ਲੁਟੇਰਿਅਾਂ ਨੇ ਚਾਰ ਲੋਕਾਂ ਨੂੰ ਕੀਤਾ ਗੰਭੀਰ ਜ਼ਖਮੀ

09/17/2018 1:03:34 AM

ਦਸੂਹਾ,   (ਝਾਵਰ)-  ਬੀਤੀ ਅੱਧੀ ਰਾਤ ਦੇ ਕਰੀਬ ਕਾਲਾ ਕੱਛਾ ਗਿਰੋਹ ਦੇ 6-7 ਮੈਂਬਰਾਂ ਨੇ ਜਤਿੰਦਰ ਸਿੰਘ ਪੁੱਤਰ ਸਰਵਣ ਸਿੰਘ ਦੇ ਫਾਰਮ ਹਾਊਸ ਸੱਗਲਾਂ ਵਿਖੇ ਲੁੱਟ-ਖੋਹ ਕਰਨ ਲਈ ਰਾਡਾਂ, ਡਾਂਗਾਂ ਅਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ।  ਸਿੱਟੇ  ਵਜੋਂ ਰਜਿੰਦਰ ਸਿੰਘ, ਰਣਜੀਤ ਕੌਰ, ਨਵਦੀਪ ਕੌਰ ਅਤੇ ਜਤਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ। 
ਥਾਣਾ ਮੁਖੀ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ  ਪੁਲਸ ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਘਟਨਾ ਸਥਾਨ ’ਤੇ ਪਹੁੰਚ ਗਈ ਅਤੇ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ।  ਡਾਕਟਰਾਂ ਨੇ ਮੁੱਢਲੀ ਸਹਾਇਤਾ ਉਪਰੰਤ 3 ਜ਼ਖ਼ਮੀਆਂ ਨੂੰ ਜਲੰਧਰ ਦੇ ਇਕ ਹਸਪਤਾਲ ’ਚ ਰੈਫ਼ਰ ਕਰ ਦਿੱਤਾ,  ਜਦਕਿ ਰਜਿੰਦਰ ਸਿੰਘ ਨੂੰ ਘਰ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।   ਲੁੱਟ-ਖੋਹ ਦੀ ਨੀਅਤ ਨਾਲ  ਆਏ ਲੁਟੇਰਿਆਂ ਨਾਲ ਘਰ ਵਾਲਿਆਂ ਵੱਲੋਂ ਭਿੜ ਜਾਣ ਕਾਰਨ ਉਹ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕੇ। 
ਐੱਸ. ਪੀ. (ਡੀ) ਹਰਪ੍ਰੀਤ ਸਿੰਘ ਮੰਡੇਰ, ਡੀ.ਐੱਸ.ਪੀ. ਏ.ਆਰ. ਸ਼ਰਮਾ ਤੇ ਹੋਰ ਪੁਲਸ ਅਧਿਕਾਰੀਆਂ ਨੇ ਘਟਨਾ ਸਥਾਨ  ’ਤੇ  ਪਹੁੰਚ  ਕੇ  ਹਾਲਾਤ  ਦਾ ਜਾਇਜ਼ਾ ਲਿਆ।  ਥਾਣਾ ਮੁਖੀ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਇਸ ਸਬੰਧੀ ਧਾਰਾ 459 ਅਧੀਨ ਕੇਸ ਦਰਜ ਕਰ ਲਿਆ ਹੈ। ਯਾਦ ਰਹੇ ਕਿ ਅਜਿਹੀ ਇਕ ਘਟਨਾ ਕੁਝ ਦਿਨ ਪਹਿਲਾਂ ਮੁਕੇਰੀਆਂ ਦੇ ਪਿੰਡ ਖਿੱਚੀਆਂ ਵਿਖੇ ਵੀ ਵਾਪਰੀ ਸੀ, ਜਿਸ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ।


Related News