ਇਟਲੀ : ਵਿਦੇਸ਼ੀ ਕਾਮਿਆਂ ਦੇ ਹੱਕਾਂ ਲਈ ਹਜ਼ਾਰਾਂ ਲੋਕਾਂ ਨੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

09/14/2018 11:21:07 AM

ਰੋਮ, (ਕੈਂਥ)— ਇਟਲੀ ਭਰ ਦੇ ਵੱਖ-ਵੱਖ ਖੇਤਰਾਂ 'ਚ ਵਿਦੇਸ਼ੀ ਕਾਮਿਆਂ ਦੇ ਕੀਤੇ ਜਾ ਰਹੇ ਸੋਸ਼ਣ ਨੂੰ ਠੱਲ ਪਾਉਣ, ਵਿਦੇਸ਼ੀ ਕਾਮਿਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਅਤੇ ਸਨਮਾਨ ਦੇਣ ਸਬੰਧੀ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਰਤੀ ਭਾਈਚਾਰੇ ਦੇ ਸੂਬਾ ਲਾਸੀਓ ਦੀ ਸਿਰਮੌਰ ਮਜ਼ਦੂਰ ਜੱਥੇਬੰਦੀ 'ਇੰਡੀਅਨ ਕਮਿਊਨਿਟੀ ਇਨ ਲਾਸੀਓ' ਵੱਲੋਂ ਵਿਦੇਸ਼ੀ ਕਾਮਿਆਂ ਨੂੰ ਇਟਲੀ ਦੇ ਪੇਪਰ ਦੇਣ ਸਬੰਧੀ ਵੀ ਮੁੱਦਾ ਚੁੱਕਿਆ ਗਿਆ। ਇਨ੍ਹਾਂ ਦੇ ਨਾਲ ਹੀ ਸੀ. ਜੀ. ਆਈ. ਐੱਲ. ਫਲਾਈ ਰੋਮਾ, ਲਾਸੀਓ, ਸੀ. ਜੀ. ਆਈ. ਐੱਲ. ਰੋਮਾ, ਲਾਸੀਓ ਅਤੇ ਕੋਪਰਾਤੀਵਾ ਇਮੀਗਰਾਸ਼ੀਓਨੇ ਇਤਾਲੀਆ ਸੰਸਥਾਵਾਂ ਵਲੋਂ ਵੀ ਸਹਿਯੋਗ ਪਾਇਆ ਗਿਆ।

PunjabKesari
ਵਿਦੇਸ਼ੀ ਕਾਮਿਆਂ ਦੇ ਹੱਕ ਵਿੱਚ ਕੀਤੇ ਗਏ ਇਸ ਵਿਸ਼ਾਲ ਰੋਸ ਪ੍ਰਦਰਸ਼ਨ ਦਾ ਕਾਫ਼ਲਾ ਸਾਇਕਲਾਂ ਰਾਹੀਂ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ (ਲਾਤੀਨਾ) ਤੋਂ ਸ਼ੁਰੂ ਹੋ ਕੇ ਸਾਰੇ ਬੋਰਗੋ ਹਰਮਾਦਾ ਦੀਆਂ ਗਲੀਆ ਵਿੱਚ ਘੁੰਮਦਾ ਹੋਇਆ ਮੁੱਖ ਚੌਂਕ ਵਿੱਚ ਸਮਾਪਤ ਹੋਇਆ। ਇੰਡੀਅਨ ਕਮਿਊਨਿਟੀ ਇਨ ਲਾਸੀਓ ਦੇ ਪ੍ਰਧਾਨ ਸ. ਗੁਰਮੁੱਖ ਸਿੰਘ ਹਜ਼ਾਰਾ ਨੇ ਲੋਕਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਸੂਬੇ ਦੇ ਸਮੁੱਚੇ ਮਜ਼ਦੂਰ ਵਰਗ ਨੂੰ ਆਪਣੇ ਹੱਕ ਅਤੇ ਅਧਿਕਾਰਾਂ ਲਈ ਜਾਗੂਰਕ ਹੋਣ ਦੀ ਸਖ਼ਤ ਲੋੜ ਹੈ । ਉਨ੍ਹਾਂ ਕਿਹਾ ਕਿ ਵਿਦੇਸ਼ੀ ਕਾਮਿਆਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਨ੍ਹਾਂ ਵਲੋਂ ਇਟਲੀ 'ਚ ਖਾਸ ਯੋਗਦਾਨ ਦਿੱਤਾ ਜਾ ਰਿਹਾ ਹੈ।

 PunjabKesari
ਗੁਰਮੁੱਖ ਸਿੰਘ ਹਜ਼ਾਰਾ ਨੇ ਉਨ੍ਹਾਂ ਤਮਾਮ ਘਟਨਾਵਾਂ ਦੀ ਸਖ਼ਤ ਨਿਖੇਧੀ ਕੀਤੀ, ਜਿਨ੍ਹਾਂ ਵਿੱਚ ਕੁਝ ਇਟਾਲੀਅਨ ਲੋਕ ਵਿਦੇਸ਼ੀ ਕਾਮਿਆਂ ਨਾਲ ਹਿੰਸਕ ਵਿਵਹਾਰ ਕਰਦੇ ਹਨ ਤੇ ਵਿਦੇਸ਼ੀ ਕਾਮਿਆਂ ਨੂੰ ਉਨ੍ਹਾਂ ਦਾ ਬਣਦਾ ਮਿਹਨਤਾਨਾ ਦੇਣ ਤੋਂ ਬਚਦੇ ਹਨ। ਉਨ੍ਹਾਂ ਸਥਾਨਕ ਪ੍ਰਸ਼ਾਸ਼ਨ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਦੇਸ਼ੀ ਕਾਮਿਆਂ ਦਾ ਇਟਲੀ ਦੀ ਤਰੱਕੀ ਵਿੱਚ ਬਹੁਤ ਵੱਡਾ ਹੱਥ ਹੈ , ਇਸ ਲਈ ਪ੍ਰਸ਼ਾਸ਼ਨ ਤੇ ਸਰਕਾਰ ਨੂੰ ਇਨ੍ਹਾਂ ਪ੍ਰਤੀ ਪੂਰੀ ਤਰ੍ਹਾਂ ਸੰਜੀਦਾ ਹੋਣਾ ਚਾਹੀਦਾ ਹੈ। ਇਸ ਰੋਸ ਪ੍ਰਦਰਸ਼ਨ ਨੂੰ ਸੁਜਾਨਾ ਕਮੂਸੋ ਡਾਇਰੈਕਟਰ ਸੀ. ਜੀ. ਆਈ. ਐੱਲ. ਅਤੇ ਸ੍ਰੀਮਤੀ ਈਵਾਨਾ ਗਾਲੀ (ਡਾਇਰੈਕਟਰ ਸੀ. ਜੀ. ਆਈ. ਐੱਲ. ਫਲਾਈ) ਤੋਂ ਇਲਾਵਾ ਭਾਰਤੀ ਭਾਈਚਾਰੇ ਦੇ ਕਈ ਨਾਮੀ ਆਗੂਆਂ ਨੇ ਵੀ ਸੰਬੋਧਤ ਕੀਤਾ।


Related News