ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਲੜਕੀ ਨਾਲ ਜਬਰ-ਜ਼ਨਾਹ

09/16/2018 5:26:48 PM

ਮੋਗਾ (ਆਜ਼ਾਦ) : ਥਾਣਾ ਧਰਮਕੋਟ ਅਧੀਨ ਪੈਂਦੇ ਇਕ ਪਿੰਡ ਦੀ 18 ਸਾਲਾ ਲੜਕੀ ਨੇ ਪਿੰਡ ਦੇ ਹੀ ਇਕ ਲੜਕੇ 'ਤੇ ਆਪਣੇ ਸਾਥੀ ਨਾਲ ਮਿਲ ਕੇ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ ਲਗਾਏ ਹਨ। ਪੁਲਸ ਨੇ ਦੋਵਾਂ ਲੜਕਿਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੀੜਤ ਲੜਕੀ ਨੇ ਕਿਹਾ ਕਿ ਉਹ ਘਰੇਲੂ ਕੰਮਕਾਜ ਕਰਦੀ ਹੈ, ਬੀਤੀ 7 ਸਤੰਬਰ ਨੂੰ ਪਿੰਡ ਦੇ ਹੀ ਇਕ ਲੜਕੇ ਨੇ ਮੈਨੂੰ ਗਲੀ 'ਚ ਮਿਲਣ ਲਈ ਬੁਲਾਇਆ ਅਤੇ ਜਦੋਂ ਮੈਂ ਉਸ ਨੂੰ ਮਿਲਣ ਲਈ ਬਾਹਰ ਆਈ ਤਾਂ ਉਸਨੇ ਮੈਨੂੰ ਧਮਕੀ ਦਿੱਤੀ ਕਿ ਉਹ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ, ਨਹੀਂ ਤਾਂ ਮੇਰੇ ਨਾਲ ਚੱਲ, ਜਿਸ 'ਤੇ ਮੈਂ ਡਰ ਗਈ ਅਤੇ ਉਹ ਆਪਣੇ ਸਾਥੀ ਰਮਨ ਸਿੰਘ ਨਾਲ ਮੈਨੂੰ ਮੋਟਰਸਾਈਕਲ 'ਤੇ ਬੈਠਾ ਕੇ ਜ਼ਬਰਦਸਤੀ ਖੇਤਾਂ 'ਚ ਲੈ ਗਿਆ।

ਪੀੜਤਾ ਨੇ ਦੱਸਿਆ ਕਿ ਉਥੇ ਦੋਸ਼ੀ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ ਅਤੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਨਤੀਜਾ ਠੀਕ ਨਹੀਂ ਹੋਵੇਗਾ, ਜਿਸ 'ਤੇ ਮੈਂ ਡਰ ਗਈ ਅਤੇ ਉਹ ਮੈਨੂੰ ਮੇਰੇ ਘਰ ਦੇ ਕੋਲ ਛੱਡ ਕੇ ਚਲੇ ਗਏ। ਜਦੋਂ ਤਿੰਨ ਚਾਰ ਦਿਨ ਬਾਅਦ ਫਿਰ ਦੋਸ਼ੀ ਨੇ ਮੈਨੂੰ ਬੁਲਾਇਆ ਅਤੇ ਆਪਣੇ ਨਾਲ ਜਾਣ ਲਈ ਮਜਬੂਰ ਕੀਤਾ ਤਾਂ ਮੈਂ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਸ 'ਤੇ ਪਰਿਵਾਰ ਵੱਲੋਂ ਮੋਹਤਬਰਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਸ਼ਿਕਾਇਤ ਵੀ ਕੀਤੀ ਅਤੇ ਪੁਲਸ ਨੂੰ ਸੂਚਿਤ ਕੀਤਾ।

ਘਟਨਾ ਦੀ ਜਾਣਕਾਰੀ ਮਿਲਣ 'ਤੇ ਮਹਿਲਾ ਥਾਣੇਦਾਰ ਪ੍ਰਭਜੋਤ ਕੌਰ ਅਤੇ ਪੁਲਸ ਮੁਲਾਜ਼ਮਾਂ ਨਾਲ ਉਥੇ ਪੁੱਜੀ ਅਤੇ ਪੀੜਤਾ ਦੇ ਬਿਆਨ ਦਰਜ ਕੀਤੇ। ਜਾਂਚ ਅਧਿਕਾਰੀ ਨੇ ਕਿਹਾ ਕਿ ਪੀੜਤਾ ਦਾ ਸਿਵਲ ਹਸਪਤਾਲ ਮੋਗਾ ਤੋਂ ਮੈਡੀਕਲ ਚੈੱਕਅਪ ਕਰਵਾਇਆ ਜਾ ਰਿਹਾ ਹੈ ਅਤੇ ਉਸਦੇ ਬਾਅਦ ਉਸਦੇ ਮਾਣਯੋਗ ਅਦਾਲਤ 'ਚ ਬਿਆਨ ਦਰਜ ਕਰਵਾਏ ਜਾਣਗੇ। ਦੋਸ਼ੀਆਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।


Related News