ਡਾਲਰਾਂ ਦੀ ਚਮਕ ਨਾਲ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਨੌਜਵਾਨ

09/17/2018 2:20:07 AM

ਕਪੂਰਥਲਾ,   (ਗੁਰਵਿੰਦਰ ਕੌਰ)-  ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਕਬੂਤਰਬਾਜ਼ਾਂ ਦੇ ਹੱਥੀਂ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਲੱਖਾਂ ਰੁਪਏ ਖਰਚ ਕੇ ਵੀ ਉਨ੍ਹਾਂ ਦੇ ਇਰਾਦੇ ਪੂਰੇ ਨਹੀਂ ਹੋ ਰਹੇ। ਕਈ ਦਹਾਕਿਆਂ ਤੋਂ ਕਬੂਤਰਬਾਜ਼ੀ ਦਾ ਗੋਰਖ ਧੰਦਾ ਚੱਲ ਰਿਹਾ ਹੈ, ਜਿਸ ’ਚ ਜਾਇਜ਼ ਤੇ ਨਾਜਾਇਜ਼ ਤਰੀਕੇ ਨਾਲ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ, ਕਰੋਡ਼ਾਂ ਦੀ ਲੁੱਟ ਕੀਤੀ ਜਾ ਰਹੀ ਹੈ। ਸਰਕਾਰ ਤੇ ਪੁਲਸ ਦੀ ਮੌਜੂਦੀ ’ਚ ਇਹ ਧੰਦਾ ਹੋ ਰਿਹਾ ਹੈ ਜਦਕਿ ਕਾਨੂੰਨ ਨੂੰ ਠੇਂਗਾ ਦਿਖਾ ਕੇ ਕਬੂਤਰਬਾਜ਼ ਲਗਾਤਾਰ ਲੋਕਾਂ ਨੂੰ ਲੁੱਟਣ ’ਚ ਲੱਗੇ ਹੋਏ ਹਨ। 
ਡਾਲਰਾਂ ਦੀ ਚਮਕ ਦਿਖਾ ਕੇ ਇਨ੍ਹਾਂ ਭੋਲੇ ਭਾਲੇ ਲੋਕਾਂ ਨੂੰ ਆਪਣੀ ਜ਼ਮੀਨ ਤਕ ਵੇਚਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ, ਉਨ੍ਹਾਂ ਦੀ ਜਾਗ ਉਦੋਂ ਖੁੱਲ੍ਹਦੀ ਹੈ ਜਦੋਂ ਉਨ੍ਹਾਂ ਨੂੰ ਸਮੁੰਦਰ ਜਾਂ ਜੰਗਲਾਂ ’ਚ ਛੱਡ ਦਿੱਤਾ ਜਾਂਦਾ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ’ਚ ਵਿਦੇਸ਼ੀ ਧਰਤੀ ’ਤੇ ਦਰ-ਦਰ ਭਟਕਦੇ ਭਾਰਤੀ ਲੋਕ ਘਾਹ ਖਾ ਕੇ ਗੁਜ਼ਾਰਾ ਕਰ ਰਹੇ ਹਨ। ਕੁਝ ਮਾਮਲਿਆਂ ’ਚ ਤਾਂ ਕਈ ਲੋਕ ਭੁੱਖ, ਪਿਆਸ ਨਾਲ ਆਪਣੀ ਜਾਨ ਵੀ ਗਵਾ ਚੁੱਕੇ ਹਨ, ਬਾਵਜੂਦ ਇਸ ਦੇ ਠੱਗੀ ਦਾ ਸ਼ਿਕਾਰ ਹੋਣ ਵਾਲਿਆਂ ’ਚ ਕੋਈ ਕਮੀ ਨਹੀਂ ਆਈ। 

