ਪੋਪ ਫਰਾਂਸਿਸ ਨੇ ਸਾਰੇ ਬਿਸ਼ਪ ਪ੍ਰਧਾਨਾਂ ਨੂੰ ਕੀਤਾ ਤਲਬ

09/13/2018 6:09:35 PM

ਵੈਟੀਕਨ ਸਿਟੀ (ਏਜੰਸੀ)— ਪੋਪ ਫਰਾਂਸਿਸ ਨੇ ਦੁਨੀਆ ਭਰ ਦੇ ਸਾਰੇ ਬਿਸ਼ਪ ਪ੍ਰਧਾਨਾਂ ਨੂੰ ਅਗਲੇ ਸਾਲ ਫਰਵਰੀ 'ਚ ਹੋਣ ਵਾਲੇ ਸੰਮੇਲਨ 'ਚ ਤਲਬ ਕੀਤਾ ਹੈ। ਇਸ ਸੰਮੇਲਨ ਵਿਚ ਪਾਦਰੀਆਂ ਵਲੋਂ ਕੀਤੇ ਗਏ ਯੌਨ ਸ਼ੋਸ਼ਣ ਅਤੇ ਬੱਚਿਆਂ ਦੀ ਸੁਰੱਖਿਆ 'ਤੇ ਚਰਚਾ ਹੋਵੇਗੀ। ਫਰਾਂਸਿਸ ਦੇ ਮੁਖੀ ਕਾਰਡੀਨਲ ਸਲਾਹਕਾਰਾਂ ਨੇ ਬੁੱਧਵਾਰ ਨੂੰ ਇਸ ਫੈਸਲੇ ਦਾ ਐਲਾਨ ਕੀਤਾ। ਇਸ ਤੋਂ ਇਕ ਦਿਨ ਬਾਅਦ ਪੋਪ ਅਮਰੀਕੀ ਕੈਥੋਲਿਕ ਚਰਚ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਅਮਰੀਕਾ ਦੇ ਕੈਥੋਲਿਕ ਚਰਚ ਦੇ ਨੇਤਾਵਾਂ ਦੇ ਅਕਸ ਨੂੰ ਦਹਾਕਿਆਂ ਤੋਂ ਚਰਚ ਵਿਚ ਚੱਲ ਰਹੇ ਯੌਨ ਅਪਰਾਧਾਂ ਦੇ ਦੋਸ਼ਾਂ ਅਤੇ ਉਸ ਨੂੰ ਢਕਣ ਦੀ ਕੋਸ਼ਿਸ਼ ਦੇ ਹਾਲ ਹੀ ਦੇ ਮਾਮਲੇ ਤੋਂ ਧੱਕਾ ਲੱਗਾ ਹੈ। ਫਰਵਰੀ 21 ਤੋਂ 24 ਦਰਮਿਆਨ ਵੈਟੀਕਨ ਵਿਚ ਹੋਣ ਵਾਲਾ ਸੰਮੇਲਨ ਆਪਣੀ ਤਰ੍ਹਾਂ ਦਾ ਪਹਿਲਾ ਸੰਮੇਲਨ ਮੰਨਿਆ ਜਾ ਰਿਹਾ ਹੈ। 

ਵੈਟੀਕਨ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਨ ਕਾਨਫਰੰਸ ਆਫ ਕੈਥੋਲਿਕ ਬਿਸ਼ਪ ਦੇ ਪ੍ਰਧਾਨ ਕਾਰਡੀਨਲ ਡੇਨੀਅਲ ਡਿਨਾਰਡੋ ਇਸ ਬੈਠਕ ਦੀ ਪ੍ਰਧਾਨਗੀ ਕਰਨਗੇ। ਜ਼ਿਕਰਯੋਗ ਹੈ ਕਿ ਆਰਕਬਿਸ਼ਪ ਕਾਰਲੋ ਮਾਰੀਆ ਵਿਗਾਨੋ ਨੇ ਪਿਛਲੇ ਮਹੀਨੇ ਇਹ ਕਹਿ ਕੇ ਸਨਸਨੀ ਮਚਾ ਦਿੱਤੀ ਸੀ ਕਿ ਪੋਪ ਫਰਾਂਸਿਸ ਨੇ ਅਮਰੀਕੀ ਕਾਰਡੀਨਲ ਟੀ. ਮੈਕਕੈਰਿਕ ਵਿਰੁੱਧ ਯੌਨ ਸ਼ੋਸ਼ਣ ਦੇ ਦੋਸ਼ਾਂ ਨੂੰ ਵਿਅਕਤੀਗਤ ਤੌਰ 'ਤੇ 5 ਸਾਲਾਂ ਤਕ ਅਣਡਿੱਠ ਕੀਤਾ। ਇਸ ਦੇ ਨਾਲ ਹੀ ਵਿਗਾਨੋ ਨੇ ਪੋਪ ਨੂੰ ਅਹੁਦੇ ਤੋਂ ਹਟਾਉਣ ਦੀ ਵੀ ਮੰਗ ਕੀਤੀ ਸੀ।


Related News