ਮਰੀਜ਼ਾਂ ਦਾ ਇਲਾਜ ਕਰਨ ਵਾਲਾ ਖੁਦ ਬੀਮਾਰ ਹੈ ਸਰਕਾਰੀ ਹਸਪਤਾਲ

09/17/2018 5:22:05 AM

ਬਠਿੰਡਾ, (ਅਬਲੂ)- ਬਠਿੰਡਾ ਦਾ ਸਰਕਾਰੀ ਸ਼ਹੀਦ ਭਾਈ ਮਨੀ ਸਿੰਘ ਹਸਪਤਾਲ ਆਪਣੀ ਮਿਆਦ ਪੁਗਾ ਚੁੱਕੀ ਬਿਲਡਿੰਗ ਅਤੇ ਹੋਰ ਸਾਜ਼ੋ-ਸਾਮਾਨ ਦੇ ਕਾਰਨ ਖੁਦ ਬੀਮਾਰ  ਹੈ, ਜਿਸ ਕਰ ਕੇ ਇਥੇ ਇਲਾਜ ਕਰਵਾਉਣ ਲਈ ਆਏ ਮਰੀਜ਼ ਤਾਂ ਭਾਵੇਂ ਠੀਕ ਹੋ ਜਾਂਦੇ ਹੋਣ ਪਰ ਉਨ੍ਹਾਂ ਦੇ ਨਾਲ ਸਾਂਭ-ਸੰਭਾਲ ਲਈ  ਆਏ ਰਿਸ਼ਤੇਦਾਰ ਅਤੇ ਸਾਕ ਸਬੰਧੀ ਜ਼ਰੂਰ ਰੋਗੀ ਹੋ ਜਾਂਦੇ ਹਨ। ਇਸ ਹਸਪਤਾਲ ਨੂੰ ਬਣੇ ਹੋਏ ਭਾਵੇਂ ਤਿੰਨ ਦਹਾਕਿਆਂ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਅਤੇ ਇਸ ਨੂੰ ਵੱਡਾ ਕਰ ਕੇ ਦਸੰਬਰ 2000 ’ਚ ਉਸ ਸਮੇਂ ਦੇ ਕੈਬਨਿਟ ਮੰਤਰੀ ਚਰੰਜੀ ਲਾਲ ਗਰਗ ਨੇ 25 ਬਿਸਤਰੇ ਤੋਂ 100 ਬਿਸਤਰੇ ਦਾ ਬਣਾ ਦਿੱਤਾ ਸੀ ਅਤੇ ਉਸ ਸਮੇਂ ਇਸ ਸਮਾਗਮ ’ਚ ਸਿਹਤ ਮੰਤਰੀ ਬਲਦੇਵ ਰਾਜ ਚਾਵਲਾ ਅਤੇ ਰਾਜ ਮੰਤਰੀ ਮਹਿੰਦਰ ਕੌਰ ਜੋਸ਼ ਵੀ ਉਚੇਚੇ ਤੌਰ ’ਤੇ ਪਹੁੰਚੇ ਸਨ। ਇਸ ਹਸਪਤਾਲ  ’ਚ ਹੁਣ ਕਮੀਆਂ ਦੀ ਭਰਮਾਰ ਹੈ ਅਤੇ ਅੱਜ ਸਵੇਰੇ ਕਈ ਮਰੀਜ਼ਾਂ ਦੇ ਫੋਨ ਆਉਣ ’ਤੇ ਜਦੋਂ ‘ਜਗ ਬਾਣੀ’ ਦੇ ਪ੍ਰਤੀਨਿਧੀ ਨੇ ਖੁਦ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਤਾਂ ਇਸ ਦੀ ਕਹਾਣੀ ਇਸ ਤਰ੍ਹਾਂ ਦੀ ਨਿਕਲੀ
ਕੀ ਕਹਿੰਦੇ ਹਨ ਸਿਵਲ ਸਰਜਨ 
ਜਦੋਂ ਇਸ ਵਿਸ਼ੇ ’ਤੇ ਸਿਵਲ ਸਰਜਨ ਬਠਿੰਡਾ ਡਾ. ਹਰੀ ਨਰਾਇਣ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਐੱਸ. ਐੱਮ. ਓ. ਡਾਕਟਰ ਸੁਖਜਿੰਦਰ ਸਿੰਘ ਨੂੰ ਇਸ ਦੀ ਹਦਾਇਤ ਕਰ ਦਿੱਤੀ ਗਈ ਹੈ ਅਤੇ ਉਹ ਹੀ ਇਸ ਹਸਪਤਾਲ ਦੇ ਇੰਚਾਰਜ ਹਨ। ਬਾਕੀ ਇਸ ਬਿਲਡਿੰਗ ਦੀ ਰਿਪੇਅਰ ਬਡ਼ੀ ਜਲਦੀ ਸ਼ੁਰੂ ਕਰਵਾਈ ਜਾ ਰਹੀ ਹੈ। ਇਸ ਕਰ ਕੇ ਸਫਾਈ ਦਾ ਕੰਮ ਪ੍ਰਭਾਵਤ  ਹੋਇਆ ਹੈ, ਆਉਂਦੇ ਦਿਨਾਂ ’ਚ ਇਸ ਦੀ ਕੋਈ ਸ਼ਿਕਾਇਤ ਨਹੀਂ ਆਏਗੀ