ਦਲਾਲਾਂ ਰਾਹੀਂ ਚਲਦਾ ਹੈ ਧੰਦਾ
 ਟਰੈਵਲ ਏਜੰਟਾਂ ਦੇ ਨਾਂ ’ਤੇ ਕਈ ਅਜਿਹੇ ਵੱਡੇ ਮਗਰਮੱਛ ਹਨ, ਜਿਨ੍ਹਾਂ ਨੂੰ ਸੱਤਾਧਾਰੀ ਆਗੂਆਂ ਦੀ ਸ਼ਹਿ ਹਾਸਲ ਹੈ ਤੇ ਮਨੁੱਖੀ ਸਮੱਗਲਿੰਗ ਦਾ ਕੰਮ ਵੀ ਕਰਦੇ ਹਨ ਤੇ ਕਾਨੂੰਨ ਨੂੰ ਠੇਂਗਾ ਦਿਖਾ ਕੇ ਉਹ ਆਪਣੀਅਾਂ ਤਿਜੋਰੀਆਂ ਭਰ ਰਹੇ ਹਨ। ਇਨ੍ਹਾਂ ਟਰੈਵਲ ਏਜੰਟਾਂ ਨੇ ਆਪਣੇ ਕਈ ਦਲਾਲ ਸ਼ਹਿਰਾਂ ਤੇ ਕਸਬਿਆਂ ’ਚ ਛੱਡੇ ਹੋਏ ਹਨ, ਜਿਨ੍ਹਾਂ  ਨੂੰ ਲਾਲਚ ਦੇ ਕੇ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਆਪਣੇ ਜਾਲ ’ਚ ਫਸਾ ਕੇ ਉਨ੍ਹਾਂ ਤੋਂ ਖੂਬ ਮੋਟੀ ਰਕਮ ਇਕੱਠੀ ਕਰ ਲੈਂਦੇ ਹਨ। ਇਹੀ ਦਲਾਲ ਉਨ੍ਹਾਂ ਦੇ ਪਾਸਪੋਰਟ ਤੋਂ ਲੈ ਕੇ ਸਾਰੇ ਦਸਤਾਵੇਜ਼ ਬਣਾਉਣ ਦਾ ਕੰਮ ਕਰਦੇ ਹਨ। ਇਥੋਂ ਤਕ ਕਿ ਵੀਜ਼ਾ ਵੀ ਲਵਾਉਣ ’ਚ ਸਫਲ ਹੋ ਜਾਂਦੇ ਹਨ। ਸੂਚਨਾ ਤਕਨੀਕੀ ਕਾਰਨ ਸਭ ਕੁਝ ਆਨਲਾਈਨ ਕਰ ਦਿੱਤਾ ਗਿਆ ਹੈ ਫਿਰ ਵੀ ਲੋਕ ਇਸ ਦਾ ਫਾਇਦਾ ਚੁੱਕਣ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਦਲਾਲਾਂ ਦੇ ਚੱਕਰ ’ਚ ਫਸ ਜਾਂਦੇ ਹਨ।

ਬੇਰੁਜ਼ਗਾਰੀ ਕਾਰਨ ਵੱਧ ਰਿਹੈ ਕਾਰੋਬਾਰ
 ਪੰਜਾਬ ’ਚ ਕਿਸਾਨੀ ਦੇ ਕਾਰੋਬਾਰ ’ਚ ਆਏ ਦਿਨ ਘਾਟਾ ਹੋ ਰਿਹਾ ਹੈ, ਜਿਸ ਕਾਰਨ ਕਿਸਾਨ ਪਰਿਵਾਰਾਂ ਦੇ ਨੌਜਵਾਨ ਖੇਤੀ ਦੇ ਕੰਮ ’ਚ ਆਪਣਾ ਕੈਰੀਅਰ ਨਹੀਂ ਦੇਖਦੇ। ਉਹ ਅਜਿਹਾ ਕੰਮ ਕਰਨਾ ਚਾਹੁੰਦੇ ਹਨ, ਜਿਸ ਨਾਲ ਜਲਦੀ ਤੋਂ ਜਲਦੀ ਪੈਸਾ ਕਮਾਇਆ ਜਾ ਸਕੇ। ਅਜਿਹੇ ’ਚ ਗਲਤ ਤਰੀਕੇ ਨਾਲ ਵਿਦੇਸ਼ ਜਾਣ ਦਾ ਤਰੀਕਾ ਅਪਨਾਉਣ ਲਈ ਮਜਬੂਰ ਹੋ ਜਾਂਦੇ ਹਨ, ਜਿਸ ਕਾਰਨ ਬੇਰੋਜ਼ਗਾਰ ਨੌਜਵਾਨ ਕਬੂਤਰਬਾਜ਼ਾਂ ਦੇ ਜਾਲ ’ਚ ਫਸ ਜਾਂਦੇ ਹਨ। 

ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਬਣਾ ਕੇ ਕੀਤੀ ਗਈ ਸੀ ਖਾਨਾਪੂਰਤੀ
 ਪੰਜਾਬ ਸਰਕਾਰ ਵਲੋਂ ਬਣਾਏ ਗਏ ਕਾਨੂੰਨ ਤੇ ਐਕਟ ਵਿਦੇਸ਼ ਜਾਣ ਦੇ ਸੁਪਨੇ ਦੇਖਣ ਵਾਲੇ ਲੋਕਾਂ ਨੂੰ ਇਨ੍ਹਾਂ ਦੇ ਜਾਲ ’ਚ ਫਸਣ ਤੋਂ ਨਹੀਂ ਬਚਾਅ ਸਕੇ। ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਬਾਵਜੂਦ ਪੰਜ ਸਾਲਾਂ ’ਚ ਟਰੈਵਲ ਏਜੰਟਾਂ ਦੇ ਪੰਜੀਕਰਨ ਨੂੰ ਲਾਜ਼ਮੀ ਨਹੀਂ ਬਣਾਇਆ ਜਾ ਸਕਿਆ। ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ’ਚ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਬਣਾ ਕੇ ਖਾਨਾਪੂਰਤੀ ਕਰ ਦਿੱਤੀ ਸੀ। ਇਸ ਦੇ ਬਾਵਜੂਦ 2017 ’ਚ ਸੱਤਾ ’ਚ ਆਈ ਕਾਂਗਰਸ ਸਰਕਾਰ ਨੇ ਬੀਤੇ ਡੇਢ ਸਾਲ ’ਚ ਫਰਜ਼ੀ ਟਰੈਵਲ ਏਜੰਟਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਨਤੀਜੇ ਵਜੋਂ ਸੂਬੇ ’ਚ ਇਕ ਵਾਰ ਫਿਰ ਤੋਂ ਫਰਜ਼ੀ ਟਰੈਵਲ ਏਜੰਟਾਂ ਦਾ ਕਾਰੋਬਾਰ ਜੰਮ ਕੇ ਚੱਲ ਰਿਹਾ ਹੈ।

