3 ਅਣਪਛਾਤੇ ਲੁਟੇਰਿਆਂ ਸਕੂਟਰੀ ਸਵਾਰ ਤੋਂ ਖੋਹੀ 1.40 ਲੱਖ ਦੀ ਨਕਦੀ

09/16/2018 1:20:34 PM

ਕਪੂਰਥਲਾ (ਭੂਸ਼ਣ)— ਅੰਮ੍ਰਿਤਸਰ-ਕਰਤਾਰਪੁਰ ਰਾਸ਼ਟਰੀ ਰਾਜ ਮਾਰਗ ਦੇ ਨਜ਼ਦੀਕ 3 ਅਣਪਛਾਤੇ ਲੁਟੇਰੇ ਇਕ ਸਕੂਟਰੀ ਸਵਾਰ ਵਿਅਕਤੀ ਨਾਲ ਕੁੱਟਮਾਰ ਕਰਕੇ ਉਸ ਤੋਂ 1.40 ਲੱਖ ਰੁਪਏ ਦੀ ਰਕਮ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਮੰਗਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਮਿਆਨੀ ਬੋਲਾ ਥਾਣਾ ਫੱਤੂਢੀਂਗਾ ਨੇ ਢਿੱਲਵਾ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਪਿੰਡ ਮੁਰਾਦਪੁਰ ਜ਼ਿਲਾ ਅੰਮ੍ਰਿਤਸਰ ਵਿਚ ਰਹਿੰਦੇ ਕਿਸੇ ਰਿਸ਼ਤੇਦਾਰ ਨੂੰ ਦੇਣ ਲਈ 1.40 ਲੱਖ ਰੁਪਏ ਦੀ ਰਕਮ ਲੈ ਕੇ ਸਕੂਟਰੀ 'ਤੇ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਧਾਰੀਵਾਲ ਬੇਟ ਦੇ ਨਜ਼ਦੀਕ ਪਹੁੰਚਿਆ ਤਾਂ ਪਿੱਛੇ ਤੋਂ ਮੋਟਰਸਾਈਕਲ 'ਤੇ ਆਏ 3 ਅਣਪਛਾਤੇ ਲੁਟੇਰਿਆਂ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਜੇਬ 'ਚੋਂ 1.40 ਲੱਖ ਰੁਪਏ ਦੀ ਰਕਮ ਕੱਢ ਲਈ ਅਤੇ ਬਾਅਦ ਵਿਚ ਉਸ ਦਾ ਫੋਨ ਵੀ ਖੋਹ ਲਿਆ। ਘਟਨਾ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਭੱਜ ਨਿਕਲੇ ।

ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਭੁਲੱਥ ਦਵਿੰਦਰ ਸਿੰਘ ਸੰਧੂ ਅਤੇ ਐੱਸ. ਐੱਚ. ਓ. ਢਿੱਲਵਾਂ ਭੂਸ਼ਣ ਸੇਖੜੀ ਮੌਕੇ 'ਤੇ ਪੁੱਜੇ ਅਤੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ। ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਫੜਨ ਲਈ ਜਿਥੇ ਪੁਲਸ ਨੇ ਆਸ-ਪਾਸ ਦੇ ਖੇਤਰਾਂ ਅਤੇ ਰਾਸ਼ਟਰੀ ਰਾਜ ਮਾਰਗ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਇਸ ਸਬੰਧ 'ਚ ਪੁਲਸ ਨੇ ਬਾਰਡਰ ਰੇਂਜ ਦੀ ਪੁਲਸ ਦੇ ਨਾਲ ਸੰਪਰਕ ਕਰ ਕੇ ਮੁਲਜ਼ਮਾਂ ਦੀ ਤਲਾਸ਼ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਗੌਰ ਹੋਵੇ ਕਿ ਇਹ ਖੇਤਰ ਰਾਸ਼ਟਰੀ ਰਾਜ ਮਾਰਗ ਦੇ ਕਾਫੀ ਨਜ਼ਦੀਕ ਪੈਂਦਾ ਹੈ।


Related News