ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਵਿਅਕਤੀ ਨੇ ਕੀਤੀ ਆਤਮਹੱਤਿਆ

09/17/2018 4:12:26 AM

ਤਰਨਤਾਰਨ,   (ਰਾਜੂ, ਬਲਵਿੰਦਰ ਕੌਰ)- ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਸਹੁਰੇ ਪਰਿਵਾਰ ਤੋਂ ਦੁਖੀ ਹੋਏ ਇਕ ਵਿਅਕਤੀ ਵਲੋਂ ਆਤਮਹੱਤਿਆ ਕਰਨ ਦੇ ਦੋਸ਼ ਹੇਠ ਸਹੁਰੇ ਪਰਿਵਾਰ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 ਜਾਣਕਾਰੀ ਅਨੁਸਾਰ ਮੁਦਈ ਗੁਰਮੁਖ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਦੇਊ ਬਾਠ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਦੇ ਭਰਾ ਜੋਗਾ ਸਿੰਘ ਦੀ 5-6 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਤਰਸ ਦੇ ਅਾਧਾਰ ’ਤੇ ਜੋਗਾ ਸਿੰਘ ਦੇ ਲਡ਼ਕੇ ਜਗਰੂਪ ਸਿੰਘ ਨੂੰ ਸਾਲ 2014 ’ਚ ਦਰਜਾ ਚਾਰ ਵਜੋਂ  ਪਸ਼ੂ ਹਸਪਤਾਲ ਗੋਇੰਦਵਾਲ ਰੋਡ ਨੇਡ਼ੇ ਰੇਲਵੇ ਫਾਟਕ ਤਰਨਤਾਰਨ ਨੌਕਰੀ ਮਿਲ ਗਈ ਤੇ ਮੇਰੇ ਭਤੀਜੇ ਦੀ ਸ਼ਾਦੀ ਬਲਜੀਤ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਬੁੱਘੇ ਨਾਲ ਹੋਈ ਸੀ। ਉਸ ਦਾ ਸਹੁਰਾ ਪਰਿਵਾਰ ਤੇ ਪਤਨੀ ਬਲਜੀਤ ਕੌਰ ਵਾਰ-ਵਾਰ ਤਰਨਤਾਰਨ ਸ਼ਹਿਰ ਵਿਚ ਜਗ੍ਹਾ ਲੈਣ ਵਾਸਤੇ ਉਸ  ਨੂੰ ਮਜਬੂਰ ਕਰਦੇ ਸਨ।  ਉਸ ਦਾ ਭਤੀਜਾ ਅੱਜ ਸਵੇਰੇ ਆਪਣੀ ਪਤਨੀ ਬਲਜੀਤ ਕੌਰ ਤੇ ਸਾਲੇ ਮਨੀ ਨੂੰ ਲੈ ਕੇ ਤਰਨਤਾਰਨ ਆਇਆ ਸੀ ਕਿ ਬਲਜੀਤ ਕੌਰ ਨੇ ਆਪਣਾ ਆਧਾਰ ਕਾਰਡ ਬਣਾਉਣਾ  ਹੈ।  ਜਗਰੂਪ  ਦੇ ਸਾਲੇ ਮਨੀ ਨੇ ਫੋਨ ਕਰ ਕੇ ਦੱਸਿਆ ਕਿ ਉਸ ਦੇ ਭਤੀਜੇ ਦੀ ਮੌਤ ਹੋ ਗਈ ਹੈ। ਜਦੋਂ ਮੈਂ ਹਸਪਤਾਲ ਪੁੱਜਾ ਤਾਂ ਡਾਕਟਰ ਸਾਹਿਬ ਨੇ ਮ੍ਰਿਤਕ ਜਗਰੂਪ ਸਿੰਘ ਦੀ  ਪੈਂਟ ਦੀ ਜੇਬ ’ਚੋਂ  ਛੋਟੀ ਡਾਇਰੀ ਦੇ ਕੁਝ ਪੇਜ ਕੱਢ ਕੇ ਮੇਰੇ ਹਵਾਲੇ ਕੀਤੇ ਜਿਨ੍ਹਾਂ ’ਤੇ ਲਿਖਿਆ  ਸੀ ਕਿ  ਉਸ ਦੀ ਮੌਤ ਦਾ ਕਾਰਨ ਉਸ ਦੀ  ਸੱਸ ਕੁਲਦੀਪ ਕੌਰ ਪਤਨੀ ਰਣਜੀਤ ਸਿੰਘ, ਤਿੰਨ ਸਾਲੇ ਮਨੀ, ਅਜੇ , ਸਾਜਨ ਤੇ  ਉਸ   ਦੀ ਪਤਨੀ ਬਲਜੀਤ ਕੌਰ ਹੈ। 
ਇਸ ਸਬੰਧੀ ਤਫਤੀਸ਼ੀ ਅਫਸਰ ਏ. ਐੱਸ. ਆਈ. ਗੁਰਮੀਤ ਸਿੰਘ ਨੇ ਉਕਤ ਵਿਅਕਤੀਅਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 


Related News