ਨਨ ਦੀ ਸ਼ਿਕਾਇਤ ਦਾ ਅਸਰ ਵੈਟੀਕਨ ਤੱਕ ਪਹੁੰਚਿਆ

09/14/2018 2:28:47 PM

ਵੈਟੀਕਨ ਸਿਟੀ (ਏਜੰਸੀ)— ਬਿਸ਼ਪ ਫ੍ਰੈਂਕੋ ਮੁਲੱਕਲ ਵਿਰੁੱਧ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਾਉਣ ਵਾਲੀ ਕੇਰਲ ਦੀ ਨਨ ਨੂੰ ਲੜਨ ਦੀ ਤਾਕਤ ਸ਼ਾਇਦ ਆਪਣੇ ਮਰਹੂਮ ਪਿਤਾ ਤੋਂ ਮਿਲੀ, ਜਿਨ੍ਹਾਂ ਨੇ ਅਰਧ ਸੈਨਿਕ ਬਲਾਂ ਦੀ ਸੇਵਾ ਕੀਤੀ ਸੀ। ਉਹ ਇਹ ਗੱਲ ਚੰਗੀ ਤਰਾਂ ਜਾਣਦੀ ਹੈ ਕਿ ਇਹ ਲੜਾਈ ਮਾਮੂਲੀ ਅਤੇ ਛੋਟੀ ਨਹੀਂ ਹੈ। ਆਪਣੇ ਭੈਣ-ਭਰਾਵਾਂ ਦੀ ਮਦਦ ਨਾਲ ਉਸ ਨੇ ਇਹ ਸਾਹਸੀ ਕਦਮ ਚੁੱਕਿਆ ਅਤੇ ਆਪਣੀ ਆਵਾਜ਼ ਨੂੰ ਵੈਟੀਕਨ ਤੱਕ ਪਹੁੰਚਾਇਆ। ਨਨ ਦੇ ਇਕ ਰਿਸ਼ਤੇਦਾਰ ਨੇ ਸਮਾਚਾਰ ਏਜੰਸੀ ਨੂੰ ਦੱਸਿਆ,''ਉਹ ਬਚਪਨ ਤੋਂ ਹੀ ਇਕ ਨਨ ਬਣਨਾ ਚਾਹੁੰਦੀ ਸੀ। ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਸਾਲ 1993 ਵਿਚ ਪੰਜਾਬ ਆਈ। ਉਹ ਸਾਲ 1994 ਵਿਚ ਯੀਸ਼ੂ ਦੀ ਮਿਸ਼ਨਰੀ ਮੰਡਲੀ ਵਿਚ ਸ਼ਾਮਲ ਹੋ ਗਈ ਅਤੇ ਸਾਲ 1999 ਵਿਚ ਉਸ ਨੇ ਜਲੰਧਰ ਵਿਚ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ।'' 

ਨਨ ਨੇ ਦੋਸ਼ ਲਗਾਇਆ ਸੀ ਕਿ ਜਲੰਧਰ ਦੇ ਰਹਿਣ ਵਾਲੇ ਇਕ ਬਿਸ਼ਪ ਨੇ ਸਾਲ 2014 ਤੋਂ ਸਾਲ 2016 ਤੱਕ 13 ਵਾਰ ਉਸ ਦਾ ਬਲਾਤਕਾਰ ਕੀਤਾ। ਉਹ ਜਦੋਂ ਵੀ ਕੇਰਲ ਆਉਂਦੇ ਸਨ ਉਹ ਉਸ ਦਾ ਬਲਾਤਕਾਰ ਕਰਦੇ ਸਨ। ਕੁਰਵਾਲੰਗਦ ਵਿਚ ਯੀਸ਼ੂ ਮਿਸ਼ਨਰੀ ਮੰਡਲ ਦੀ ਮੈਂਬਰ 43 ਸਾਲਾ ਨਨ ਨੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਮਗਰੋਂ ਖੁਦ ਨੂੰ ਇਕ ਕਮਰੇ ਵਿਚ ਕੈਦ ਕਰ ਲਿਆ। ਨਨ ਦੀ ਭੈਣ ਨੇ ਦੱਸਿਆ,''ਪਹਿਲਾਂ ਉਹ ਬਾਹਰ ਜਾਣ ਅਤੇ ਲੋਕਾਂ ਨਾਲ ਮਿਲਣ ਤੋਂ ਵੀ ਡਰਦੀ ਸੀ। ਪਰ ਆਪਣੇ ਸਮਰਥਨ ਵਿਚ 5 ਨਨਾਂ ਦੇ ਆਉਣ ਨਾਲ ਉਸ ਨੂੰ ਆਸ ਦੀ ਇਕ ਕਿਰਨ ਮਿਲੀ ਹੈ।'' ਇਸ ਮਗਰੋਂ ਉਸ ਵਿਚ ਤਬਦੀਲੀ ਦੇਖਣ ਨੂੰ ਮਿਲੀ। ਹੁਣ ਉਸ ਨੇ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ ਹੈ। 

ਕੋਚੀ ਜਿੱਥੇ ਸਾਥੀ ਨਨਾਂ ਨੇ ਆਪਣਾ ਵਿਰੋਧ ਸ਼ੁਰੂ ਕੀਤਾ ਹੈ ਉਹ ਜਗ੍ਹਾ ਕੁਰਵਾਲੰਗਦ ਵਿਚ ਕੌਨਵੈਂਟ ਤੋਂ 50 ਕਿਲੋਮੀਟਰ ਦੂਰ ਹੈ। ਨਨਾਂ ਨੂੰ ਵੀ ਪਤਾ ਹੈ ਉਹ ਜਿਸ ਰਸਤੇ 'ਤੇ ਚੱਲ ਰਹੀਆਂ ਹਨ ਉਹ ਸੌਖਾ ਨਹੀਂ ਹੈ। ਉਹ ਆਪਣੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹਨ। ਨਨ ਦੇ ਭਰਾ ਨੇ ਦੱਸਿਆ ਕਿ ਇਸ ਮਗਰੋਂ ਬਹੁਤ ਸਾਰੇ ਲੋਕ ਉਨ੍ਹਾਂ ਦੀ ਮਦਦ ਕਰਨ ਲਈ ਅੱਗੇ ਆਏ ਪਰ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਵਿੱਤੀ ਮਦਦ ਸਵੀਕਾਰ ਨਹੀਂ ਕੀਤੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਬਿਸ਼ਪ ਦੇ ਚੇਲਿਆਂ ਨੇ ਨਨ ਨੂੰ ਸ਼ਿਕਾਇਤ ਵਾਪਸ ਲੈਣ ਲਈ 5 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਇੱਥੇ ਦੱਸ ਦਈਏ ਕਿ ਨਨ ਦਾ ਪਰਿਵਾਰ ਕੋਡਨਾਡ ਤੋਂ ਹੈ, ਜੋ ਏਰਨਾਕੁਲਮ ਜ਼ਿਲੇ ਦੇ ਪੇਰੂਮਬੂਰ ਨੇੜੇ ਦਰਿਆਵਾਂ ਦਾ ਇਕ ਪਿੰਡ ਹੈ।


Related News