ਕੀ ਹਨ ਸਮੱਸਿਆਵਾਂ
1. ਬਾਥਰੂਮਾਂ ਦੀ ਹਾਲਤ ਇੰਨੀ ਮਾਡ਼ੀ ਹੈ ਕਿ ਉਥੇ ਖਡ਼੍ਹਨਾ ਮੁਸ਼ਕਲ ਹੈ। ਸਫਾਈ ਦਾ ਨਾ ਲੈਣਾ ਆਪਣੇ ਆਪ ਨੂੰ ਸ਼ਰਮਸ਼ਾਰ ਕਰਨਾ ਹੈ।
2. ਹਸਪਤਾਲ ਦੇ ਲਾਅਨ ਅਤੇ ਬਲੱਡ ਬੈਂਕ ਦੇ ਕੋਲ ਅਾਵਾਰਾ ਪਸ਼ੂ ਇਸ ਤਰ੍ਹਾਂ ਫਿਰਦੇ ਹਨ ਜਿਵੇਂ ਜਾਣ-ਬੁੱਝ ਕੇ  ਛੱਡੇ ਹੋਣ ਅਤੇ ਇਨ੍ਹਾਂ ਨੂੰ ਕੋਈ ਰੋਕਣ ਵਾਲਾ ਨਹੀਂ ਹੈ।
3. ਮੁਰਦਾਘਰ ਦੀ ਹਾਲਤ ਇੰਨੀ ਖਸਤਾ ਹੈ ਕਿ ਇਸ ਦੇ ਇਕ ਕਮਰੇ ਦੀ ਛੱਤ ਚੋਂਦੀ ਹੈ ਅਤੇ ੲਿਕ ਕਮਰੇ ਦਾ ਦਰਵਾਜ਼ਾ ਵੀ ਨਹੀਂ ਹੈ।
4. 4 ਨੰਬਰ ਵਾਰਡ ਜਿੱਥੇ ਮਰੀਜ਼ਾਂ ਨੂੰ ਦਾਖਲ ਕਰਨ ਸਮੇਂ ਰੱਖਿਆ ਜਾਂਦਾ ਹੈ ’ਚ ਸਫਾਈ ਦਾ ਬੁਰਾ ਹਾਲ ਹੈ ਅਤੇ ਟੀਕੇ ਲਾ ਕੇ ਗੰਦੀ ਰੂੰ ਅਤੇ ਪੱਟੀਆਂ ਹਰ ਜਗ੍ਹਾ ਸੁੱਟੀਆਂ ਜਾਂਦੀਆਂ ਹਨ।
5. ਕਮਰਿਆਂ ਦੇ ਸ਼ੀਸ਼ੇ ਟੁੱਟੇ ਹੋਏ ਹਨ ਤੇ ਜਗ੍ਹਾ-ਜਗ੍ਹਾ ’ਤੇ ਸੀਮੈਂਟ ਉਖਡ਼ਿਆ ਹੋਇਆ ਹੈ , ਜਿਸ ਕਾਰਨ ਛੱਤਾਂ ਡਿੱਗਣ ਦੀ ਕਗਾਰ ’ਤੇ ਹਨ।
6. ਹਸਪਤਾਲ ’ਚ ਬਣੀ ਹੋਈ ਪੁਲਸ ਚੌਕੀ ਜੋ ਕਾਨੂੰਨੀ ਤੌਰ ’ਤੇ ਨਹੀਂ ਬਣ ਸਕਦੀ ਇਸ ਦੇ ਕਮਰੇ ਮਰੀਜ਼ਾਂ ਲਈ ਵਰਤੇ ਜਾ ਸਕਦੇ ਹਨ।
7. ਇਸ ਦੇ ਨਾਲ ਬਣੇ ਟੀ. ਬੀ. ਹਸਪਤਾਲ ਦੀ ਇਮਾਰਤ ਤਾਂ ਭਾਵੇਂ ਠੀਕ ਹੈ ਪਰ ਇਸ ਦਾ ਮੇਨ ਗੇਟ ਦਾ ਇਕ ਹਿੱਸਾ ਡਿੱਗਿਆ ਹੋਇਆ ਹੈ, ਜਿਸ ’ਚ ਮਰੀਜ਼ਾਂ ਦਾ ਰੱਬ ਹੀ ਰਾਖਾ ਹੈ।
8. ਇਸ ਹਸਪਤਾਲ ’ਚ ਚੱਲ ਰਹੀ ਕੰਟੀਨ ਜੋ ਮੁਰਦਾਘਰ ਦੇ ਬਿਲਕੁਲ ਨਾਲ ਹੈ ਅਤੇ ਇਥੇ ਬੈਠ ਕੇ ਲੋਕ ਖਾਣ-ਪੀਣ ਦੀਆਂ ਵਸਤਾਂ ਵਰਤਦੇ ਹਨ ਜੋ ਮੁਰਦਾਘਰ ’ਚੋਂ ਆ ਰਹੀ ਬਦਬੂ ਨਾਲ ਪ੍ਰਭਾਵਤ ਹੁੰਦੀਆਂ ਹਨ ਅਤੇ ਰੋਗਾਂ ਦਾ ਕਾਰਨ ਬਣਦੀਆਂ ਹਨ।


Related News