ਜ਼ਿੰਦਗੀ ''ਚ ਪ੍ਰੇਸ਼ਾਨੀਆਂ ਦਾ ਡਟ ਕੇ ਕਰੋ ਸਾਹਮਣਾ

9/16/2018 4:48:03 PM

ਜਲੰਧਰ— ਕਾਫੀ ਪੁਰਾਣੀ ਗੱਲ ਹੈ। ਇਕ ਨੌਜਵਾਨ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਸੀ। ਉਹ ਹਮੇਸ਼ਾ ਪ੍ਰੇਸ਼ਾਨ ਰਹਿੰਦਾ ਸੀ ਅਤੇ ਸਵੇਰੇ-ਸ਼ਾਮ ਪ੍ਰੇਸ਼ਾਨੀਆਂ ਦਾ ਰੋਣਾ ਰੋਂਦਾ ਰਹਿੰਦਾ ਸੀ।  ਇਕ ਦਿਨ ਉਸ ਦੇ ਸ਼ਹਿਰ ਵਿਚ ਇਕ ਮਹਾਤਮਾ ਆਏ। ਨੌਜਵਾਨ ਵੀ ਉਨ੍ਹਾਂ ਦੇ ਦਰਸ਼ਨਾਂ ਲਈ ਗਿਆ। ਸਾਰੇ ਲੋਕ ਮਹਾਤਮਾ ਸਾਹਮਣੇ ਆਪਣੀਆਂ ਪ੍ਰੇਸ਼ਾਨੀਆਂ ਦੱਸ ਰਹੇ ਸਨ। ਉਸ ਵੇਲੇ ਮੌਕਾ ਮਿਲਣ 'ਤੇ ਨੌਜਵਾਨ ਨੇ ਮਹਾਤਮਾ ਨਾਲ ਗੱਲ ਕੀਤੀ। ਉਹ ਬੋਲਿਆ,''ਮੈਂ ਬੜਾ ਪ੍ਰੇਸ਼ਾਨ ਹਾਂ, ਕਿਰਪਾ ਕਰ ਕੇ ਕੋਈ ਤਰੀਕਾ ਦੱਸੋ, ਜਿਸ ਨਾਲ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਣ।''
ਇਹ ਸਵਾਲ ਸੁਣ ਕੇ ਮਹਾਤਮਾ ਮੁਸਕਰਾਏ ਅਤੇ ਬੋਲੇ,''ਮੈਂ ਤੇਰੀਆਂ ਪ੍ਰੇਸ਼ਾਨੀਆਂ ਦਾ ਹੱਲ ਕੱਲ ਦੱਸਾਂਗਾ ਪਰ ਮੇਰੀ ਸ਼ਰਤ ਹੈ ਕਿ ਅੱਜ ਤੈਨੂੰ ਮੇਰੇ ਊਠਾਂ ਦੀ ਦੇਖਭਾਲ ਕਰਨੀ ਪਵੇਗੀ। ਜਦੋਂ ਸਾਰੇ ਊਠ ਬੈਠ ਜਾਣ ਤਾਂ ਤੂੰ ਸੌਂ ਜਾਵੀਂ।''
ਨੌਜਵਾਨ ਨੇ ਮਹਾਤਮਾ ਦੀ ਗੱਲ ਮੰਨ ਲਈ। ਇਸ ਤੋਂ ਬਾਅਦ ਅਗਲੇ ਦਿਨ ਮਹਾਤਮਾ ਨੇ ਨੌਜਵਾਨ ਨੂੰ ਪੁੱਛਿਆ,''ਤੈਨੂੰ ਨੀਂਦ ਕਿਹੋ ਜਿਹੀ ਆਈ?''
ਇਸ 'ਤੇ ਨੌਜਵਾਨ ਬੋਲਿਆ,''ਮੈਂ ਪੂਰੀ ਰਾਤ ਬਿਲਕੁਲ ਵੀ ਨਹੀਂ ਸੁੱਤਾ। ਜਦੋਂ ਵੀ ਕੋਈ ਇਕ ਊਠ ਸੁੱਤਾ ਹੁੰਦਾ ਤਾਂ ਦੂਜਾ ਖੜ੍ਹਾ ਹੋ ਜਾਂਦਾ। ਇਸੇ ਚੱਕਰ ਵਿਚ ਮੈਂ ਪੂਰੀ ਰਾਤ ਜਾਗਦਾ ਰਿਹਾ।''
ਨੌਜਵਾਨ ਦੇ ਜਵਾਬ 'ਤੇ ਮਹਾਤਮਾ ਜੀ ਨੇ ਕਿਹਾ,''ਮੈਨੂੰ ਪਤਾ ਸੀ ਕਿ ਇਹੋ ਹੋਵੇਗਾ। ਅੱਜ ਤਕ ਕਦੇ ਵੀ ਸਾਰੇ ਊਠ ਇਕੱਠੇ ਨਹੀਂ ਬੈਠ ਸਕਦੇ।''
ਨੌਜਵਾਨ ਬੋਲਿਆ,''ਜਦੋਂ ਤੁਹਾਨੂੰ ਪਤਾ ਸੀ ਤਾਂ ਤੁਸੀਂ ਮੈਨੂੰ ਇਹ ਕੰਮ ਕਿਉਂ ਸੌਂਪਿਆ?''
ਨੌਜਵਾਨ ਦੇ ਇਸ ਸਵਾਲ 'ਤੇ ਮਹਾਤਮਾ ਨੇ ਜਵਾਬ ਦਿੱਤਾ,''ਜ਼ਿੰਦਗੀ 'ਚ ਸਮੱਸਿਆਵਾਂ ਹਮੇਸ਼ਾ ਬਣੀਆਂ ਰਹਿੰਦੀਆਂ ਹਨ। ਜਦੋਂ ਇਕ ਸਮੱਸਿਆ ਦੂਰ ਹੁੰਦੀ ਹੈ ਤਾਂ ਦੂਜੀ ਪੈਦਾ ਹੋ ਜਾਂਦੀ ਹੈ। ਇਸੇ ਕਾਰਨ ਸਮੱਸਿਆਵਾਂ ਤੋਂ ਪ੍ਰੇਸ਼ਾਨ ਨਹੀਂ ਹੋਣਾ ਚਾਹੀਦਾ, ਸਗੋਂ ਉਨ੍ਹਾਂ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ।''