ਫਿਰੋਜ਼ਪੁਰ ਤੋਂ ਅਗਵਾ ਹੋਇਆ ਨੰਨ੍ਹਾ ਬੱਚਾ ਮੋਗਾ ਪੁਲਸ ਨੇ ਕੀਤਾ ਬਰਾਮਦ

09/17/2018 2:00:19 AM

ਮੋਗਾ, (ਅਾਜ਼ਾਦ)- ਜ਼ਿਲਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਮੋਗਾ ਪੁਲਸ  ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦ ਫਿਰੋਜ਼ਪੁਰ ਤੋਂ ਅੱਜ ਦੁਪਹਿਰ ਸਮੇਂ ਅਗਵਾ ਹੋਏ ਇਕ  ਨੰਨ੍ਹੇ ਬੱਚੇ ਨੂੰ ਮੋਗਾ ਪੁਲਸ ਨੇ ਇਕ ਦੋਸ਼ੀ ਔਰਤ ਸਮੇਤ ਬਰਾਮਦ ਕਰ ਕੇ ਉਨ੍ਹਾਂ ਦੇ  ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ। ਅਗਵਾਕਾਰਾਂ ’ਚ ਇਕ ਵਿਅਕਤੀ ਬੱਚੇ ਦਾ  ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ। ਇਸ ਸਬੰਧ ’ਚ ਬੱਚੇ ਦੇ ਪਰਿਵਾਰ ਵਾਲਿਆਂ ਵੱਲੋਂ  ਫਿਰੋਜ਼ਪੁਰ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ ਸੀ। ਜ਼ਿਲਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਤੂਰ  ਨੇ ਦੱਸਿਆ ਕਿ ਫਿਰੋਜ਼ਪੁਰ ਪੁਲਸ ਵੱਲੋਂ ਪੰਜਾਬ ਦੇ ਸਾਰੇ ਜ਼ਿਲਿਆਂ ਨੂੰ ਸੂਚਿਤ ਕੀਤਾ ਗਿਆ  ਸੀ ਕਿ ਫਿਰੋਜ਼ਪੁਰ ਤੋਂ ਇਕ 11 ਸਾਲਾ ਬੱਚਾ ਅਗਵਾ ਹੋਇਆ ਹੈ, ਜਿਸ ’ਤੇ ਮੋਗਾ ਪੁਲਸ ਨੇ  ਸਰਗਰਮੀ ਨਾਲ ਤਲਾਸ਼ ਕਰਦਿਆਂ ਬੱਚੇ ਨੂੰ ਲੱਭ ਲਿਆ।
ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਸਾਨੂੰ  ਜਾਣਕਾਰੀ ਮਿਲੀ ਸੀ ਕਿ ਥਾਣਾ ਸਦਰ ਅਧੀਨ ਪੈਂਦੇ ਇਲਾਕੇ ਨਿਜਾਮੂਦੀਨ ਬਸਤੀ  (ਫਿਰੋਜ਼ਪੁਰ) ਦਾ ਇਕ 11 ਸਾਲਾ ਨੰਨ੍ਹਾ ਬੱਚਾ ਮਾਹੀ ਪੁੱਤਰ ਜਗਰੂਪ ਸਿੰਘ ਉਰਫ ਕਾਲਾ ਜੋ  ਚੋਥੀ ਕਲਾਸ ’ਚ ਪੜ੍ਹਦਾ ਹੈ। ਅੱਜ ਜਦ ਉਹ ਆਪਣੇ ਘਰ  ਦੇ ਕੋਲ ਮੱਝਾਂ  ਕੋਲ ਬੈਠਾ ਸੀ ਤਾਂ ਉਥੇ ਮੋਟਰਸਾਈਕਲ ਸਵਾਰ ਦੋ ਲੜਕੇ ਆਏ, ਜਿਨ੍ਹਾਂ  ਨੇ ਮਾਹੀ ਨੂੰ ਆਪਣੇ ਕੋਲ ਬੁਲਾਇਆ ਅਤੇ ਉਸਦੇ ਮੂੰਹ ’ਤੇ ਹੱਥ ਰੱਖ ਕੇ ਆਪਣੇ ਮੋਟਰਸਾਈਕਲ  ’ਤੇ ਬੈਠਾ ਕੇ ਆਪਣੇ ਨਾਲ ਲੈ ਗਏ। ਜਦ ਬੱਚਾ ਘਰ ਨਹੀਂ ਆਇਆ ਤਾਂ ਪਰਿਵਾਰ ਵਾਲਿਆਂ ਨੇ ਤਲਾਸ਼  ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ ਤਾਂ ਇਸ ਦੌਰਾਨ ਸ਼ਾਮ ਚਾਰ ਵਜੇ ਦੇ ਕਰੀਬ ਬੱਚੇ ਦੇ  ਪਿਤਾ ਜਗਰੂਪ ਸਿੰਘ ਉਰਫ ਕਾਲਾ ਨੂੰ ਇਕ ਮੋਬਾਇਲ ਫੋਨ ਆਇਆ, ਜਿਸ ’ਚ ਮੋਬਾਇਲ ਫੋਨ ਕਰਨ  ਵਾਲੇ ਨੇ ਕਿਹਾ ਕਿ ਉਨ੍ਹਾਂ ਨੇ ਤੁਹਾਡੇ ਬੱਚੇ ਨੂੰ ਅਗਵਾ ਕੀਤਾ ਹੈ ਅਤੇ ਉਨ੍ਹਾਂ 20-22 ਲੱਖ  ਰੁਪਏ ਦੀ ਫਿਰੌਤੀ ਮੰਗੀ ਅਤੇ ਕਿਹਾ ਕਿ ਜੇਕਰ ਤੂੰ ਪੁਲਸ ਨੂੰ ਜਾਂ ਕਿਸੇ ਹੋਰ ਨੂੰ ਦੱਸਿਅਾ  ਤਾਂ ਤੁਹਾਡੇ ਬੱਚੇ ਦੇ ਟੁੱਕੜੇ ਕਰ ਕੇ  ਸੁੱਟ ਦਿੱਤਾ ਜਾਵੇਗਾ, ਜਿਸ ’ਤੇ ਬੱਚੇ ਦੇ ਪਿਤਾ ਨੇ ਗੁਹਾਰ ਲਾਈ  ਕਿ ਉਹ ਤਾਂ ਗੈਸ ਸਲੰਡਰ ਸਪਲਾਈ ਕਰਨ ਦਾ ਕੰਮ ਕਰਦਾ ਹੈ ਉਸਦੇ ਕੋਲ ਇੰਨੇ ਪੈਸੇ ਨਹੀਂ ਹਨ  ਅਤੇ ਸਾਨੂੰ ਇਹ ਦੱਸ ਦੇ ਕਿ ਸਾਡਾ ਬੱਚਾ ਕਿੱਥੇ ਹੈ, ਅਸੀ ਕੁੱਝ ਪੈਸਿਆਂ ਦਾ ਇੰਤਜਾਮ ਕਰ  ਸਕਦੇ ਹਾਂ ਤਾਂ ਉਨ੍ਹਾਂ ਕਿਹਾ ਕਿ ਉਹ ਰਾਤ 10 ਵਜੇ ਤੁਹਾਨੂੰ ਇਸ ਦੀ ਜਾਣਕaਾਰੀ ਦੇ ਦੇਣਗੇ।  ਇਸ ਦੌਰਾਨ ਮੋਗਾ ਪੁਲਸ ਨੇ ਬੱਚੇ ਨੂੰ ਇਕ ਮਹਿਲਾ ਸਮੇਤ ਲੱਭ ਲਿਆ।
ਜ਼ਿਲਾ  ਪੁਲਸ ਮੁਖੀ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਜਦੋਂ ਹੀ ਉਨ੍ਹਾਂ ਨੂੰ ਬੱਚੇ ਦੇ ਅਗਵਾ  ਹੋਣ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਜ਼ਿਲੇ ਦੇ ਸਾਰੇ ਥਾਣਿਆਂ ਨੂੰ ਸਰਤਰਕ ਕਰ ਦਿੱਤਾ। ਇਸ ਦੌਰਾਨ ਥਾਣਾ ਸਿਟੀ ਸਾਊਥ ਦੇ ਇੰਚਾਰਜ ਜਤਿੰਦਰ ਸਿੰਘ ਅਤੇ ਹੋਰ ਪੁਲਸ ਮੁਲਾਜ਼ਮ ਬੱਚੇ  ਦੀ ਤਲਾਸ਼ ਲਈ ਨਾਕਾਬੰਦੀ ਕਰਕੇ ਉਸ ਨੂੰ ਲੱਭਣ ਲੱਗੇ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ  ਸਾਧਾਂ ਵਾਲੀ ਬਸਤੀ ਮੋਗਾ ’ਚ ਇਕ ਮਹਿਲਾ ਇਕ ਬੱਚੇ ਨੂੰ ਲੈ ਕੇ ਘੁੰਮ ਰਹੀ ਹੈ ਅਤੇ ਬੱਚਾ  ਰੋ ਰਿਹਾ ਹੈ, ਜਿਸ ’ਤੇ ਥਾਣਾ ਮੁਖੀ ਜਤਿੰਦਰ ਸਿੰਘ, ਏ. ਐੱਸ. ਆਈ. ਸੁਖਦੇਵ ਸਿੰਘ, ਬਲਵੀਰ  ਸਿੰਘ, ਹੌਲਦਾਰ ਅੰਗਰੇਜ ਸਿੰਘ, ਦੁਰਲੱਭ ਸਿੰਘ, ਤੀਰਥ ਸਿੰਘ, ਮਹਿਲਾ ਸਿਪਾਹੀ ਹਰਿੰਦਰਜੀਤ  ਕੌਰ ਤੇ ਹੋਰ ਪੁਲਸ ਕਰਮਚਾਰੀਆਂ ਸਮੇਤ ਉਥੇ ਬਸਤੀ ਸਾਧਾਂ ਵਾਲੀ ਪਹੁੰਚੇ ਅਤੇ ਦੱਸੀ ਗਈ  ਜਗ੍ਹਾ ’ਤੇ ਉਕਤ ਮਹਿਲਾ ਨੂੰ ਕਾਬੂ ਕਰ ਲਿਆ ਅਤੇ ਬੱਚੇ ਨੂੰ ਲੈ ਕੇ ਪੁਲਸ ਥਾਣੇ ਲੈ ਆਈ  ਅਤੇ ਇਸ ਦੀ ਜਾਣਕਾਰੀ ਮੈਂਨੂੰ ਅਤੇ ਫਿਰੋਜ਼ਪੁਰ ਪੁਲਸ ਨੂੰ ਦਿੱਤੀ ਗਈ। ਇਸ ਸਬੰਧ ’ਚ  ਥਾਣਾ ਸਿਟੀ ਸਾਊਥ ਦੇ ਇੰਚਾਰਜ ਜਤਿੰਦਰ ਸਿੰਘ ਨੇ ਅਗਲੇਰੀ ਜਾਣਕਾਰੀ ਦਿੰਦੇ ਹੋਏ ਦੱਸਿਆ  ਕਿ ਪੁੱਛ-ਗਿੱਛ ਕਰਨ ’ਤੇ ਮਹਿਲਾ ਨੇ ਆਪਣਾ ਨਾਂ ਮਨਜੀਤ ਕੌਰ ਪਤਨੀ ਚੰਨਾ ਸਿੰਘ ਨਿਵਾਸੀ  ਪਿੰਡ ਮੌਜਗੜ੍ਹ ਦੱਸਿਆ ਅਤੇ ਕਿਹਾ ਕਿ ਮੈਂਨੂੰ ਅਗਵਾ ਕਾਰ ਵਿਅਕਤੀਆਂ ’ਚੋਂ ਇਕ ਜਾਣਦਾ ਹੈ  ਜਿਸਦਾ ਨਾਂ ਗੁਰਵਿੰਦਰ ਸਿੰਘ ਗੈਬੀ ਉਰਫ ਬੱਬੂ ਹੈ, ਜਾਣਦਾ ਸੀ ਅਤੇ ਉਨ੍ਹਾਂ ਮੈਂਨੂੰ ਬੱਸ  ਸਟੈਂਡ ਮੋਗਾ ’ਤੇ ਬੁਲਾਇਆ ਸੀ ਅਤੇ 10 ਹਜ਼ਾਰ ਰੁਪਏ ਦਾ ਲਾਲਚ ਦੇ ਕੇ ਬੱਚੇ ਨੂੰ ਸੰਭਾਲਣ  ਨੂੰ ਕਿਹਾ ਅਤੇ ਉਹ ਮੈਂਨੂੰ ਬੱਚਾ ਸੌਂਪ ਕੇ ਚਲੇ ਗਏ। 
ਜਿਸ ਨੂੰ ਮੈਂ ਆਪਣੇ ਇਕ ਰਿਸ਼ਤੇਦਾਰ  ਔਰਤ ਦੇ ਘਰ ਬਸਤੀ ਸਾਧਾਂ ਵਾਲੀ ’ਚ ਲੈ ਕੇ ਜਾ ਰਹੀ ਸੀ ਕਿ ਪੁਲਸ ਨੇ ਉਸ ਨੂੰ ਕਾਬੂ ਕਰ  ਲਿਆ। ਥਾਣਾ ਮੁਖੀ ਨੇ ਕਿਹਾ ਕਿ ਬੱਚੇ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਗੁਰਿੰਦਰ ਗੈਬੀ  ਸਾਡਾ ਰਿਸ਼ਤੇਦਾਰ ਹੈ। ਜਦਕਿ ਦੂਸਰੇ ਅਗਵਾਕਾਰ ਨੂੰ ਅਸੀਂ ਨਹੀਂ ਜਾਣਦੇ। ਥਾਣਾ ਮੁਖੀ ਨੇ  ਕਿਹਾ ਕਿ ਬੱਚੇ ਨੂੰ ਫਿਰੋਜ਼ਪੁਰ ਪੁਲਸ ਦੇ ਹਵਾਲੇ ਕੀਤਾ ਜਾ ਰਿਹਾ ਹੈ।
 


Related News