ਦਾਜ ਖਾਤਰ ਨੂੰਹ ਦੀ ਕੁੱਟ-ਮਾਰ, ਗਰਭ ’ਚ ਪਲ ਰਹੇ ਬੱਚੇ ਦੀ ਹੋਈ ਮੌਤ

09/17/2018 1:23:06 AM

ਮੋਗਾ, (ਅਾਜ਼ਾਦ)- ਥਾਣਾ ਮਹਿਣਾ ਅਧੀਨ ਪੈਂਦੇ ਪਿੰਡ ਦੀ ਇਕ ਲਡ਼ਕੀ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ’ਤੇ ਦਾਜ ਖਾਤਰ ਉਸ ਨੂੰ ਬੂਰੀ ਤਰ੍ਹਾਂ ਨਾਲ ਕੁੱਟ-ਮਾਰ ਕਰ ਕੇ ਜ਼ਖਮੀ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਕੁੱਟ-ਮਾਰ ਨਾਲ ਉਸਦੇ ਗਰਭ ’ਚ ਪਲ ਰਹੇ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ ਕਰ ਕੇ  ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਪੀਡ਼੍ਹਤਾ ਨੇ ਕਿਹਾ ਕਿ ਉਸਦਾ ਵਿਆਹ 4 ਫਰਵਰੀ 2017 ਨੂੰ ਸੁਖਵਿੰਦਰ ਸਿੰਘ ਪੁੱਤਰ ਜਗਰਾਜ ਸਿੰਘ ਨਿਵਾਸੀ ਪਿੰਡ ਰੌਲੀ ਦੇ ਨਾਲ ਧਾਰਮਿਕ ਰੀਤੀ-ਰਿਵਾਜ਼ਾਂ  ਅਨੁਸਾਰ ਹੋਇਆ ਸੀ ਅਤੇ ਵਿਆਹ ਸਮੇਂ ਮੇਰੇ ਪੇਕਿਆਂ ਵਾਲਿਆਂ ਨੇ ਆਪਣੀ ਹੈਸੀਅਤ  ਅਨੁਸਾਰ ਦਾਜ ਵੀ ਦਿੱਤਾ, ਪਰ ਮੇਰਾ ਪਤੀ ਅਤੇ ਸਹੁਰਾ ਪਰਿਵਾਰ ਦੇ ਹੋਰ ਮੈਂਬਰ ਉਸ ਨੂੰ ਪੇਕਿਆਂ ਤੋਂ ਹੋਰ ਦਾਜ ਅਤੇ ਨਕਦੀ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਲੱਗੇ, ਜਿਸ ’ਤੇ ਮੈਂ ਆਪਣੇ ਪੇਕਿਆਂ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਮੇਰੇ ਪੇਕੇ ਵਾਲਿਆਂ ਨੇ ਮੇਰੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸਮਝਾਇਆ ਕਿ ਸਾਡੀ ਲਡ਼ਕੀ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਅਤੇ ਅਸੀਂ ਹੋਰ ਦਾਜ ਨਹੀਂ ਦੇ ਸਕਦੇ, ਪਰ ਉਨ੍ਹਾਂ ਕੋਈ ਗੱਲ ਨਾ ਸੁਣੀ ਅਤੇ ਮੇਰੀ ਕੁੱਟ-ਮਾਰ ਕਰਨ ਲੱਗੇ।
 ਉਨ੍ਹਾਂ ਵੱਲੋਂ ਕੀਤੀ ਗਈ ਕੁੱਟ-ਮਾਰ ਨਾਲ ਮੇਰੇ ਗਰਭ ’ਚ ਪਲ ਰਹੇ ਬੱਚੇ ਦੀ ਮੌਤ ਹੋ ਗਈ। ਪੀਡ਼੍ਹਤਾ ਨੇ ਕਿਹਾ ਕਿ ਪੰਚਾਇਤੀ ਤੌਰ ’ਤੇ ਵੀ ਸਹੁਰੇ ਪਰਿਵਾਰ ਨੂੰ ਕਈ ਵਾਰ ਸਮਝਾਉਣ ਦਾ ਯਤਨ ਕੀਤਾ ਗਿਆ, ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਅਤੇ ਆਪਣੀ ਮੰਗ ’ਤੇ ਅਡ਼ੇ ਰਹੇ। ਮੈਂ ਆਪਣੇ ਪੇਕੇ ਘਰ ਰਹਿਣ ਲਈ ਮਜ਼ਬੂਰ ਹੋ ਗਈ। ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ ’ਤੇ ਇਸ ਦੀ ਜਾਂਚ ਡੀ. ਐੱਸ. ਪੀ. ਸਿਟੀ ਕੇਸਰ ਸਿੰਘ ਵੱਲੋਂ ਕੀਤੀ ਗਈ, ਜਿਨ੍ਹਾਂ ਨੂੰ ਜਾਂਚ ਸਮੇਂ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ  ਲਈ ਬੁਲਾਇਆ। ਜਾਂਚ ਦੇ ਬਾਅਦ ਪੀਡ਼ਤਾ ਦੇ ਬਿਆਨ ਸਹੀ ਪਾਏ ਜਾਣ ’ਤੇ ਥਾਣਾ ਮਹਿਣਾ ’ਚ ਪੀਡ਼੍ਹਤਾ ਦੇ ਪਤੀ ਸੁਖਜਿੰਦਰ ਸਿੰਘ, ਉਸਦੇ ਸਹੁਰੇ ਜਗਰਾਜ ਸਿੰਘ, ਸੱਸ ਜਸਮੇਲ ਕੌਰ ਅਤੇ ਨਨਾਣ ਵੀਰਪਾਲ ਕੌਰ ਸਾਰੇ ਨਿਵਾਸੀ ਪਿੰਡ ਰੌਲੀ  ਖਿਲਾਫ  ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਰਘੁਵਿੰਦਰ ਪ੍ਰਸਾਦ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।


Related News