‘ਪਰਾਇਆ ਦਰਦ’ ਲੈ ਕੇ ਲੋਕਾਂ ਦਾ ‘ਦੁੱਖ ਦੂਰ’ ਕਰਨ ਵਾਲੇ ‘ਕੁਝ ਦੇਵਦੂਤ’

09/15/2018 4:47:13 AM

ਅੱਜ ਜਦੋਂ ਸਮਾਜ ਭੌਤਿਕਵਾਦੀ ਅਤੇ ਸੁਆਰਥੀ ਹੁੰਦਾ ਜਾ ਰਿਹਾ ਹੈ ਅਤੇ ਖਾਸ ਤੌਰ ’ਤੇ ਸਰਕਾਰੀ ਅਧਿਕਾਰੀ ਤੇ ਮੁਲਾਜ਼ਮ ਲੋਕਾਂ ਦੀਅਾਂ  ਸਮੱਸਿਆਵਾਂ ਪ੍ਰਤੀ ਉਦਾਸੀਨਤਾ  ਦਿਖਾ ਰਹੇ ਹਨ, ਕੁਝ ਅਧਿਕਾਰੀ ਮਨੁੱਖੀ ਰੂਪ ’ਚ ਦੇਵਦੂਤ ਬਣ ਕੇ ਆਪਣੀ ਸੇਵਾ-ਭਾਵਨਾ  ਦੀਅਾਂ ਅਮਲਯੋਗ ਮਿਸਾਲਾਂ ਪੇਸ਼ ਕਰ ਰਹੇ ਹਨ। 
5 ਸਤੰਬਰ ਨੂੰ ਮਹਾਰਾਸ਼ਟਰ ’ਚ ਅਕੋਲਾ ਦੇ ਕਲੈਕਟਰ ਆਸਤਿਕ ਕੁਮਾਰ ਪਾਂਡੇ ਜਦੋਂ ਲੋਕ ਨਿਰਮਾਣ ਵਿਭਾਗ ਦੇ ਦਫਤਰ ’ਚ ਅਚਾਨਕ ਨਿਰੀਖਣ ਕਰਨ ਪਹੁੰਚੇ ਤਾਂ ਉਨ੍ਹਾਂ ਨੇ ਉਥੋਂ ਦੀਅਾਂ  ਕੰਧਾਂ ਨੂੰ ਪਾਨ ਅਤੇ ਗੁਟਖੇ ਦੀ ਪੀਕ ਨਾਲ ਰੰਗੀਅਾਂ ਦੇਖਿਆ। ਇਹ ਦੇਖ ਕੇ ਵਿਭਾਗ ਦੇ ਮੁਲਾਜ਼ਮਾਂ ਨੂੰ ਸਬਕ ਸਿਖਾਉਣ ਲਈ ਉਹ ਫੌਰਨ ਇਕ ਬਾਲਟੀ ਪਾਣੀ ਅਤੇ ਇਕ ਕੱਪੜਾ ਮੰਗਵਾ ਕੇ ਖ਼ੁਦ ਹੀ ਸਫਾਈ ’ਚ ਜੁਟ ਗਏ।
ਉਨ੍ਹਾਂ  ਨੂੰ ਸਫਾਈ ਕਰਦਿਅਾਂ ਦੇਖ ਕੇ ਮੁਲਾਜ਼ਮ ਸ਼ਰਮਿੰਦਾ ਹੋ ਗਏ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ  ਕਿ ਹੁਣ ਉਹ ਗੰਦਗੀ ਨਹੀਂ ਫੈਲਾਉਣਗੇ ਅਤੇ ਦਫਤਰ ਨੂੰ ਸਾਫ-ਸੁਥਰਾ ਰੱਖਣਗੇ।
ਪੀੜਤਾਂ ਦੀ ਸਹਾਇਤਾ ਦੀ ਭਾਵਨਾ ਦੀ ਇਕ ਮਿਸਾਲ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ’ਚ ਜ਼ਿਲਾ ਮੈਜਿਸਟ੍ਰੇਟ ਸ਼੍ਰੀ ਅਨਿਲ ਕੁਮਾਰ ਪਾਠਕ ਨੇ ਪੇਸ਼ ਕੀਤੀ। ਲੱਗਭਗ ਇਕ ਮਹੀਨਾ ਪਹਿਲਾਂ ਉਨ੍ਹਾਂ ਨੇ ਸੋਹਾਵਾਲ ਤਹਿਸੀਲ ’ਚ ਇਕ ਗੰਭੀਰ ਜ਼ਖ਼ਮੀ ਔਰਤ ਨੂੰ ਸੜਕ ਦੇ ਕੰਢੇ ਬੇਸਹਾਰਾ ਪਈ ਦੇਖਿਆ। ਉਨ੍ਹਾਂ ਨੇ ਤੁਰੰਤ ਉਸ ਨੂੰ ਜ਼ਿਲਾ ਹਸਪਤਾਲ ’ਚ ਲਿਜਾ ਕੇ ਉਸ ਦਾ ਇਲਾਜ ਸ਼ੁਰੂ ਕਰਵਾਇਆ।
