ਜੜ੍ਹੀ-ਬੂਟੀਅਾਂ ਨਾਲ ਵਧ ਸਕਦੀ ਹੈ ਕਿਸਾਨਾਂ ਦੀ ਆਮਦਨ

09/17/2018 4:36:05 AM

ਅੱਜ ਦੇਸ਼ ਦੇ ਜ਼ਿਆਦਾਤਰ ਕਿਸਾਨਾਂ ਨੂੰ ਘੱਟ ਹੁੰਦੀ ਆਮਦਨ ਅਤੇ ਕਰਜ਼ੇ ਕਾਰਨ ਵੱਡੀਅਾਂ ਮੁਸ਼ਕਿਲਾਂ ’ਚੋਂ ਲੰਘਣਾ ਪੈ ਰਿਹਾ ਹੈ ਪਰ ਕੁਝ ਕਿਸਾਨਾਂ ਨੇ ਰਸਮੀ ਫਸਲਾਂ ਤੋਂ ਹਟ ਕੇ ਆਪਣੀ ਕਿਸਮਤ ਚਮਕਾ ਲਈ ਹੈ। ਆਯੁਰਵੈਦਿਕ ਉਤਪਾਦ ਉਦਯੋਗ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਜੜ੍ਹੀ-ਬੂਟੀਅਾਂ ਦੀ ਖੇਤੀ ਨਾਲ ਕੁਝ ਕਿਸਾਨ ਪ੍ਰਤੀ ਏਕੜ 3 ਲੱਖ ਰੁਪਏ ਤਕ ਕਮਾ ਰਹੇ ਹਨ। 
ਇਸ ਦੀ ਤੁਲਨਾ ’ਚ ਰਸਮੀ ਫਸਲਾਂ ਤੋਂ ਆਮਦਨ ਬੇਹੱਦ ਘੱਟ  ਹੁੰਦੀ ਹੈ, ਜਿਸ ਦਾ ਪਤਾ ਇਸੇ ਤੋਂ ਲੱਗ ਜਾਂਦਾ ਹੈ ਕਿ ਕਣਕ ਅਤੇ ਚੌਲਾਂ ਦੀ ਖੇਤੀ ’ਚ  ਪ੍ਰਤੀ ਏਕੜ 30 ਹਜ਼ਾਰ ਰੁਪਏ ਤੋਂ ਵੱਧ ਕਮਾਈ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਹਾਲੀਆ ਸਾਲਾਂ ’ਚ ਦੇਸ਼-ਵਿਦੇਸ਼ ’ਚ ਹਰਬਲ ਉਤਪਾਦਾਂ ਦੀ ਮੰਗ ਤੇਜ਼ੀ ਨਾਲ ਵਧੀ ਹੈ ਅਤੇ ਨਾਲ ਹੀ ਉਨ੍ਹਾਂ ਜੜ੍ਹੀ-ਬੂਟੀਅਾਂ ਅਤੇ ਖੁਸ਼ਬੂਦਾਰ ਬੂਟਿਅਾਂ ਦੀ ਮੰਗ ਵੀ ਵਧ ਗਈ ਹੈ, ਜਿਨ੍ਹਾਂ ਤੋਂ ਇਹ ਉਤਪਾਦ ਬਣਦੇ ਹਨ। 
ਅਤੀਸ ਕੁਟਕੀ, ਕਰੰਜ, ਸ਼ੰਖਪੁਸ਼ਪੀ ਵਰਗੀਅਾਂ ਜੜ੍ਹੀ-ਬੂਟੀਅਾਂ ਬਾਰੇ ਸ਼ਹਿਰਵਾਸੀਅਾਂ ਨੂੰ ਘੱਟ ਹੀ ਜਾਣਕਾਰੀ ਹੋਵੇਗੀ ਪਰ ਕਿਸਾਨਾਂ ਲਈ ਅਜਿਹੀਅਾਂ ਹੀ ਜੜ੍ਹੀ-ਬੂਟੀਅਾਂ ਦੀ ਖੇਤੀ ਵੱਡੀ ਰਾਹਤ ਤੋਂ ਘੱਟ ਨਹੀਂ ਹੈ, ਜੋ ਕਿ ਉਨ੍ਹਾਂ ਲਈ ਕਮਾਈ ਦਾ ਅਜਿਹਾ ਜ਼ਰੀਆ ਬਣ ਗਈ ਹੈ, ਜਿਸ ਦੀ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਲਪਨਾ ਵੀ ਸ਼ਾਇਦ ਹੀ ਕੀਤੀ ਹੋਵੇ। 
