ਭ੍ਰਿਸ਼ਟਾਚਾਰ ਵਿਰੋਧੀ ਬੌਡੀ ਨੇ ਸ਼ਰੀਫ ਦੀ ਪਟੀਸ਼ਨ ''ਤੇ ਸੁਣਵਾਈ ਰੋਕਣ ਦੀ ਕੀਤੀ ਮੰਗ

09/16/2018 5:43:04 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਬੌਡੀ ਨੇ ਸਜ਼ਾ ਕੱਟ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਸ ਦੀ ਬੇਟੀ ਮਰੀਅਮ ਤੇ ਜਵਾਈ ਸਫਦਰ ਦੀ ਦੋਸ਼ਸਿੱਧੀ ਵਿਰੁੱਧ ਅਪੀਲ 'ਤੇ ਸੁਣਵਾਈ ਕਰਨ ਦੇ ਹਾਈ ਕੋਰਟ ਦੇ ਫੈਸਲੇ ਵਿਰੁਧ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਮੀਡੀਆ ਦੀ ਇਕ ਖਬਰ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। 68 ਸਾਲਾ ਸ਼ਰੀਫ, ਉਸ ਦੀ 44 ਸਾਲਾ ਬੇਟੀ ਮਰੀਅਮ ਤੇ 54 ਸਾਲਾ ਜਵਾਈ ਸਫਦਰ ਨੂੰ ਇਕ ਜਵਾਬਦੇਹੀ ਅਦਾਲਤ ਨੇ ਲੰਡਨ ਵਿਚ 4 ਸ਼ਾਨਦਾਰ ਫਲੈਟਾਂ ਦੀ ਮਲਕੀਅਤ ਦੇ ਸਿਲਸਿਲੇ ਵਿਚ 6 ਜੁਲਾਈ ਨੂੰ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਸੀ। ਆਪਣੇ ਫੈਸਲੇ ਵਿਚ ਅਦਾਲਤ ਨੇ ਸਾਬਕਾ ਪੀ.ਐੱਮ. ਨੂੰ 10 ਸਾਲ, ਬੇਟੀ ਮਰੀਅਮ ਨੂੰ 7 ਸਾਲ ਅਤੇ ਜਵਾਈ ਸਫਦਰ ਨੂੰ ਇਕ ਸਾਲ ਜੇਲ ਦੀ ਸਜ਼ਾ ਸੁਣਾਈ ਸੀ। 

ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਕੌਮੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਨੇ ਇਸਲਾਮਾਬਾਦ ਹਾਈ ਕੋਰਟ ਦੇ ਸ਼ਰੀਫ ਪਰਿਵਾਰ ਦੀਆਂ ਪਟੀਸ਼ਨਾਂ ਦੀ ਸੁਣਵਾਈ ਨੂੰ ਸਵੀਕਾਰ ਕਰਨ ਦੇ ਫੈਸਲੇ ਵਿਰੁੱਧ ਸ਼ਨੀਵਾਰ ਨੂੰ ਉੱਚ ਅਦਾਲਤ ਦਾ ਰੁਖ਼ ਕੀਤਾ। ਐੱਨ.ਏ.ਬੀ. ਦੇ ਪ੍ਰਧਾਨ ਜਾਵੇਦ ਇਕਬਾਲ ਵੱਲੋਂ ਉੱਚ ਅਦਾਲਤ ਵਿਚ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਕਿ ਸ਼ਰੀਫ ਪਰਿਵਾਰ ਦੇ ਮੈਂਬਰਾਂ ਨੇ ਅਵੈਨਫੀਲਡ ਜਾਇਦਾਦ ਮਾਮਲੇ ਵਿਚ ਆਪਣੀ ਦੋਸ਼ਸਿੱਧੀ ਵਿਰੁੱਧ ਅਪੀਲ ਕੀਤੀ ਹੈ ਅਤੇ ਉਨ੍ਹਾਂ ਦੀ ਜ਼ਮਾਨਤ ਦੀਆਂ ਪਟੀਸ਼ਨਾਂ 'ਤੇ ਇਕੱਠਿਆਂ ਸੁਣਵਾਈ ਨਹੀਂ ਹੋ ਸਕਦੀ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਹਾਈ ਕੋਰਟ ਨੇ ਸੁਣਵਾਈ ਲਈ ਸ਼ਰੀਫ ਪਰਿਵਾਰ ਦੀ ਪਟੀਸ਼ਨ ਸਵੀਕਾਰ ਕਰਨ ਤੋਂ ਪਹਿਲਾਂ ਐੱਨ.ਏ.ਬੀ. ਨੂੰ ਨੋਟਿਸ ਨਹੀਂ ਭੇਜਿਆ। ਨਾਲ ਹੀ ਇਹ ਵੀ ਕਿਹਾ ਗਿਆ ਹਾਈ ਕੋਰਟ ਐੱਨ.ਏ.ਬੀ. ਦਾ ਨਜ਼ਰੀਆ ਸੁਣੇ ਬਿਨਾਂ ਸ਼ਰੀਫ ਪਰਿਵਾਰ ਦੀਆਂ ਪਟੀਸ਼ਨਾਂ 'ਤੇ ਫੈਸਲਾ ਨਹੀਂ ਕਰ ਸਕਦਾ। ਖਬਰ ਵਿਚ ਦੱਸਿਆ ਗਿਆ ਹੈ ਕਿ ਐੱਨ.ਏ.ਬੀ. ਦੇ ਮੁੱਖੀ ਨੇ ਆਪਣੀ ਪਟੀਸ਼ਨ ਵਿਚ ਕਿਹਾ ਹੈ ਕਿ ਐਪਲੀਕੇਸ਼ਨ ਨੂੰ ਰੱਦ ਕਰਨ 'ਤੇ ਫੈਸਲੇ ਕਰਨ ਦਾ ਅਧਿਕਾਰ ਹਾਈ ਕੋਰਟ ਨੂੰ ਨਹੀਂ ਹੈ। ਇਸ ਲਈ ਇਸਲਾਮਾਬਾਦ ਹਾਈ ਕੋਰਟ ਨੂੰ ਸਾਰੀਆਂ ਪਟੀਸ਼ਨਾਂ 'ਤੇ ਸੁਣਵਾਈ ਕੀਤੇ ਜਾਣ ਤੋਂ ਰੋਕਿਆ ਜਾਣਾ ਚਾਹੀਦਾ ਹੈ।


Related News