਪਲਾਂਟ ਦਾ ਪਹਿਲਾ ਫੇਜ਼ ਪੂਰਾ ਕਰਨ ਲਈ ਪਾਣੀ ਸਟੋਰ ਕਰਨ ਦੀ ਯੋਜਨਾ ਬਣਾਈ ਗਈ। ਉਹ ਵੀ ਫਾਈਲਾਂ ਵਿਚ ਹੀ ਦਬ ਕੇ ਰਹਿ ਗਈ। ਕਹਿਣ ਦਾ ਭਾਵ ਹੈ ਕਿ ਪਿਛਲੇ 2 ਦਹਾਕਿਆਂ ਤੋਂ ਇਥੇ ਸਿਰਫ ਯੋਜਨਾਵਾਂ ਹੀ ਬਣਾਈਅਾਂ   ਤੇ  ਬਦਲੀਅਾਂ  ਜਾ ਰਹੀਆਂ ਹਨ।

ਕਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੁੰਦੀ ਸੀ ਝੀਲ
 ਮਾਲ ਰੋਡ ’ਤੇ ਸਥਿਤ ਰਾਜਿੰਦਰਾ ਝੀਲ ਕਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੁੰਦੀ ਸੀ। ਲੋਕ ਦੂਰੋਂ-ਦੂਰੋਂ ਇਸ ਝੀਲ ਨੂੰ ਦੇਖਣ ਲਈ ਆਉਂਦੇ ਸਨ। ਇਥੇ ਕਈ ਪੁਰਾਣੀਆਂ ਫਿਲਮਾਂ, ਨਾਟਕਾਂ ਅਤੇ ਗੀਤਾਂ ਦੀ ਸ਼ੂਟਿੰਗ ਵੀ ਹੋਈ ਹੈ। ਪੁਰਾਣੇ ਸਮੇਂ ਵਿਚ ਪਿੰਡਾਂ ਤੋਂ ਲੋਕ ਰਾਜਿੰਦਰਾ ਝੀਲ ਨੂੰ ਦੇਖਣ ਲਈ ਵਿਸ਼ੇਸ਼ ਤੌਰ ’ਤੇ ਆਉਂਦੇ ਸਨ। ਝੀਲ ਨੂੰ ਬਣਾਇਆ ਵੀ ਕੇਂਦਰ ਵਿਚਕਾਰ ਗਿਆ ਸੀ, ਜਿਥੇ ਇਕ ਪਾਸੇ ਮਾਲ ਰੋਡ ਗੁਜ਼ਰਦੀ ਹੈ। ਇਕ ਪਾਸੇ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਰ ਸਥਿਤ ਹੈ। ਦੂਜੇ ਪਾਸੇ ਜ਼ਿਲਾ ਕਚਹਿਰੀਆਂ ਹਨ। ਸਾਹਮਣੇ ਦੁਨੀਆ ਭਰ ਵਿਚ ਮਸ਼ਹੂਰ ਬਾਰਾਂਦਰੀ ਗਾਰਡਨ ਅਤੇ ਸੈਂਟਰਲ ਲਾਇਬ੍ਰੇਰੀ ਸਥਿਤ ਹੈ। 


Related News