ਲੋਕਾਂ ਲਈ ਜਾਨਲੇਵਾ ਸਾਬਤ ਹੋ ਸਕਦੀਆਂ ਨੇ ਬਿਜਲੀ ਦੀਅਾਂ ਲਟਕਦੀਅਾਂ ਤਾਰਾਂ

09/17/2018 5:10:25 AM

 ਫਿਰੋਜ਼ਪੁਰ, (ਕੁਮਾਰ)– ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ’ਚ ਬਿਜਲੀ ਸਿਸਟਮ ਨੂੰ ਹਾਈਟੈੱਕ ਅਤੇ ਅਪਡੇਟ ਕਰਨ  ਲਈ 24 ਕਰੋਡ਼ ਰੁਪਏ ਭੇਜੇ ਗਏ ਹਨ ਅਤੇ ਪਾਵਰਕਾਮ ਵਿਭਾਗ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ’ਚ ਕਰੀਬ 90 ਫੀਸਦੀ ਬਿਜਲੀ ਸਿਸਟਮ ਨੂੰ ਅਪਗ੍ਰੇਡ ਕਰ ਦਿੱਤਾ ਗਿਆ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਦੇ ਬਾਵਜੂਦ ਫਿਰੋਜ਼ਪੁਰ ਸ਼ਹਿਰ ਦੀਅਾਂ ਕਈ ਗਲੀਅਾਂ-ਮੁਹੱਲਿਆਂ ’ਚ ਅੱਜ ਵੀ ਬਿਜਲੀ ਦੀਆਂ ਤਾਰਾਂ ਲਟਕ ਰਹੀਆਂ ਹਨ, ਮੀਟਰ ਖਸਤਾ ਹਾਲਤ ’ਚ ਪਏ ਹਨ ਤੇ ਬਿਜਲੀ ਦੀ ਸਪਲਾਈ ਪਹਿਲਾਂ ਨਾਲੋਂ ਵੀ ਜ਼ਿਆਦਾ ਬੰਦ ਹੁੰਦੀ ਹੈ। 
ਫਿਰੋਜ਼ਪੁਰ ਸ਼ਹਿਰ ਭਾਰਤ ਨਗਰ ਦੀ ਗਲੀ ਸ. ਹਰਬੰਸ ਸਿੰਘ ਕੁਮਾਰ ਸੁਤੰਤਰਤਾ ਸੈਨਾਨੀ ’ਚ ਰਹਿੰਦੇ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਅਤੇ ਪਾਵਰਕਾਮ ਦੇ ਅਧਿਕਾਰੀਆਂ ਦੇ ਦਾਅਵਿਆਂ ਦੇ ਉਲਟ ਇਸ ਗਲੀ ’ਚ ਬਿਜਲੀ ਦੀ ਵਿਵਸਥਾ ਦਾ ਬੁਰਾ ਹਾਲ ਹੈ ਅਤੇ ਬਿਜਲੀ  ਕਾਰਨ ਕੋਈ ਵੱਡਾ ਜਾਨਲੇਵਾ ਹਾਦਸਾ ਹੋ ਸਕਦਾ ਹੈ। 
ਉਨ੍ਹਾਂ ਦੱਸਿਆ ਕਿ ਕਰੀਬ 3 ਮਹੀਨੇ ਪਹਿਲਾਂ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਜਦ ਗਲੀ ਬਣਾਉਣ ਦੇ ਕੰਮ ਦਾ ਉਦਘਾਟਨ ਕਰਨ ਆਏ ਸਨ ਤਾਂ ਉਸ ਸਮੇਂ ਉਨ੍ਹਾਂ  ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਸਨ ਕਿ ਤੁਰੰਤ ਇਸ ਗਲੀ ’ਚ ਬਿਜਲੀ ਸਪਲਾਈ ਦੇ ਸਿਸਟਮ ਨੂੰ ਅਪਗ੍ਰੇਡ ਕੀਤਾ ਜਾਵੇ ਤੇ ਲਟਕ ਰਹੀਆਂ ਤਾਰਾਂ ਤੇ ਖੰਭਿਆਂ ਨੂੰ ਠੀਕ ਕੀਤਾ ਜਾਵੇ ਪਰ ਕਰੀਬ 3 ਮਹੀਨੇ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਇਸ ਗਲੀ ’ਚ ਬਿਜਲੀ ਦੀਆਂ ਤਾਰਾਂ ਲਟਕ ਰਹੀਆਂ ਹਨ ਅਤੇ ਗਲੀ ’ਚ ਖੇਡਦੇ ਤੇ ਜਾਂਦੇ-ਆਉਂਦੇ ਬੱਚਿਆਂ ਦਾ ਹੱਥ ਕਿਸੇ ਵੀ ਸਮੇਂ ਬਿਜਲੀ ਦੀਆਂ ਤਾਰਾਂ ਨਾਲ ਲੱਗ ਸਕਦਾ ਹੈ।   ਪਾਵਰਕਾਮ ਦੀ ਅਫਸਰਸ਼ਾਹੀ ਨੇ ਵਿਧਾਇਕ ਵੱਲੋਂ ਹੁਕਮ ਦਿੱਤੇ ਜਾਣ ਦੇ ਬਾਵਜੂਦ  ਇਸ ਗਲੀ ਦੇ ਬਿਜਲੀ ਸਿਸਟਮ ’ਚ ਸੁਧਾਰ ਨਹੀਂ ਕੀਤਾ। ਉਨ੍ਹਾਂ ਮੰਗ ਕੀਤੀ ਕਿ ਇਸ ਗਲੀ ’ਚ ਤੁਰੰਤ ਬਿਜਲੀ ਦੀਆਂ ਲਟਕ ਰਹੀਆਂ ਤਾਰਾਂ ਤੇ ਖੰਭਿਆਂ ’ਤੇ ਲੱਗੇ ਬਿਜਲੀ ਦੇ ਮੀਟਰਾਂ ਨੂੰ ਠੀਕ ਕੀਤਾ ਜਾਵੇ।  ਜੇਕਰ ਵਿਭਾਗ ਦੀ ਲਾਪ੍ਰਵਾਹੀ ਕਾਰਨ ਇਸ ਗਲੀ ’ਚ ਲੋਕਾਂ ਦਾ ਕਿਸੇ ਵੀ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਸਾਰੀ ਜ਼ਿੰਮੇਵਾਰੀ ਪਾਵਰਕਾਮ ਵਿਭਾਗ ਫਿਰੋਜ਼ਪੁਰ ਦੇ ਅਧਿਕਾਰੀਆਂ ਦੀ ਹੋਵੇਗੀ। 
 


Related News