ਇਥੋਂ ਤਕ  ਕਿ  ਉਸ ਦੇ ਟੁੱਟੇ ਹੋਏ ਜਬਾੜੇ ਦਾ ਇਲਾਜ ਕਰਵਾਉਣ ਲਈ ਲਖਨਊ ਤੋਂ ਡਾਕਟਰ ਬੁਲਾਏ। ਇਲਾਜ ਦੇ ਪੂਰੇ ਸਮੇਂ ਦੌਰਾਨ ਉਹ ਔਰਤ  ਬੇਹੋਸ਼ ਪਈ ਰਹੀ। ਉਹ ਉਸ ਨਾਲ ਇਕ ਵਾਰ ਵੀ ਗੱਲ ਨਹੀਂ ਕਰ ਸਕੇ। 
ਜਦੋਂ 5 ਸਤੰਬਰ ਨੂੰ ਉਸ ਬੇਸਹਾਰਾ ਔਰਤ ਦੀ ਮੌਤ ਹੋ ਗਈ ਤਾਂ ਸ਼੍ਰੀ ਪਾਠਕ ਨੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਵਿਧੀਪੂਰਵਕ ਉਸ ਦਾ ਅੰਤਿਮ ਸੰਸਕਾਰ ਕਰਵਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ‘‘ਮਹੀਨਾ ਭਰ ਉਸ ਦੇ ਇਲਾਜ ਦੌਰਾਨ ਉਸ ਦਾ ਕੋਈ ਵਾਲੀ-ਵਾਰਿਸ ਉਸ ਨੂੰ ਮਿਲਣ ਨਹੀਂ ਆਇਆ ਅਤੇ ਨਾ ਹੀ ਕਿਸੇ ਪੁਲਸ ਥਾਣੇ ’ਚ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਮਿਲੀ, ਲਿਹਾਜ਼ਾ ਮੈਂ ਸੋਚਿਆ ਕਿ ਉਸ ਬੇਸਹਾਰਾ ਔਰਤ ਨੂੰ ਇਕ ਸੁੰਦਰ ਅੰਤਿਮ ਵਿਦਾਈ ਦੇਣਾ ਮੇਰਾ ਫਰਜ਼ ਹੈ।’’
ਸ਼੍ਰੀ ਪਾਠਕ ਵਲੋਂ ਕਿਸੇ ਪੀੜਤ ਦੀ ਸਹਾਇਤਾ ਕਰਨ ਦਾ ਇਹ ਪਹਿਲਾ ਮੌਕਾ ਨਹੀਂ ਹੈ। ਇਸ ਤੋਂ ਪਹਿਲਾਂ ਸਤੰਬਰ 2017 ’ਚ ਸਰਦੀਅਾਂ ਦੀ ਇਕ  ਰਾਤ ਨੂੰ ਜਦੋਂ ਉਨ੍ਹਾਂ ਦੇ ਸਰਕਾਰੀ ਚੈਂਬਰ ’ਚ ਆ ਕੇ ਇਕ ਔਰਤ ਨੇ ਬੁਰੀ ਤਰ੍ਹਾਂ ਚੀਕਣਾ-ਚਿੱਲਾਉਣਾ ਸ਼ੁਰੂ ਕਰ ਦਿੱਤਾ ਤਾਂ ਸ਼੍ਰੀ ਪਾਠਕ ਨੇ ਉਸ ਦੀ ਮਦਦ ਕੀਤੀ।
