ਕਲਯੁਗੀ ਪਿਉ ਵਲੋਂ ਨਾਬਾਲਗ ਧੀ ਦੀ ਕੁਹਾਡ਼ਾ ਮਾਰ ਕੇ ਹੱਤਿਆ, ਕੇਸ ਦਰਜ

09/17/2018 4:32:35 AM

 ਬਟਾਲਾ/ਕਾਲਾ ਅਫਗਾਨਾ,   (ਬੇਰੀ, ਬਲਵਿੰਦਰ)-  ਪਿੰਡ ਵ੍ਹੀਲਾ ਤੇਜਾ ਵਿਖੇ ਕਲਯੁਗੀ ਪਿਉ ਵਲੋਂ 15 ਸਾਲਾ ਨਾਬਾਲਗ ਧੀ ਦੀ ਕੁਹਾਡ਼ਾ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।
ਇਸ ਸਬੰਧੀ ਥਾਣਾ ਫਤਿਹਗਡ਼੍ਹ ਚੂਡ਼ੀਆਂ ਦੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਮ੍ਰਿਤਕਾ ਹਰਸ਼ਪ੍ਰੀਤ ਕੌਰ ਦੀ ਮਾਤਾ ਮਨਜੀਤ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਵ੍ਹੀਲਾ ਤੇਜਾ ਨੇ ਲਿਖਵਾਇਆ ਹੈ ਕਿ ਮੇਰਾ ਪਤੀ ਕੁਲਦੀਪ ਸਿੰਘ ਜੋ ਕਰੀਬ ਦੋ ਮਹੀਨੇ ਪਹਿਲਾਂ ਦੋਹਾ ਕਤਰ ਤੋਂ ਘਰ ਵਾਪਸ ਆਇਆ ਸੀ,  ਸ਼ਰਾਬ ਪੀਣ ਦਾ ਆਦੀ ਸੀ ਅਤੇ ਸ਼ਰਾਬ ਪੀ ਕੇ ਅਕਸਰ ਮੇਰੀ ਕੁੱਟ-ਮਾਰ ਕਰਦਾ ਰਹਿੰਦਾ ਹੈ। ਮਨਜੀਤ ਕੌਰ ਨੇ ਬਿਆਨਾਂ ’ਚ ਅੱਗੇ ਲਿਖਵਾਇਆ ਹੈ ਕਿ ਬੀਤੀ ਰਾਤ 9 ਵਜੇ ਦੇ ਕਰੀਬ ਮੇਰੇ ਪਤੀ ਕੁਲਦੀਪ ਸਿੰਘ ਨੇ ਮੇਰੇ ਕੋਲੋਂ ਸ਼ਰਾਬ ਪੀਣ ਲਈ ਪੈਸਿਆਂ ਦੀ ਮੰਗ ਕਰਦਿਆਂ ਮੇਰੀ ਕੁੱਟ-ਮਾਰ ਕੀਤੀ ਜਿਥੇ ਮੈਂ ਡਰ ਦੇ ਮਾਰੇ ਕਮਰੇ ਅੰਦਰ ਵਡ਼ ਗਈ ਤੇ ਦਰਵਾਜ਼ਾ ਬੰਦ ਕਰ ਲਿਆ। ਮਨਜੀਤ ਕੌਰ ਮੁਤਾਬਕ ਮੇਰੀ 15 ਸਾਲਾ ਵੱਡੀ ਲਡ਼ਕੀ ਹਰਸ਼ਪ੍ਰੀਤ ਕੌਰ ਜੋ ਕਿ ਬੀਤੀ ਰਾਤ ਬੈੱਡ ’ਤੇ ਬੈਠ ਕੇ ਪਡ਼੍ਹ ਰਹੀ ਸੀ, ਕੋਲੋਂ ਪੈਸਿਆਂ ਦੀ ਮੰਗ ਨੂੰ ਲੈ ਕੇ ਪਹਿਲਾਂ ਮੇਰੇ ਪਤੀ ਨੇ ਹਰਸ਼ਪ੍ਰੀਤ ਕੌਰ ਨਾਲ ਗਾਲੀ-ਗਲੋਚ ਕੀਤਾ ਅਤੇ ਬਾਅਦ ਵਿਚ ਨੇਡ਼ੇ ਪਏ ਡੰਡੇ ਨਾਲ ਉਸ ਦੀ ਕੁੱਟ-ਮਾਰ ਕੀਤੀ। ਉਪਰੰਤ  ਗੁੱਸੇ ’ਚ ਆ ਕੇ ਕੁਲਦੀਪ ਸਿੰਘ ਨੇ  ਕੋਹਾਡ਼ਾ ਮੇਰੀ ਲਡ਼ਕੀ ਦੇ ਸਿਰ ਵਿਚ ਮਾਰ ਦਿੱਤਾ, ਜਿਸ ਨਾਲ ਹਰਸ਼ਪ੍ਰੀਤ ਲਹੂ-ਲੁਹਾਨ ਹੋ ਕੇ ਫਰਸ਼ ’ਤੇ ਡਿੱਗ ਪਈ ਅਤੇ ਉਸਦੀ ਮੌਤ ਹੋ ਗਈ।
 ®ਉਕਤ ਮਾਮਲੇ ਸਬੰਧੀ ਐੱਸ. ਐੱਚ. ਓ. ਫਤਿਹਗਡ਼੍ਹ ਚੂਡ਼ੀਆਂ ਹਰਜੀਤ ਸਿੰਘ ਨੇ ਕਾਰਵਾਈ ਕਰਦਿਆਂ ਮ੍ਰਿਤਕਾ ਦੀ ਮਾਤਾ ਮਨਜੀਤ ਕੌਰ ਦੇ ਬਿਆਨਾਂ ’ਤੇ  ਕੁਲਦੀਪ ਸਿੰਘ ਵਿਰੁੱਧ ਧਾਰਾ 302 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ ਹੈ।
 


Related News