ਪੰਜਾਬ ’ਚ ਟਰੈਵਲ ਏਜੰਟਾਂ ਦੀ ਸਥਿਤੀ
 ਅੰਕਡ਼ਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਕਪੂਰਥਲਾ 240 ਟਰੈਵਲ ਏਜੰਟਾਂ ’ਚੋਂ ਕਰੀਬ 63 ਹੀ ਰਜਿਸਟਰਡ ਹਨ, ਇਸੇ ਤਰ੍ਹਾਂ ਜਲੰਧਰ ’ਚ ਕੁਲ 6000 ਟਰੈਵਲ ਏਜੰਟਾਂ ’ਚੋਂ 240 ਹੀ ਰਜਿਸਟਰਡ ਹੋਏ ਹਨ, ਜਦਕਿ 250 ਮਾਮਲੇ ਦਰਜ ਹਨ ਤੇ 50 ਏਜੰਟ ਗ੍ਰਿਫਤਾਰ ਹੋ ਚੁੱਕੇ ਹਨ। ਨਵਾਂਸ਼ਹਿਰ ’ਚ ਕੁਲ 200 ਟਰੈਵਲ ਏਜੰਟਾਂ ’ਚੋਂ 64 ਰਜਿਸਟਰਡ ਹਨ, 29 ਮਾਮਲੇ ਦਰਜ ਹਨ ਤੇ 23 ਗ੍ਰਿਫਤਾਰ ਹੋ ਚੁੱਕੇ ਹਨ, ਹੁਸ਼ਿਆਰਪੁਰ ’ਚ 150 ਟਰੈਵਲ ਏਜੰਟਾਂ ’ਚੋਂ 32 ਰਜਿਸਟਰਡ ਹਨ, 77 ਮਾਮਲੇ ਦਰਜ ਹਨ ਤੇ 22 ਗ੍ਰਿਫਤਾਰ ਹੋ ਚੁੱਕੇ ਹਨ, ਗੁਰਦਾਸਪੁਰ ’ਚ 122 ਟਰੈਵਲ ਏਜੰਟਾਂ ’ਚੋਂ 30 ਰਜਿਸਟਰਡ ਹਨ ਜਦਕਿ 27 ਮਾਮਲੇ ਦਰਜ ਹਨ। ਬਠਿੰਡਾ ਜ਼ਿਲੇ ’ਚ 130 ਟਰੈਵਲ ਏਜੰਟ ਹਨ, ਜਿਨ੍ਹਾਂ ’ਚੋਂ 18 ਰਜਿਸਟਰਡ ਹਨ। ਅਜਿਹੇ ਪਠਾਨਕੋਟ, ਮਾਨਸਾ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਸੰਗਰੂਰ, ਪਟਿਆਲਾ, ਬਰਨਾਲਾ, ਫਤਿਹਗਡ਼੍ਹ ਸਾਹਿਬ ਆਦਿ ਦੀ ਸਥਿਤੀ ਹੈ ਜਿਥੇ ਟਰੈਵਲ ਏਜੰਟਾਂ ਦੀ ਭਰਮਾਰ  ਹੈ ਪਰ ਮਾਮਲੇ ਨਾ ਮਾਤਰ ਦਰਜ ਹਨ। ਇਹ ਟਰੈਵਲ ਏਜੰਟ 10 ਲੱਖ ਤੋਂ ਲੈ ਕੇ 40 ਲੱਖ ਰੁਪਏ ਤਕ ਰਕਮ ਹਡ਼ੱਪ ਜਾਂਦੇ ਹਨ। ਅਦਾਲਤ ਤੇ ਪੁਲਸ ਕੋਲ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੁਝ ਹੱਥ ਨਹੀਂ ਲੱਗਦਾ। 

ਇੰਝ ਬਣਾਉਂਦੇ ਹਨ ਠੱਗੀ ਦਾ ਸ਼ਿਕਾਰ
 ਇਕ ਵਾਰ ਇਕ ਹੀ ਪਿੰਡ ਦੇ ਮਤਲਬ ਜਾਣ ਪਛਾਣ ਦੇ 30-40 ਲੋਕਾਂ ਨੂੰ ਇਕੱਠਾ ਭੇਜਣ ਲਈ ਤਿਆਰ ਕਰਦੇ ਹਨ। ਉਸ ਤੋਂ ਬਾਅਦ ਇਨ੍ਹਾਂ 30-40 ਲੋਕਾਂ ’ਚੋਂ ਕੁਝ ਕੁ ਨੂੰ ਭੇਜ ਕੇ ਪਹਿਲਾਂ ਲੋਕਾਂ ਨੂੰ ਭਰੋਸਾ ਦਿਵਾਉਂਦੇ ਹਨ। ਇਸ ਭਰੋਸੇ ਦੇ ਅਾਧਾਰ ’ਤੇ 100 ਲੋਕਾਂ ਤੋਂ ਪੈਸੇ ਵਸੂਲ ਕਰ ਲੈਂਦੇ ਹਨ। ਫਰਜ਼ੀ ਟਰੈਵਲ ਏਜੰਟ ਪਹਿਲਾਂ ਗਾਹਕ ਤੋਂ ਕਿਸ ਦੇਸ਼ ’ਚ ਜਾਣਾ ਹੈ, ਦੀ ਜਾਣਕਾਰੀ ਲੈਂਦੇ ਹਨ, ਫਿਰ ਉਥੇ ਜਾ ਕੇ ਸਬੰਧਿਤ ਯੋਗਤਾ ਮੁਤਾਬਕ ਕੀ-ਕੀ ਕੰਮ ਕਰ ਸਕਦਾ ਹੈ ਆਦਿ ਜਾਣਕਾਰੀ ਦੇ ਕੇ ਉਸ ਨੂੰ ਆਪਣੇ ਜਾਲ ’ਚ ਫਸਾਉਂਦੇ ਹਨ ਇਸ ਤੋਂ ਬਾਅਦ ਉਸ ਤੋਂ ਪੈਸੇ ਲੈਂਦੇ ਹਨ।  