ਉਨ੍ਹਾਂ ਨੇ ਉਸ ਦੁਖਿਆਰੀ ਔਰਤ ਨੂੰ ਉਸ ਦੇ ਪਿੰਡ ਨੇੜੇ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਦੇ ਤਹਿਤ ਮਕਾਨ ਦਿਵਾਉਣ ਤੋਂ ਇਲਾਵਾ ਉਸ ਦੀ ਬੁਢਾਪਾ ਪੈਨਸ਼ਨ ਲਗਵਾਈ ਅਤੇ ਬੀ. ਪੀ. ਐੱਲ. ਕਾਰਡ ਵੀ ਬਣਵਾ ਕੇ ਦਿੱਤਾ। ਇਹੋ ਨਹੀਂ, ਹੁਣ ਨਜ਼ਦੀਕੀ ਸਿਹਤ ਕੇਂਦਰ ਤੋਂ ਇਕ ਡਾਕਟਰ ਰੋਜ਼ਾਨਾ ਉਸ ਦੀ ਸਿਹਤ ਦੀ ਜਾਂਚ ਕਰਨ ਵੀ ਆਉਂਦਾ ਹੈ। 
11 ਸਤੰਬਰ ਨੂੰ ਮੁਕਤਸਰ ’ਚ ਸੜਕ ’ਤੇ  ਘੁੰਮ ਰਹੇ ਇਕ ਆਵਾਰਾ ਜਾਨਵਰ ਨੇ ਇਕ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਤਾਂ 3 ਬੱਚਿਅਾਂ ਸਮੇਤ 6 ਵਿਅਕਤੀ ਜ਼ਖ਼ਮੀ ਹੋ ਗਏ। ਉਸੇ ਸਮੇਂ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪ੍ਰਿਤਪਾਲ ਸਿੰਘ ਸਾਈਕਲ ’ਤੇ ਉਥੋਂ ਲੰਘੇ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਸੜਕ ਕੰਢੇ ਤੜਫਦੇ ਦੇਖਿਆ।
ਉਨ੍ਹਾਂ ਨੇ ਉਥੇ ਰੁਕ ਕੇ ਇਕ ਕਾਰ  ਵਾਲੇ ਨੂੰ ਉਨ੍ਹਾਂ ਨੂੰ ਹਸਪਤਾਲ ਛੱਡ ਦੇਣ ਲਈ ਕਿਹਾ ਪਰ ਉਹ ਮੰਨ ਨਹੀਂ ਰਿਹਾ ਸੀ। ਜਦੋਂ ਪ੍ਰਿਤਪਾਲ ਨੇ ਉਸ ਨੂੰ ਆਪਣਾ ਪਛਾਣ ਪੱਤਰ ਦਿਖਾਇਆ, ਤਾਂ ਕਿਤੇ ਉਹ ਜ਼ਖ਼ਮੀਅਾਂ ਨੂੰ ਹਸਪਤਾਲ ਲਿਜਾਣ ਲਈ ਰਾਜ਼ੀ ਹੋਇਆ ਅਤੇ ਜ਼ਖ਼ਮੀਅਾਂ ਨੂੰ ਫਰੀਦਕੋਟ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ। 
13 ਸਤੰਬਰ ਨੂੰ ਹਿਮਾਚਲ ਹਾਈਕੋਰਟ ਦੇ ਕਾਰਜਕਾਰੀ ਮੁੱਖ ਜੱਜ ਸ਼੍ਰੀ ਸੰਜੇ ਕਰੋਲ ਨੇ ਸ਼ਿਮਲਾ ’ਚ ਅਦਾਲਤ ਨੂੰ ਜਾਂਦਿਅਾਂ ਮਿਰਗੀ ਦਾ ਦੌਰਾ ਪੈਣ ਕਾਰਨ ਜ਼ਮੀਨ ’ਤੇ ਡਿਗੇ ਸ਼ੋਘੀ ਪਿੰਡ ਦੇ ਇੰਦਰਦੇਵ ਸ਼ਰਮਾ ਨੂੰ ਤੜਫਦੇ ਦੇਖਿਆ। ਉਸ ਦੇ ਆਲੇ-ਦੁਆਲੇ ਲੋਕ ਖੜ੍ਹੇ ਸਨ, ਜੋ ਉਸ ਦੀ ਸਹਾਇਤਾ ਕਰਨ ਦੀ  ਬਜਾਏ ਵੀਡੀਓ ਬਣਾ ਰਹੇ ਸਨ। 