ਅਤੀਸ ਤੋਂ ਪ੍ਰਤੀ ਏਕੜ ਢਾਈ ਤੋਂ 3 ਲੱਖ ਰੁਪਏ, ਲੈਵੇਂਡਰ ਤੋਂ 1.2 ਤੋਂ 1.5 ਲੱਖ ਰੁਪਏ, ਰਤਨਜੋਤ ਤੋਂ 1.15 ਲੱਖ ਰੁਪਏ, ਕਾਰੂ ਤੋਂ ਡੇਢ ਤੋਂ 2 ਲੱਖ ਰੁਪਏ ਦੀ ਕਮਾਈ ਕਿਸਾਨਾਂ ਨੂੰ ਹੋ ਰਹੀ ਹੈ। ਇਨ੍ਹਾਂ ਦੀ ਖੇਤੀ ਦੇ ਵਾਧੂ ਲਾਭ ਵੀ ਹਨ, ਜਿਵੇਂ ਕਿ ਇਨ੍ਹਾਂ ਨੂੰ ਨਾ ਤਾਂ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ ਅਤੇ ਨਾ ਹੀ ਜ਼ਿਆਦਾ ਖਾਦ  ਦੀ। 
ਅਨੁਮਾਨ ਅਨੁਸਾਰ ਹਰਬਲ ਉਤਪਾਦਾਂ ਦਾ 50 ਹਜ਼ਾਰ ਕਰੋੜ ਰੁਪਏ ਦਾ ਮੌਜੂਦਾ ਬਾਜ਼ਾਰ 15 ਫੀਸਦੀ ਸਾਲਾਨਾ ਦੀ ਦਰ ਨਾਲ ਵਧ ਰਿਹਾ ਹੈ। ਸਰਕਾਰੀ ਅੰਕੜਿਅਾਂ ਅਨੁਸਾਰ ਇਸ ਸਮੇਂ ਦੇਸ਼ ’ਚ ਜੜ੍ਹੀ-ਬੂਟੀਅਾਂ ਅਤੇ ਖੁਸ਼ਬੂਦਾਰ ਪੌਦਿਅਾਂ ਦੀ ਖੇਤੀ ਰਸਮੀ ਫਸਲਾਂ ਦੀ ਤੁਲਨਾ ’ਚ ਬੇਹੱਦ ਘੱਟ ਖੇਤਰਾਂ ’ਚ ਹੋ ਰਹੀ ਹੈ। ਖੇਤੀ ਦੇ ਕੁਲ 1058.1 ਲੱਖ ਹੈਕਟੇਅਰ ’ਚੋਂ 6.34 ਲੱਖ ਹੈਕਟੇਅਰ ’ਤੇ ਹੀ ਜੜ੍ਹੀ-ਬੂਟੀਅਾਂ ਦੀ ਖੇਤੀ ਹੋ ਰਹੀ ਹੈ, ਹਾਲਾਂਕਿ ਚੰਗੀ ਗੱਲ ਹੈ ਕਿ ਇਨ੍ਹਾਂ ਦੀ ਖੇਤੀ ਦਾ ਖੇਤਰਫਲ ਹਰ ਸਾਲ 10 ਫੀਸਦੀ ਦੀ ਦਰ ਨਾਲ ਵਧ ਰਿਹਾ ਹੈ  ਪਰ ਅਜੇ ਵੀ ਸਰਕਾਰ ਨੂੰ ਆਪਣੀ ਖੇਤੀ ਨੀਤੀ ’ਤੇ ਧਿਆਨ ਦੇਣਾ ਪਵੇਗਾ ਅਤੇ ਉਸ ਨੂੰ ਕਿਸਾਨਾਂ ਨੂੰ ਜੜ੍ਹੀ-ਬੂਟੀਅਾਂ ਨੂੰ ਬਰਾਮਦ ਕਰਨ ਦੀ ਇਜਾਜ਼ਤ ਦੇਣੀ ਪਵੇਗੀ। ਇਸ ਤੋਂ ਪਹਿਲਾਂ ਵੀ ਕਿਸਾਨਾਂ ਨੇ ਖੁਸ਼ਬੂਦਾਰ ਫੁੱਲਾਂ ਅਤੇ ਯੂਰਪੀਅਨ ਫਲਾਂ ਤੇ ਸਬਜ਼ੀਅਾਂ ਦਾ ਉਤਪਾਦਨ ਸ਼ੁਰੂ ਕੀਤਾ ਸੀ ਪਰ ਉਨ੍ਹਾਂ ਨੂੰ ਸਿੱਧੀ ਬਰਾਮਦ ਦੀ ਇਜਾਜ਼ਤ ਨਾ ਮਿਲਣ ਕਾਰਨ ਉਨ੍ਹਾਂ ਦਾ ਉਤਸ਼ਾਹ ਅੱਧਾ ਰਹਿ ਗਿਆ ਹੈ। 


Related News