ਕਪੂਰਥਲਾ ’ਚ  ਸਿਰਫ 63 ਦੇ ਕਰੀਬ ਹੀ ਟਰੈਵਲ ਏਜੰਟ ਕਾਨੂੰਨ ਦੇ ਦਾਇਰੇ ’ਚ ਕੰਮ ਕਰ ਰਹੇ ਹਨ,
 ਜ਼ਿਲਾ ਕਪੂਰਥਲਾ ’ਚ 2016 ਤੋਂ ਲਾਇੰਸਸ ਬਣਨੇ ਸ਼ੁਰੂ ਹੋਏ ਜੋ ਹੁਣ ਤਕ ਸਿਰਫ 63 ਦੇ ਲਗਭਗ ਟਰੈਵਲ ਏਜੰਟਾਂ ਨੂੰ ਹੀ ਪੰਜਾਬ ਪ੍ਰੀਵੈਂਸ਼ਨ ਆਫ ਹਿਊਮਨ ਸਮੱਗਲਿੰਗ ਐਕਟ ਤਹਿਤ ਲਾਇਸੰਸ ਜਾਰੀ ਕੀਤੇ ਗਏ ਹਨ, ਜਦੋਂਕਿ ਏ. ਡੀ. ਸੀ. ਆਫਿਸ ’ਚ 25 ਦੇ ਕਰੀਬ ਲਾਇਸੰਸਾਂ ਦੇ ਬਿਨੈ ਪੱਤਰ ਪੈਂਡਿੰਗ ਪਏ ਹੋਏ ਹਨ, ਜਿਨ੍ਹਾਂ ਨੂੰ ਅਜੇ ਤਕ ਨਿਪਟਾਇਆ ਨਹੀਂ ਗਿਆ ਹੈ। ਏ. ਡੀ. ਸੀ ਆਫਿਸ ਤੋਂ ਜਾਰੀ ਕੀਤੇ ਗਏ ਲਾਇਸੰਸਾਂ ਤੇ ਪੈਂਡਿੰਗ ਪਏ ਬਿਨੈ ਪੱਤਰਾਂ ਨੂੰ ਦੇਖਣ ਦੇ ਬਾਅਦ ਇਹ ਤਾਂ ਪਤਾ ਲੱਗ ਹੀ ਰਿਹਾ ਹੈ ਕਿ ਜ਼ਿਲੇ ’ਚ 63 ਦੇ ਕਰੀਬ ਹੀ ਟਰੈਵਲ ਏਜੰਟ ਹਨ, ਜੋ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਕੰਮ ਕਰ ਰਹੇ ਹਨ ਤੇ ਕੰਮ ਕਰਨਾ ਚਾਹੁੰਦੇ ਹਨ ਪਰ ਬਿਨਾਂ ਦਫਤਰ ਘਰਾਂ ’ਚ ਹੀ ਟਰੈਵਲ ਏਜੰਟ ਦਾ ਕੰਮ ਕਰਨ ਵਾਲੇ ਠੱਗਾਂ ਦੀ ਗਿਣਤੀ ਜ਼ਿਲਾ ਕਪੂਰਥਲਾ ਤੋਂ ਇਲਾਵਾ ਪੂਰੇ ਸੂਬੇ ’ਚ ਸੈਂਕਡ਼ਿਆਂ ਦੀ ਤਾਦਾਦ ’ਚ ਹੈ, ਜਿਨ੍ਹਾਂ ’ਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਲੋਡ਼ ਹੈ। 


Related News