ਸ਼੍ਰੀ ਕਰੋਲ ਨੇ ਆਪਣੀ ਕਾਰ ਰੁਕਵਾ ਕੇ ਉਸ ਨੂੰ ਇਲਾਜ ਲਈ ਆਪਣੀ ਕਾਰ ’ਚ ਆਈ. ਜੀ. ਐੱਮ. ਸੀ. ਭਿਜਵਾਇਆ ਤੇ ਖ਼ੁਦ ਚੜ੍ਹਾਈ ਵਾਲੇ ਰਸਤੇ ’ਤੇ ਪੈਦਲ ਹੀ ਅਦਾਲਤ ਵੱਲ ਚੱਲ ਪਏ। ਉਹ ਇਕ ਕਿਲੋਮੀਟਰ ਚੱਲ ਚੁੱਕੇ ਹੋਣਗੇ, ਜਦੋਂ ਉਨ੍ਹਾਂ ਦੀ ਕਾਰ ਵਾਪਸ ਆਈ ਅਤੇ ਫਿਰ ਉਹ ਉਸ ’ਚ  ਬੈਠ ਕੇ ਅਦਾਲਤ ਪਹੁੰਚੇ। 
ਸ਼ਿਮਲਾ ’ਚ ਪਾਣੀ ਦੇ ਸੰਕਟ ਦੌਰਾਨ ਵੀ ਸ਼੍ਰੀ ਕਰੋਲ ਨਿੱਜੀ ਤੌਰ ’ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼ਿਮਲਾ ਦੇ ਵੱਖ-ਵੱਖ ਇਲਾਕਿਅਾਂ ’ਚ ਘੁੰਮਦੇ ਰਹਿੰਦੇ ਸਨ। 
ਜਿਥੇ ਸ਼੍ਰੀ ਆਸਤਿਕ ਕੁਮਾਰ ਪਾਂਡੇ ਨੇ ਗੰਦੀਅਾਂ ਕੰਧਾਂ ਖ਼ੁਦ ਸਾਫ ਕਰ ਕੇ ਆਪਣੇ ਫਰਜ਼ ਪ੍ਰਤੀ ਵਫ਼ਾਦਾਰੀ ਅਤੇ ਸਵੱਛ ਭਾਰਤ ਦਾ ਸੰਦੇਸ਼ ਦਿੱਤਾ ਹੈ, ਉਥੇ ਹੀ ਸਰਵਸ਼੍ਰੀ ਅਨਿਲ ਕੁਮਾਰ ਪਾਠਕ, ਪ੍ਰਿਤਪਾਲ ਸਿੰਘ ਅਤੇ ਸੰਜੇ ਕਰੋਲ ਨੇ ਦੁਖੀਅਾਂ ਦੀ ਸੇਵਾ ਦੀ ਅਮਲਯੋਗ ਮਿਸਾਲ ਪੇਸ਼ ਕੀਤੀ ਹੈ। 
ਜੇ ਇਹ ਅਜਿਹਾ ਕਰ ਸਕਦੇ ਹਨ ਤਾਂ ਭਲਾ ਦੂਜੇ ਲੋਕ ਕਿਉਂ ਨਹੀਂ? ਜੇ ਇਨ੍ਹਾਂ ਲੋਕਾਂ ਵਾਂਗ ਸਾਰੇ ਦੂਜਿਅਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਣ ਲੱਗ ਪੈਣ ਤਾਂ ਸਮਾਜ ’ਚ ਲੋਕਾਂ ਦੀ ਪੀੜ ਕਿਸੇ ਹੱਦ ਤਕ ਜ਼ਰੂਰ ਘੱਟ ਹੋ ਸਕਦੀ ਹੈ।                              –ਵਿਜੇ ਕੁਮਾਰ


Related News